ਟੂਟੀਆਂ ਠੀਕ ਕਰਵਾਉਣ ਦੀ ਬਜਾਏ ਪਾਣੀ ਦੀਆਂ ਪਾਈਪਾਂ ਕੀਤੀਅਾਂ ਬੰਦ

Wednesday, May 23, 2018 - 07:45 AM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) - ‘ਜਗ ਬਾਣੀ’ ਵਿਚ ਸੋਮਵਾਰ ਦੇ ਅੰਕ ਵਿਚ ਪ੍ਰਕਾਸ਼ਿਤ  ਹੋਈ ਖਬਰ ਕਿ ਟੂਟੀਆਂ ਟੁੱਟੀਆਂ ਹੋਣ ਕਾਰਨ ਸਬਜ਼ੀ ਮੰਡੀ ਅਤੇ ਮਾਰਕੀਟ ਕਮੇਟੀ ਵਿਚ ਬੇਸ਼ਕੀਮਤੀ ਪਾਣੀ ਖਰਾਬ ਹੋ ਰਿਹਾ ਹੈ, ਦਾ ਮਾਰਕੀਟ ਕਮੇਟੀ ਨੇ ਨੋਟਿਸ ਤਾਂ ਜ਼ਰੂਰ ਲਿਆ ਪਰ ਮੁਸ਼ਕਲ  ਹੱਲ ਕਰਨ ਦੀ ਬਜਾਏ ਵਧਾ ਦਿੱਤੀ। ‘ਨਾ ਰਹੇਗਾ ਬਾਂਸ ਨਾ ਵੱਜੇਗੀ ਬਾਂਸੁਰੀ’ ਦੀ  ਤਰਜ਼  ’ਤੇ ਟੂਟੀਆਂ ਨੂੰ ਠੀਕ ਕਰਵਾਉਣ ਦੀ ਬਜਾਏ ਪਾਣੀ ਦੀਆਂ ਪਾਈਪਾਂ ਨੂੰ ਨਿੱਪਲ ਲਾ ਕੇ ਬੰਦ  ਕਰ ਦਿੱਤਾ ਗਿਅਾ, ਜਿਸ ਕਾਰਨ ਅਨਾਜ ਮੰਡੀ ਦੇ ਲੋਕਾਂ ਦੀਆਂ ਮੁਸ਼ਕਲਾਂ ਹੁਣ ਹੋਰ  ਵਧ ਗਈਆਂ ਹਨ, ਜਿਸ ਕਾਰਨ ਉਨ੍ਹਾਂ ’ਚ ਰੋਸ ਪਾਇਆ  ਜਾ ਰਿਹਾ ਹੈ। ਅਨਾਜ ਮੰਡੀ ’ਚ ਕਾਫੀ ਗਿਣਤੀ ’ਚ ਝੁੱਗੀਆਂ-ਝੌਂਪਡ਼ੀਆਂ ਵਾਲੇ ਵੀ ਰਹਿੰਦੇ ਹਨ, ਜੋ ਆਪਣੀ ਜ਼ਰੂਰਤ ਪੂਰੀ ਕਰਨ ਲਈ ਉਕਤ ਟੂਟੀਅਾਂ ਦੇ ਆਸਰੇ ਸਨ ਅਤੇ ਅੱਜ-ਕੱਲ ਪੈ ਰਹੀ ਅੱਤ ਦੀ ਗਰਮੀ ’ਚ ਪਾਣੀ ਨਾ ਮਿਲਣ ਕਾਰਨ ਬੇਹਾਲ ਹਨ।ਮੰਡੀ ’ਚ ਦੁਕਾਨਦਾਰ ਅਤੇ ਲੇਬਰ ਵੀ ਇਨ੍ਹਾਂ ਟੂਟੀਆਂ ਵਿਚੋਂ ਹੀ ਪਾਣੀ ਭਰਦੀ ਸੀ। ਪਾਣੀ ਦੀਆਂ ਪਾਈਪਾਂ ਬੰਦ ਹੋਣ ਕਾਰਨ ਹੁਣ ਅਨਾਜ ਮੰਡੀ ’ਚ ਪਾਣੀ ਮਿਲਣਾ ਮੁਸ਼ਕਲ ਹੋ ਗਿਆ ਹੈ।

ਪਾਣੀ ਵਰਗੀ ਬੁਨਿਆਦੀ ਸਹੂਲਤ ਨੂੰ ਬੰਦ ਕਰਨਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ

ਸੀਨੀਅਰ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਕਿਹਾ ਕਿ ਪਾਣੀ ਪਹਿਲੀ ਬੁਨਿਆਦੀ ਸੁਵਿਧਾ ਹੈ। ਅੱਜ-ਕੱਲ  ਜਦੋਂ  ਅੱਤ  ਦੀ ਗਰਮੀ ਪੈ ਰਹੀ ਹੈ  ਤਾਂ ਮਾਰਕੀਟ ਕਮੇਟੀ ਨੇ ਪਾਣੀ ਦੀਆਂ ਟੂਟੀਆਂ ਬੰਦ ਕਰ ਕੇ ਬਹੁਤ ਹੀ ਗਲਤ ਕੀਤਾ ਹੈ।ਮਾਰਕੀਟ ਕਮੇਟੀ ਨੂੰ ਪਾਣੀ ਦੀਆਂ ਪਾਈਪਾਂ ਬੰਦ ਕਰਨ ਦੀ ਬਜਾਏ ਟੂਟੀਆਂ  ਠੀਕ ਕਰਵਾਉਣੀਅਾਂ ਚਾਹੀਦੀਅਾਂ  ਸਨ। ਕਈ ਸਮਾਜ ਸੇਵੀ ਸੰਸਥਾਵਾਂ ਤਾਂ ਗਰਮੀ ’ਚ ਪਾਣੀ ਦੀਆਂ ਛਬੀਲਾਂ ਲਾਉਂਦੀਅਾਂ ਹਨ   ਅਤੇ  ਦੂਜੇ  ਪਾਸੇ ਮਾਰਕੀਟ ਕਮੇਟੀ ਪਾਣੀ ਦੀ ਸਪਲਾਈ ਹੀ ਬੰਦ ਕਰ  ਰਹੀ  ਹੈ, ਜੋ ਕਿ ਹੈਰਾਨੀ ਦੀ ਗੱਲ ਹੈ।


Related News