ਸਮਝਦਾਰ-ਚਾਲਕ

05/21/2018 4:14:22 PM

ਇਹ ਬਿਲਕੁਲ ਠੀਕ ਹੈ ਕਿ ਅੱਜਕਲ ਮਸ਼ੀਨਰੀ ਦਾ ਜਮਾਨਾ ਏ ਅਤੇ ਹਰ ਪਿੰਡ ਅਤੇ ਹਰ ਘਰ ਵਿਚ ਇਸਦਾ ਅਸਰ ਦੇਖਣ ਨੂੰ ਮਿਲਣਾ ਹੈ ਪਰ ਇਸਦੀ ਗਲਤ ਜਾਂ ਵਧ ਵਰਤੋਂ ਕਾਰਣ ਕੁਝ ਦੁਰਘਟਨਾਵਾਂ ਆਮ ਹੋ ਜਾਂਦੀਆਂ ਹਨ। ਇਸ ਲਈ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਬਹੁਤ ਹੀ ਧਿਆਨ ਨਾਲ ਕਰਨੀ ਪੈਂਦੀ ਹੈ।
ਅਜਿਹੀ ਹੀ ਇੱਕ ਘਟਨਾ ਅਗਾਂਹਵਧੂ ਪਿੰਡ ਦੀ ਹੈ ਜਿੱਥੇ ਇੱਕ ਕਿਸਾਨ ਪਰਿਵਾਰ ਨੇ ਆਪਣੇ ਹੀ ਪਿੰਡ ਦੇ ਇੱਕ ਮਿਸਤਰੀ ਜੀਤ ਸਿੰਘ ਤੋਂ ਦੇਸੀ ਜੁਗਾੜ ਨਾਲ ਇੱਕ ਘੜੂਕਾ (ਇੰਜਣ ਵਾਲਾ ਗੱਡਾ) ਤਿਆਰ ਕਰਵਾ ਲਿਆ ਪਰ ਉਸ ਪਰਿਵਾਰ ਵਿਚ ਕਰਨੈਲ ਨਾਂ ਦਾ ਇਕ ਵਿਅਕਤੀ ਬਹੁਤ ਹੀ ਸਾਧਾਰਨ ਪ੍ਰਵਿਰਤੀ ਦਾ ਮਾਲਕ ਸੀ। ਉਸ ਨੂੰ ਅਜੋਕੀਆਂ ਮਸ਼ੀਨਾਂ ਦੀ ਬਹੁਤ ਸਮਝ ਨਹੀਂ ਸੀ। ਇੱਕ ਦਿਨ ਪਸ਼ੂਆਂ ਲਈ ਪੱਠੇ ਲਿਆਉਣ ਲਈ, ਕਰਨੈਲ ਘਰਦਿਆਂ ਤੋਂ ਚੋਰੀ ਘੜੂਕਾ ਚਲਾ ਕੇ ਲੈ ਗਿਆ। ਘਰ ਤੋਂ ਦੂਰ ਖੇਤਾਂ ਦੀ ਤੰਗ ਸੜਕ ਤੇ ਜਾਂਦਿਆਂ  ਅੱਗੋਂ ਜੀਤ ਸਿੰਘ ਵੀ ਸਕੂਟਰ ਤੇ ਆ ਰਿਹਾ ਸੀ। ਕਰਨੈਲ ਘੜੂਕੇ ਨੂੰ ਰੋਕਦਾ-ਰੋਕਦਾ, ਜੀਤ ਸਿੰਘ ਦੇ ਜਾ ਲੱਗਿਆ ਅਤੇ ਉਹ ਸੜਕ ਤੋਂ ਬਾਹਰ ਬਚਿੱਤਰ ਸਿੰਘ ਦੇ ਖਾਲੀ ਖੇਤ ਵਿਚ ਜਾ ਡਿੱਗਿਆ। ਸੱਟ ਤੋਂ ਬਚ ਗਿਆ ਅਤੇ ਉਠ ਕੇ ਕੱਪੜੇ ਝਾੜ ਕਰਨੈਲ ਨੂੰ ਬੁਰਾ-ਭਲਾ ਜਿਹਾ ਕਹਿਣ ਲੱਗਾ। ਬਚਿੱਤਰ ਸਿੰਘ ਵੀ ਉਥੇ ਆ ਗਿਆ ਅਤੇ ਬੋਲਿਆ ''ਕੋਈ ਨੀ, ਮਿਸਤਰੀ, ਇਹ ਘੜੂਕਾ ਤੇਰਾ ਹੀ ਤਾਂ ਬਣਾਇਆ ਹੋਇਆ ਏ ।''
ਸਕੂਟਰ ਨੂੰ ਸਾਂਭਦੇ ਹੋਏ ਜੀਤ ਸਿੰਘ ਨੇ ਉੱਤਰ ਦਿੱਤਾ, ''ਹਾਂ, ਭਾਈ ਤੇਰੀ ਗੱਲ ਤਾਂ ਠੀਕ ਹੈ ਪਰ ਇਹ ਤਾਂ ਨਹੀਂ ਕਿਹਾ ਸੀ ਕਿ ਇਸ ਨੂੰ ਜੋ ਮਰਜ਼ੀ ਚਲਾਈ ਜਾਵੇ। ਚਾਲਕ ਦਾ ਸਮਝਦਾਰ ਹੋਣਾ ਜ਼ਰੂਰੀ ਹੈ।''
ਬਹਾਦਰ ਸਿੰਘ ਗੋਸਲ
ਮਕਾਨ ਨੰ: 3098, ਸੈਕਟਰ-37 ਡੀ,                                             

ਚੰਡੀਗੜ੍ਹ। ਮੋ. ਨੰ: 98764 52223


Related News