ਸਿੱਖ ਗੁਰੂ ਸਾਹਿਬਾਨ ਅਤੇ ਧਰਮ ਖਿਲਾਫ ਗਲਤ ਟਿੱਪਣੀਆਂ ਕਰਨ ਵਾਲਿਆਂ ਵਿਰੁੱਧ ਹੋਵੇਗੀ ਕਾਰਵਾਈ

05/22/2018 3:23:25 PM

ਅੰਮ੍ਰਿਤਸਰ (ਸਰਬਜੀਤ) : ਲੋਕ ਕਲਿਆਣ ਇਨਸਾਫ ਵੈੱਲਫੇਅਰ ਸੋਸਾਇਟੀ ਨਾਗਪੁਰ ਮਹਾਰਾਸ਼ਟਰ ਵੱਲੋਂ ਸਿੱਖ ਗੁਰੂ ਸਾਹਿਬਾਨਾਂ ਅਤੇ ਧਰਮ ਦੇ ਖਿਲਾਫ ਇਤਿਹਾਸ ਨੂੰ ਤੋੜ-ਮਰੋੜ ਕੇ ਕੀਤੀਆਂ ਗਈਆਂ ਗਲਤ ਟਿੱਪਣੀਆਂ ਦਾ ਸਖਤ ਨੋਟਿਸ ਲੈਂਦੇ ਹੋਏ ਪੁਲਸ ਕਮਿਸ਼ਨਰ ਨੂੰ ਪ੍ਰਕਾਸ਼ਕਾਂ ਖਿਲਾਫ ਜਾਂਚ ਕਰ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਇਕ ਮੰਗ-ਪੱਤਰ ਅੱਜ ਸੋਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਵਿਚ ਵੱਖ-ਵੱਖ ਸਿੱਖ ਵਿਦਵਾਨਾਂ ਨੇ ਪੁਲਸ ਕਮਿਸ਼ਨਰ ਨੂੰ ਸੌਂਪਿਆ।
ਸਿਰਸਾ ਨੇ ਬਾਅਦ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਲੇਖਕ ਸਤਿਆਪਾਲ ਪਟਾਇਤ ਵੱਲੋਂ ਦੋ ਵੱਖ-ਵੱਖ ਛੋਟੀਆਂ ਕਿਤਾਬਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਲਿਖੀਆਂ ਗਈਆਂ। 40-40 ਪੰਨਿਆਂ ਦੀਆਂ ਇਨ੍ਹਾਂ ਕਿਤਾਬਾਂ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗਾਂ ਦਾ ਪੁਜਾਰੀ ਦੱਸਿਆ ਗਿਆ ਜਦੋਂ ਕਿ ਗੁਰੂ ਤੇਗ ਬਹਾਦਰ ਜੀ ਬਾਰੇ ਲਿਖਿਆ ਗਿਆ ਕਿ ਉਨ੍ਹਾਂ ਨੇ ਹਿੰਦੂ ਧਰਮ ਲਈ ਆਪਣੀ ਕੁਰਬਾਨੀ ਦਿੱਤੀ। ਸਿਰਸਾ ਅਨੁਸਾਰ ਸਿੱਖ ਧਰਮ ਵਿਚ ਕੁਰਬਾਨੀ ਦਾ ਸਿਧਾਂਤ ਨਹੀਂ ਹੈ ਅਤੇ ਇਸ ਵਿਚ ਸ਼ਹਾਦਤ ਦਿੱਤੀ ਜਾਂਦੀ ਹੈ। ਇਸ ਦੇ ਇਲਾਵਾ ਉਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ 'ਤੇ ਵੀ ਉਕਤ ਲੇਖਕ ਅਤੇ ਪ੍ਰਕਾਸ਼ਕ ਵੱਲੋਂ ਪ੍ਰਕਾਸ਼ਿਤ ਕਿਤਾਬ ਵਿਚ ਹੈਰਾਨੀਜਨਕ ਟਿੱਪਣੀਆਂ ਦਾ ਸਖਤ ਨੋਟਿਸ ਲਿਆ ਅਤੇ ਕਿਹਾ ਕਿ ਉਕਤ ਵਿਅਕਤੀਆਂ ਵੱਲੋਂ ਇਕ ਸਾਜ਼ਿਸ਼ ਤਹਿਤ ਗਲਤ ਨੀਅਤ ਨਾਲ ਇਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਗਈਆਂ। ਉਨ੍ਹਾਂ ਦੇ ਅਨੁਸਾਰ ਸਿੱਖ ਧਰਮ ਦੀ ਆਪਣੀ ਵੱਖਰੀ ਪਛਾਣ ਹੈ ਅਤੇ ਉਸ ਦਾ ਹਿੰਦੂ ਧਰਮ ਦੇ ਨਾਲ ਕੋਈ ਸਬੰਧ ਨਹੀਂ ਕਿਉਂਕਿ ਦੋਵਾਂ ਧਰਮਾਂ ਦੇ ਗ੍ਰੰਥ ਅਤੇ ਰੀਤੀ ਰਿਵਾਜ ਵੱਖ-ਵੱਖ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਿਤਾਬਾਂ ਵਿਚ ਜੋ ਹੈਰਾਨੀਜਨਕ ਟਿੱਪਣੀਆਂ ਕੀਤੀਆਂ ਗਈਆਂ ਉਸ ਤੋਂ ਸਮੂਹ ਸਿੱਖ ਭਾਈਚਾਰੇ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ। ਮੰਗ-ਪੱਤਰ ਵਿਚ ਸਿਰਸਾ ਵੱਲੋਂ ਜਿਥੇ ਇਨ੍ਹਾਂ ਕਿਤਾਬਾਂ ਦੇ ਪ੍ਰਕਾਸ਼ਕ ਅਤੇ ਲੇਖਕ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਉਥੇ ਹੀ ਆਰ.ਐੱਸ.ਐੱਸ. ਨੂੰ ਇਸ ਤਰ੍ਹਾਂ ਦੀ ਸਾਜ਼ਿਸ਼ ਰਚਣ ਲਈ ਇਕ ਸੰਗਠਨ ਕਰਾਰ ਦਿੱਤੇ ਜਾਣ ਸਬੰਧੀ ਸਿਫਾਰਿਸ਼ ਦੀ ਵੀ ਮੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਅਜੀਤ ਸਿੰਘ ਬਾਠ, ਰਾਜਾ ਸਿੰਘ ਮੋਹਲੇਕੀ, ਰਣਜੀਤ ਸਿੰਘ ਮਜੀਠਾ ਮੌਜੂਦ ਸਨ।


Related News