ਹੁਣ ਨੀਲੇ ਰੰਗ ਦੀ ਬਰਫ ਬਾਜ਼ਾਰ ''ਚ ਆਵੇਗੀ ਨਜ਼ਰ, 1 ਜੂਨ ਤੋਂ ਨੋਟੀਫਿਕੇਸ਼ਨ ਹੋਵੇਗਾ ਲਾਗੂ

05/25/2018 3:14:17 PM

ਤਰਨਤਾਰਨ (ਰਮਨ) : ਫੂਡ ਸੇਫਟੀ ਅਥਾਰਟੀ ਆਫ ਇੰਡੀਆ ਨੇ ਨਵਾਂ ਫਰਮਾਨ ਜਾਰੀ ਕਰ ਦਿੱਤਾ ਹੈ, ਜੋ 1 ਜੂਨ ਤੋਂ ਬਰਫ ਤਿਆਰ ਕਰ ਕੇ ਵੇਚਣ ਵਾਲਿਆਂ 'ਤੇ ਇੰਨ-ਬਿੰਨ ਲਾਗੂ ਕੀਤਾ ਜਾ ਰਿਹਾ ਹੈ, ਜਿਸ ਸਬੰਧੀ ਹੁਣ ਬਰਫ ਦਾ ਕਾਰੋਬਾਰ ਕਰਨ ਵਾਲੇ ਸਮੂਹ ਕਾਰਖਾਨਿਆਂ 'ਤੇ ਨੀਲੇ ਅਤੇ ਸਫੈਦ ਰੰਗ ਦੀ ਬਰਫ ਵਿਕਦੀ ਨਜ਼ਰ ਆਇਆ ਕਰੇਗੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਕਮਿਸ਼ਨਰ ਫੂਡ ਡਾ. ਗੁਰਪ੍ਰੀਤ ਸਿੰਘ ਪੰਨੂ ਨੇ ਸਿਵਲ ਸਰਜਨ ਦਫਤਰ 'ਚ ਦੱਸਿਆ ਕਿ ਫੂਡ ਸੇਫਟੀ ਅਥਾਰਟੀ ਆਫ ਇੰਡੀਆ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੋ 1 ਜੂਨ ਤੋਂ ਲਾਗੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਰਫ ਦਾ ਕਾਰੋਬਾਰ ਕਰਨ ਵਾਲੇ ਹੁਣ ਇੰਡੀਗੋ ਕੈਰਮਾਈਨ ਸਾਲਟ ਨਾਲ ਨੀਲੇ ਰੰਗ ਦੀ ਬਰਫ ਤਿਆਰ ਕਰਨਗੇ ਜੋ ਖਾਣ-ਪੀਣ ਦੀਆਂ ਵਸਤੂਆਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਬਾਹਰੀ ਤੌਰ 'ਤੇ ਵਰਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਨੀਲੇ ਰੰਗ ਦੀ ਬਰਫ ਨੂੰ ਖਾਣ ਲਈ ਨਹੀਂ ਵਰਤਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਟਰਾਂਸਪੇਰੈਂਟ (ਸਫੈਦ) ਬਰਫ ਨੂੰ ਹੀ ਖਾਣਯੋਗ ਵਸਤੂਆਂ ਲਈ ਵਰਤਿਆ ਜਾਵੇਗਾ। ਇਸ ਸਬੰਧੀ ਉਨ੍ਹਾਂ ਵੱਲੋਂ ਅੱਜ ਸਥਾਨਕ ਸ਼ਹਿਰ ਦੇ ਕੁਝ ਬਰਫ ਕਾਰਖਾਨਿਆਂ ਦੇ ਮਾਲਕਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਬਰਫ ਨੂੰ ਤਿਆਰ ਕਰਨ ਸਮੇਂ ਸਾਫ ਫਿਲਟਰ ਪਾਣੀ ਦੀ ਵਰਤੋਂ ਕਰਨ, ਬਰਫ ਦੇ ਸੱਚੇ ਜੰਗਾਲੇ ਨਾ ਹੋਣ, ਬਰਫ ਤਿਆਰ ਕਰਨ ਵਾਲਾ ਕਾਰੀਗਰ ਤੰਦਰੁਸਤ ਹੋਵੇ, ਸਿਰ 'ਤੇ ਟੋਪੀ ਅਤੇ ਹੱਥਾਂ 'ਚ ਦਸਤਾਨੇ ਪਾਏ ਹੋਣ। ਉਨ੍ਹਾਂ ਦੱਸਿਆ ਕਿ ਸਮੂਹ ਬਰਫ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਸਿਹਤ ਵਿਭਾਗ ਕੋਲੋਂ ਰਜਿਸਟਰੇਸ਼ਨ ਅਤੇ ਲਾਇਸੈਂਸ ਜ਼ਰੂਰ ਬਣਵਾਏ ਜਾਣ। ਇਸ ਮੌਕੇ ਫੂਡ ਸੇਫਟੀ ਅਫਸਰ ਅਸ਼ਵਨੀ ਕੁਮਾਰ ਵੀ ਹਾਜ਼ਰ ਸਨ। 
 


Related News