ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਪਾਦਰੀ ਕੋਲੋਂ ਪ੍ਰਾਰਥਨਾ ਕਰਵਾਉਣ ਦੀ ਸੀ. ਡੀ. ਜਥੇਦਾਰ ਨੂੰ ਸੌਂਪੀ

Wednesday, May 09, 2018 - 07:11 PM (IST)

ਅੰਮ੍ਰਿਤਸਰ (ਛੀਨਾ) : ਸ਼੍ਰੋਮਣੀ ਕਮੇਟੀ ਵਲੋਂ 523 ਮੁਲਾਜ਼ਮਾਂ ਨੂੰ ਬੇਨਿਯਮੀਆਂ ਕਰਾਰ ਦੇ ਕੇ ਨੌਕਰੀ ਤੋਂ ਫਾਰਗ ਕਰਨ ਵਾਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਇਸਾਈ ਧਰਮ ਦੇ ਪਾਦਰੀ ਕੋਲੋਂ ਪ੍ਰਾਰਥਨਾ ਕਰਵਾਉਣ ਅਤੇ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਿਲਕ ਲਗਾਉਂਦਿਆਂ ਦੀ ਸੀ.ਡੀ. ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸੌਂਪ ਕੇ ਨਿਊ ਫਲਾਵਰਜ਼ ਐਜੂਕੇਸ਼ਨ ਸੁਸਾਇਟੀ ਰਜਿ. ਦੇ ਚੇਅਰਮੈਨ ਹਰਪਾਲ ਸਿੰਘ ਯੂ.ਕੇ.ਨੇ ਉਕਤ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ 'ਚੋਂ ਫਾਰਗ ਕੀਤੇ ਗਏ ਮੁਲਾਜ਼ਮਾਂ ਦੀ ਪੈਰਵੀ ਕਰਨ ਵਾਲੇ ਹਰਪਾਲ ਸਿੰਘ ਯੂ. ਕੇ. ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਪਾਦਰੀ ਕੋਲੋਂ ਪ੍ਰਾਰਥਨਾ ਕਰਵਾਉਂਦਿਆਂ ਦੀ ਸੀ.ਡੀ. ਪੇਸ਼ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ 'ਚੋਂ ਬੇਨਿਯਮੀਆਂ ਦਾ ਬਹਾਨਾ ਬਣਾ ਕੇ ਬੇਕਸੂਰ ਮੁਲਾਜ਼ਮਾ ਦੀ ਤਾਂ ਨੌਕਰੀ ਖੋਹ ਲਈ ਹੈ ਪਰ ਇੰਨੀ ਵੱਡੀ ਸਿੱਖ ਸੰਸਥਾ ਦੇ ਮੁਖੀ ਦੀ ਖੁਦ ਪਾਦਰੀ ਕੋਲੋਂ ਪ੍ਰਾਰਥਨਾ ਕਰਵਾਉਣ ਅਤੇ ਲੋਕ ਸਭਾ ਮੈਂਬਰ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਿਲਕ ਲਗਾ ਕੇ ਭਾਰੀ ਭੁੱਲ ਕਰਨ ਦੀ ਸੀ.ਡੀ.'ਤੇ ਵੀ ਹੁਣ ਜਲਦ ਐਕਸ਼ਨ ਲੈਣਾ ਚਾਹੀਦਾ ਹੈ। 
ਹਰਪਾਲ ਸਿੰਘ ਯੂ. ਕੇ. ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵਲੋਂ ਮੁਲਾਜ਼ਮਾਂ ਦੀ ਹੋਈ ਭਰਤੀ ਸਬੰਧੀ ਜਦੋਂ ਕਿਸੇ ਹਾਈਕੋਰਟ ਦੇ ਰਿਟਾ. ਜੱਜ ਕੋਲੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ ਤਾਂ ਉਸ 'ਤੇ ਹੁਣ ਤੱਕ ਗੌਰ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ 1973 ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਕਮੇਟੀ 'ਚ ਹੋਈਆਂ ਬੇਨਿਯਮੀਆਂ ਦੀ ਜਾਂਚ ਹੋਣੀ ਚਾਹੀਦੀ ਹੈ ਜਿਸ ਵਿਚ ਮੁਲਾਜ਼ਮਾਂ, ਅਧਿਕਾਰੀਆਂ ਦੀ ਭਰਤੀ, ਤਰੱਕੀਆਂ, ਗੁਰੂ ਦੀ ਗੋਲਕ ਦੀ ਲੁੱਟ ਅਤੇ ਜ਼ਮੀਨੀ ਘਪਲੇ ਦੇ ਅਜਿਹੇ ਲੁਕੇ ਹੋਏ ਮਾਮਲੇ ਸਾਹਮਣੇ ਆਉਣਗੇ ਜਿਸ ਨਾਲ ਸ਼੍ਰੋਮਣੀ ਕਮੇਟੀ ਨੂੰ ਜਵਾਬ ਦੇਣਾ ਵੀ ਔਖਾ ਹੋ ਜਾਵੇਗਾ। 
ਇਸ ਮੋਕੇ 'ਤੇ ਹਰਪਾਲ ਸਿੰਘ ਯੂ. ਕੇ. ਨੇ ਕਿਹਾ ਕਿ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਇਨ੍ਹਾਂ ਮਾਮਲਿਆਂ ਸਬੰਧੀ ਇਕ ਕਮੇਟੀ ਦਾ ਗਠਿਤ ਕਰਕੇ 15 ਦਿਨਾਂ 'ਚ ਜਾਂਚ ਕਰਵਾਈ ਜਾਵੇਗੀ। ਹਰਪਾਲ ਸਿੰਘ ਯੂ. ਕੇ. ਨੇ ਕਿਹਾ ਕਿ ਜੇਕਰ 15 ਦਿਨਾਂ 'ਚ ਜਾਂਚ ਨਾ ਕਰਵਾਈ ਗਈ ਤਾਂ ਉਹ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾ ਕੇ ਸੀ. ਬੀ. ਆਈ. ਜਾਂਚ ਕਰਵਾਉਣ ਦੀ ਮੰਗ ਕਰਨਗੇ। 
ਸ੍ਰੀ ਅਕਾਲ ਤਖਤ ਸਾਹਿਬ ਦੇ ਫਰਮਾਨ ਨੂੰ ਖਿੜੇ ਮੱਥਾ ਪ੍ਰਵਾਨ ਕਰਾਂਗਾ : ਲੌਂਗੋਵਾਲ  
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਜਦੋਂ ਸੀ.ਡੀ. ਮਾਮਲੇ 'ਚ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਹਰੇਕ ਸਿੱਖ ਲਈ ਸ੍ਰੀ ਅਕਾਲ ਤਖਤ ਸਾਹਿਬ ਸੁਪਰੀਮ ਹਨ ਅਤੇ ਉਥੋਂ ਜੋ ਵੀ ਫਰਮਾਨ ਜਾਰੀ ਹੋਵੇਗਾ ਉਹ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਨਗੇ।


Related News