ਜੰਡਿਆਲਾ ਗੁਰੂ ਰਾਈਸ ਮਿੱਲ ਦਾ ਮਾਸਟਰ ਮਾਈਂਡ 2 ਦਿਨਾਂ ਦੇ ਰਿਮਾਂਡ ''ਤੇ

Sunday, Jun 03, 2018 - 02:36 AM (IST)

ਜੰਡਿਆਲਾ ਗੁਰੂ ਰਾਈਸ ਮਿੱਲ ਦਾ ਮਾਸਟਰ ਮਾਈਂਡ 2 ਦਿਨਾਂ ਦੇ ਰਿਮਾਂਡ ''ਤੇ

ਅੰਮ੍ਰਿਤਸਰ,   (ਇੰਦਰਜੀਤ)-  ਜੰਡਿਆਲਾ ਗੁਰੂ ਸਥਿਤ ਵੀਰੂ ਮੱਲ ਮੁਲਖ ਰਾਜ ਰਾਈਸ ਮਿੱਲ 'ਚ ਬਹੁ-ਕਰੋੜੀ ਘਪਲੇ ਦੇ ਮਾਸਟਰ ਮਾਈਂਡ ਐੱਸ. ਟੀ. ਏ. ਪਰਮਿੰਦਰ ਸਿੰਘ ਭਾਟੀਆ ਨੂੰ ਗ੍ਰਿਫਤਾਰ ਕਰ ਕੇ ਵਿਜੀਲੈਂਸ ਵਿਭਾਗ ਨੇ 2 ਦਿਨਾਂ ਦਾ ਰਿਮਾਂਡ ਪ੍ਰਾਪਤ ਕੀਤਾ ਹੈ। ਵਿਜੀਲੈਂਸ ਨੇ ਇਸ ਮਾਮਲੇ ਵਿਚ ਅੰਮ੍ਰਿਤਸਰ ਦੇ ਤਤਕਾਲੀਨ ਡੀ. ਐੱਫ. ਐੱਸ. ਸੀ. ਏ. ਪੀ. ਸਿੰਘ, ਡੀ. ਐੱਫ. ਐੱਸ. ਓ. ਰਮਿੰਦਰ ਸਿੰਘ ਬਾਠ, ਏ. ਐੱਫ. ਐੱਸ. ਓ. ਵਿਪਨ ਸ਼ਰਮਾ ਤੇ ਇੰਸਪੈਕਟਰ ਗੁਰਜਿੰਦਰ ਸਿੰਘ ਨੂੰ ਵੀ ਦਰਜ ਕੀਤੇ ਗਏ ਮਾਮਲੇ ਵਿਚ ਨਾਮਜ਼ਦ ਕੀਤਾ ਹੈ। ਇਸ ਮਾਮਲੇ ਦੀ ਐੱਫ. ਆਈ. ਆਰ. ਜੰਡਿਆਲਾ ਥਾਣੇ ਵਿਚ ਦਰਜ ਕੀਤੀ ਗਈ ਸੀ, ਬਾਅਦ ਵਿਚ ਵਿਜੀਲੈਂਸ ਵਿਭਾਗ ਨੂੰ ਜਾਂਚ ਸੌਂਪੀ ਗਈ ਸੀ। ਲੰਬੇ ਸਮੇਂ ਤੱਕ ਚੱਲੀ ਵਿਜੀਲੈਂਸ ਦੀ ਜਾਂਚ ਉਪਰੰਤ ਮਾਮਲੇ ਨੇ ਉਪਰੋਕਤ ਮੋੜ ਲਿਆ।
ਕੀ ਸੀ ਮਾਮਲਾ?
-ਵੀਰੂ ਮੱਲ ਮੁਲਖ ਰਾਜ ਰਾਈਸ ਮਿੱਲ 'ਚ ਕਰੋੜਾਂ ਦਾ ਗੜਬੜੀ
-32 ਕਰੋੜ ਦਾ ਫੂਡ ਸਪਲਾਈ ਵਿਭਾਗ ਦਾ ਅਨਾਜ ਖੁਰਦ-ਬੁਰਦ
-ਬੈਂਕਾਂ ਦਾ ਕਰੋੜਾਂ ਦਾ ਲੋਨ
-ਸ਼ੈਲਰ ਮਾਲਕ ਪਰਿਵਾਰ ਸਮੇਤ ਵਿਦੇਸ਼ ਫਰਾਰ
-ਪਹਿਲੇ ਪੜਾਅ ਵਿਚ ਏ. ਪੀ. ਸਿੰਘ ਅਤੇ ਭਾਟੀਆ 'ਤੇ ਸ਼ੱਕ ਦੀਆਂ ਸੂਈਆਂ 
ਤੇਜ਼ ਦਿਮਾਗ ਦਾ ਵਿਅਕਤੀ ਹੈ ਭਾਟੀਆ
ਸ਼ਨੀਵਾਰ ਬਾਅਦ ਦੁਪਹਿਰ ਵਿਜੀਲੈਂਸ ਦੀ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਟੈਕਨੀਕਲ ਅਸਿਸਟੈਂਟ ਪਰਮਿੰਦਰ ਸਿੰਘ ਭਾਟੀਆ ਨੂੰ ਅਦਾਲਤ ਕੰਪਲੈਕਸ ਵਿਚ ਲਿਆਂਦਾ ਗਿਆ, ਜਿਥੇ ਵਿਜੀਲੈਂਸ ਦੀ ਟੀਮ ਨੇ 7 ਦਿਨਾਂ ਦਾ ਰਿਮਾਂਡ ਮੰਗਿਆ। ਰਿਮਾਂਡ ਦੇ ਸਬੰਧ 'ਚ ਪੇਸ਼ ਕੀਤੇ ਗਏ ਦਸਤਾਵੇਜ਼ ਵਿਚ ਮੰਗ ਕੀਤੀ ਸੀ ਕਿ ਪਰਮਿੰਦਰ ਸਿੰਘ ਭਾਟੀਆ ਇਕ ਬਹੁਤ ਤੇਜ਼ ਦਿਮਾਗ ਦਾ ਆਦਮੀ ਹੈ ਅਤੇ ਸਾਨੂੰ ਕੁਝ ਦੱਸ ਨਹੀਂ ਰਿਹਾ, ਜਦੋਂ ਕਿ ਇਸ ਵਿਚ ਹੋਰ ਲੋਕਾਂ ਤੋਂ ਵੀ ਪੁੱਛਗਿੱਛ ਕਰਨੀ ਹੈ ਅਤੇ ਜ਼ਬਤ ਕੀਤੇ ਗਏ ਰੁਪਇਆਂ ਤੋਂ ਇਲਾਵਾ ਇਨ੍ਹਾਂ ਦੀ ਸਬੰਧਤ ਜਾਇਦਾਦ ਆਦਿ ਸਾਧਨਾਂ ਬਾਰੇ ਰਿਮਾਂਡ ਦੀ ਲੋੜ ਹੈ, ਜਿਸ 'ਤੇ ਅਦਾਲਤ ਨੇ 2 ਦਿਨਾਂ ਦਾ ਰਿਮਾਂਡ ਦਿੱਤਾ।
ਵਿਜੀਲੈਂਸ ਵਿਭਾਗ ਗ੍ਰਿਫਤਾਰੀ ਦੀ ਤਿਆਰੀ 'ਚ
ਵਿਜੀਲੈਂਸ ਵਿਭਾਗ ਨੇ ਵਰਤਮਾਨ ਸਮੇਂ ਵਿਚ ਐੱਸ. ਟੀ. ਏ. ਪਰਮਿੰਦਰ ਸਿੰਘ ਭਾਟੀਆ ਨੂੰ ਗ੍ਰਿਫਤਾਰ ਕੀਤਾ ਹੈ ਪਰ ਵੱਡੇ ਅਧਿਕਾਰੀ ਅਜੇ ਗ੍ਰਿਫਤਾਰ ਨਹੀਂ ਹੋਏ। ਪਤਾ ਲੱਗਾ ਹੈ ਕਿ ਵਿਜੀਲੈਂਸ ਵਿਭਾਗ ਉਪਰੋਕਤ ਸਾਰੇ ਨਾਮਜ਼ਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਵਿਚ ਹੈ। ਹਾਲਾਂਕਿ ਇਸ ਤੋਂ ਪਹਿਲਾਂ ਚਰਚਾ ਸੀ ਕਿ ਵਿਜੀਲੈਂਸ ਵਿਭਾਗ ਗ੍ਰਿਫਤਾਰੀ ਨਹੀਂ ਲੈ ਸਕਦਾ ਕਿਉਂਕਿ ਮਾਮਲਾ ਜੰਡਿਆਲਾ ਥਾਣੇ ਵਿਚ ਹੈ ਪਰ ਬਾਅਦ ਵਿਚ ਕਾਨੂੰਨੀ ਮਾਹਿਰਾਂ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਵਿਜੀਲੈਂਸ ਵਿਭਾਗ ਪੁਲਸ ਵਿਭਾਗ ਦਾ ਹੀ ਵਿੰਗ ਹੈ, ਇਸ ਲਈ ਗ੍ਰਿਫਤਾਰੀ ਹੋ ਸਕਦੀ ਹੈ।  
ਕੀ ਕਹਿੰਦੇ ਹਨ ਐੱਸ. ਐੱਸ. ਪੀ. ਵਿਜੀਲੈਂਸ?
ਐੱਸ. ਐੱਸ. ਪੀ. ਵਿਜੀਲੈਂਸ ਆਰ. ਕੇ. ਬਖਸ਼ੀ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਜਿਸ ਨੂੰ ਨਾਮਜ਼ਦ ਕੀਤਾ ਹੈ ਉਸ ਦੀ ਗ੍ਰਿਫਤਾਰੀ ਵੀ ਹੋਵੇਗੀ। ਇਹ ਪੁੱਛੇ ਜਾਣ 'ਤੇ ਕਿ ਕੀ ਵਿਜੀਲੈਂਸ ਵਿਭਾਗ ਉਨ੍ਹਾਂ ਦੀ ਗ੍ਰਿਫਤਾਰੀ ਕਰੇਗਾ ਤਾਂ ਉਨ੍ਹਾਂ ਨੇ ਇਕਦਮ ਗੱਲ ਨੂੰ ਪਲਟਦੇ ਹੋਏ ਕਿਹਾ ਕਿ ਸਭ ਕੁਝ ਕਾਨੂੰਨ ਅਨੁਸਾਰ ਹੋਵੇਗਾ।


Related News