ਸਿਤਾਰੇ ਵੀ ਮੌਸਮ ''ਤੇ ਮਿਹਰਬਾਨ, ਜੁਲਾਈ ''ਚ ਖੂਬ ਪਵੇਗਾ ਮੀਂਹ

06/02/2018 6:23:02 AM

ਜਲੰਧਰ (ਧਵਨ)-ਹਿੰਦੂ ਮੌਸਮ ਜੋਤਿਸ਼ ਅਨੁਸਾਰ ਜਦੋਂ ਸੂਰਜ ਪਾਣੀ ਵਾਲੇ ਅਰਧ ਨਕਸ਼ੱਤਰ (ਮਿਥੁਨ ਰਾਸ਼ੀ) 'ਚ ਦਾਖਲ ਹੋਵੇਗਾ ਤਾਂ ਉਸ ਤੋਂ ਮਾਨਸੂਨ ਦੀ ਰੂਪ-ਰੇਖਾ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਜੋਤਿਸ਼ ਸੰਜੇ ਚੌਧਰੀ ਅਨੁਸਾਰ 22 ਜੂਨ ਨੂੰ ਸੂਰਜ ਅਰਧ ਨਕਸ਼ੱਤਰ 'ਚ ਸਵੇਰੇ 11.12 ਵਜੇ ਦਾਖਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸੂਰਜ ਅਤੇ ਸ਼ਨੀ ਦਾ ਕੰਜ਼ਰਵੇਟਿਵ ਯੋਗ ਹੋਣ ਕਾਰਨ ਜੂਨ ਮਹੀਨੇ 'ਚ ਤਾਪਮਾਨ 'ਚ ਵਾਧਾ ਹੋਵੇਗਾ ਅਤੇ ਉੱਤਰੀ ਭਾਰਤ 'ਚ ਗਰਮੀ ਕਾਰਨ ਬਿਜਲੀ ਅਤੇ ਪਾਣੀ ਦਾ ਸੰਕਟ ਵੀ ਵਧੇਗਾ, ਜਿਸ ਕਾਰਨ ਜਨਤਾ 'ਚ ਰੋਸ ਵਧ ਸਕਦਾ ਹੈ। ਉੱਤਰ ਭਾਰਤ 'ਚ ਮਾਨਸੂਨ ਆਉਣ 'ਚ ਕੁਝ ਦੇਰੀ ਹੋਣ ਦੇ ਆਸਾਰ ਹਨ। ਉਨ੍ਹਾਂ ਕਿਹਾ ਕਿ ਬ੍ਰਹਿਸਪਤੀ ਦੀ ਮੇਖ ਰਾਸ਼ੀ ਅਤੇ ਸ਼ੁੱਕਰ ਅਤੇ ਕੇਤੂ 'ਤੇ ਸੱਤਵੀਂ ਦ੍ਰਿਸ਼ਟੀ ਹੋਣ ਕਾਰਨ ਇਸ ਵਾਰ ਪੂਰਵੀ ਅਤੇ ਮੱਧ ਭਾਰਤ 'ਚ ਚੰਗਾ ਮਾਨਸੂਨ ਰਹੇਗਾ। ਆਸਾਮ, ਪੱਛਮੀ ਬੰਗਾਲ, ਓਡਿਸ਼ਾ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਰਗੇ ਸੂਬਿਆਂ 'ਚ ਖੂਬ ਮੀਂਹ ਪਵੇਗਾ। ਕੰਨਿਆ ਰਾਸ਼ੀ 'ਚ ਚੰਦਰਮਾ 'ਤੇ ਸ਼ਨੀ ਦੀ ਦਸਵੀਂ ਦ੍ਰਿਸ਼ਟੀ ਹੋਣ ਕਾਰਨ ਪੱਛਮੀ ਅਤੇ ਦੱਖਣੀ ਹਿੱਸਿਆਂ 'ਚ ਆਮ ਤੋਂ ਘੱਟ ਮੀਹ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ 28 ਜੂਨ ਨੂੰ ਚੰਦਰ ਕੁੰਡਲੀ ਤੋਂ ਪਤਾ ਲੱਗਦਾ ਹੈ ਕਿ ਉੱਤਰ ਭਾਰਤ 'ਚ ਮਾਨਸੂਨ ਆ ਜਾਵੇਗਾ। ਸੂਰਜ 16 ਜੁਲਾਈ ਨੂੰ ਕਰਕ ਰਾਸ਼ੀ 'ਚ ਦਾਖਲ ਹੋਣਾ ਹੈ, ਜਿਸ ਕਾਰਨ ਜੁਲਾਈ ਮਹੀਨੇ 'ਚ ਦਿੱਲੀ, ਪੰਜਾਬ, ਹਰਿਆਣਾ, ਹਿਮਾਚਲ ਅਤੇ ਉੱਤਰਾਖੰਡ 'ਚ ਖੂਬ ਮੀਂਹ ਪਵੇਗਾ। ਕਰਕ ਰਾਸ਼ੀ 'ਚ 26 ਜੁਲਾਈ ਨੂੰ ਬੁੱਧ ਵਕਰੀ ਅਵਸਥਾ 'ਚ ਆ ਜਾਣਗੇ ਅਤੇ 27 ਜੁਲਾਈ ਨੂੰ ਚੰਦਰਗ੍ਰਹਿਣ ਹੋਵੇਗਾ, ਜਿਸ ਕਾਰਨ ਉੱਤਰੀ-ਪੂਰਬੀ ਸੂਬਿਆਂ 'ਚ ਹੜ੍ਹ ਵਰਗੇ ਹਾਲਾਤ ਬਣਨਗੇ ਅਤੇ ਨਾਲ ਹੀ ਭੂਚਾਲ ਵੀ ਆ ਸਕਦਾ ਹੈ। ਕੁਲ ਮਿਲਾ ਕੇ ਮਾਨਸੂਨ ਚੰਗਾ ਰਹੇਗਾ ਪਰ 28 ਜੁਲਾਈ ਤੋਂ 15 ਅਗਸਤ ਦਰਮਿਆਨ ਉੱਤਰੀ ਪੂਰਬੀ ਸੂਬਿਆਂ 'ਚ ਹੜ੍ਹ ਦੇ ਹਾਲਾਤ ਰਹਿਣਗੇ।


Related News