ਰੂਪਨਗਰ ਸ਼ਹਿਰ ''ਚ ਲੂ ਚੱਲਣ ਕਾਰਨ ਲੋਕਾਂ ਦਾ ਜਿਊਣਾ ਹੋਇਆ ਬੇਹਾਲ

Monday, May 28, 2018 - 04:55 PM (IST)

ਰੂਪਨਗਰ ਸ਼ਹਿਰ ''ਚ ਲੂ ਚੱਲਣ ਕਾਰਨ ਲੋਕਾਂ ਦਾ ਜਿਊਣਾ ਹੋਇਆ ਬੇਹਾਲ

ਰੂਪਨਗਰ, (ਵਿਜੇ)— ਇਸ ਸਾਲ ਰੂਪਨਗਰ ਖੇਤਰ ਵਿਚ ਭਾਰੀ ਗਰਮੀ ਪੈਣ ਕਾਰਨ ਲੋਕਾਂ ਦਾ ਜੀਵਨ ਬੇਹਾਲ ਹੋ ਗਿਆ ਹੈ। ਦੁਪਹਿਰ ਦੇ ਸਮੇਂ ਰੂਪਨਗਰ ਸ਼ਹਿਰ ਦੇ ਬਾਜ਼ਾਰਾਂ 'ਚ ਸਨਾਟਾ ਛਾ ਜਾਂਦਾ ਹੈ ।  ਸ਼ਹਿਰ ਦਾ ਤਾਪਮਾਨ 42 ਡਿਗਰੀ ਸੈਲੀਅਸ ਤੋਂ ਪਾਰ ਹੋ ਗਿਆ ਹੈ ਅਤੇ ਗਰਮੀ ਕਾਰਨ ਲੂ ਚੱਲ ਰਹੀ ਹੈ। ਲੋਕ ਦੁਪਹਿਰ ਦੇ ਸਮੇਂ ਆਪਣੇ ਘਰਾਂ ਵਿਚ ਬੈਠਣਾ ਹੀ ਉਚਿਤ ਸਮਝਦੇ ਹਨ, ਜਿਸ ਕਾਰਨ ਬਾਜ਼ਾਰਾਂ ਵਿਚ ਸਨਾਟਾ ਛਾ ਜਾਂਦਾ ਹੈ। ਕੁੱਝ ਦੁਕਾਨਦਾਰ ਦੁਪਹਿਰ ਦੇ ਸਮੇਂ ਆਪਣੀਆਂ ਦੁਕਾਨਾਂ ਬੰਦ ਕਰਕੇ ਘਰ ਆਰਾਮ ਕਰਨ ਚਲੇ ਜਾਂਦੇ ਹਨ ਅਤੇ ਸ਼ਾਮ ਦੇ ਸਮੇਂ ਮੁੜ ਦੁਕਾਨਾਂ ਖੋਲ੍ਹਦੇ ਹਨ। ਗਰਮੀ 'ਚ ਪਸ਼ੂ ਪੰਛੀਆਂ ਦੀ ਹਾਲਤ ਵੀ ਕਾਫੀ ਖਰਾਬ ਨਜ਼ਰ ਆ ਰਹੀ ਹੈ। ਉਹ ਵੀ ਛਾਂਦਾਰ ਦਰੱਖਤਾਂ ਦਾ ਸਹਾਰਾ ਲੱਭਦੇ ਫਿਰਦੇ ਹਨ। ਕੁੱਝ ਲੋਕ ਠੰਡਾ ਪਾਣੀ ਰੱਖਣ ਲਈ ਮਿੱਟੀ ਦੇ ਘੜੇ ਅਤੇ ਬਰਤਨ ਖਰੀਦਦੇ ਦੇਖੇ ਗਏ ਹਨ, ਕਿਉਂਕਿ ਉਹ ਫਰਿੱਜ ਦੀ ਕੀਮਤ ਤੇ ਬਿਜਲੀ ਦਾ ਬਿੱਲ ਕਰਨ 'ਚ ਅਸਮਰਥ ਹਨ। ਜ਼ਿਆਦਾਤਰ ਲੋਕ ਗਰਮੀ ਦੇ ਇਸ ਮੌਸਮ ਵਿਚ ਸ਼ਹਿਰ ਤੋਂ ਗੁਜ਼ਰ ਰਹੀ ਸਰਹਿੰਦ ਨਹਿਰ ਦੇ ਨਜ਼ਦੀਕ ਲੱਗਦੀਆਂ ਗਲੀਆਂ ਵਿਚ ਹੈਂਡਪੰਪਾਂ ਦੁਆਰਾ ਨਹਾਉਂਦੇ ਨਜ਼ਰ ਆ ਰਹੇ ਹਨ ਅਤੇ ਕੁੱਝ ਲੋਕ ਆਪਣੇ ਪਸ਼ੂਆਂ ਨੂੰ ਵੀ ਨਹਿਰ ਵਿਚ ਨਹਾਅ ਕੇ ਲੈ ਜਾਂਦੇ ਹਨ। ਨਗਰ ਦੀਆਂ ਕੁੱਝ ਐਨਜੀਓਜ਼ ਲੋਕਾਂ ਨੂੰ ਗਲੋਬਲ ਵਾਰਮਿੰਗ ਲਈ ਜਾਗਰੂਕ ਕਰ ਰਹੀਆਂ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਅਸੀਂ ਵਾਤਾਵਰਨ ਨੂੰ ਖਰਾਬ ਕਰਦੇ ਰਹਾਂਗੇ ਉਦੋਂ ਤੱਕ ਸਾਡੇ ਖੇਤਰਾਂ ਵਿਚ ਗਰਮੀ ਹੋਰ ਵਧਦੀ ਜਾਵੇਗੀ ਅਤੇ ਅਸੀਂ ਆਉਣ ਵਾਲੀਆਂ ਨਸਲਾਂ ਲਈ ਖਰਾਬ ਵਾਤਾਵਰਨ ਪੈਦਾ ਕਰ ਰਹੇ ਹਾਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਲਾਸਟਿਕ ਦਾ ਪ੍ਰਯੋਗ ਘੱਟ ਕਰਨ, ਡੀਜ਼ਲ ਪੈਟਰੋਲ ਦੀ ਖ਼ਪਤ ਵੀ ਘੱਟ ਕਰਨ, ਦਰੱਖਤਾਂ ਨੂੰ ਬਚਾਉਣ, ਨਵੇਂ ਦਰੱਖਤ ਲਗਾਉਣ ਤਾਂਕਿ ਵਾਤਾਵਰਨ ਨੂੰ ਸੁਰੱਖਿਅਤ ਕੀਤਾ ਜਾ ਸਕੇ। ਗਰਮੀ ਦੇ ਇਸ ਮੌਸਮ ਵਿਚ ਲੋਕ ਸ਼ਿਕੰਜਵੀ ਵਧੇਰੇ ਪੀ ਰਹੇ ਹਨ ਜਿਸ ਕਾਰਨ ਬਾਜ਼ਾਰ ਵਿਚ ਨਿੰਬੂ ਅਤੇ ਬਰਫ ਦਾ ਭਾਅ ਵਧ ਗਿਆ ਹੈ ਅਤੇ ਨਿੰਬੂ 80 ਤੋਂ 120 ਰੁਪਏ ਤੱਕ ਵਿਕ ਚੁਕਿਆ ਹੈ।


Related News