ਪੰਜਾਬ ਦੇ 3 ਨਾਰਾਜ਼ ਕਾਂਗਰਸੀ ਵਿਧਾਇਕਾਂ ਵਲੋਂ ਰਾਹੁਲ ਨਾਲ ਮੁਲਾਕਾਤ

Wednesday, May 23, 2018 - 07:11 AM (IST)

ਚੰਡੀਗੜ੍ਹ(ਭੁੱਲਰ, ਟੱਕਰ, ਜੋਗਿੰਦਰਪਾਲ, ਕਮਲ)-ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਸਮੇਂ ਪਾਰਟੀ ਦੇ ਕਈ ਸੀਨੀਅਰ ਵਿਧਾਇਕਾਂ 'ਚ ਪੈਦਾ ਹੋਈ ਨਾਰਾਜ਼ਗੀ ਹਾਲੇ ਵੀ ਖਤਮ ਨਹੀਂ ਹੋ ਰਹੀ ਅਤੇ ਇਹ ਵਿਧਾਇਕ ਕਿਸੇ ਨਾ ਕਿਸੇ ਤਰੀਕੇ ਆਪਣਾ ਰੋਸ ਜਤਾ ਰਹੇ ਹਨ। ਮੰਤਰੀ ਮੰਡਲ ਵਿਚ ਥਾਂ ਨਾ ਮਿਲਣ ਕਾਰਨ ਨਾਰਾਜ਼ ਪੰਜਾਬ ਦੇ 3 ਸੀਨੀਅਰ ਕਾਂਗਰਸੀ ਵਿਧਾਇਕ ਅੱਜ ਰਾਹੁਲ ਦਰਬਾਰ ਪਹੁੰਚ ਗਏ। ਇਨ੍ਹਾਂ ਵਿਚ ਲੁਧਿਆਣਾ ਦੇ ਵਿਧਾਇਕ ਤੇ ਸਾਬਕਾ ਮੰਤਰੀ ਰਾਕੇਸ਼ ਪਾਂਡੇ, ਅਮਲੋਹ ਤੋਂ ਵਿਧਾਇਕ ਰਣਦੀਪ ਨਾਭਾ ਅਤੇ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਨ੍ਹਾਂ ਨੇ ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਦੀਆਂ ਕਮੇਟੀਆਂ ਤੋਂ ਵੀ ਅਸਤੀਫ਼ੇ ਦੇ ਦਿੱਤੇ ਸਨ। ਮਿਲੀ ਜਾਣਕਾਰੀ ਅਨੁਸਾਰ ਤਿੰਨੇ ਵਿਧਾਇਕਾਂ ਨੇ ਅੱਜ ਨਵੀਂ ਦਿੱਲੀ ਪਹੁੰਚ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਕੇ ਜੂਨੀਅਰ ਵਿਧਾਇਕਾਂ ਨੂੰ ਮੰਤਰੀ ਬਣਾਏ ਜਾਣ ਖਿਲਾਫ ਰੋਸ ਦਰਜ ਕਰਵਾਇਆ। ਇਨ੍ਹਾਂ ਵਿਧਾਇਕਾਂ ਨੇ ਕਿਹਾ ਕਿ ਸੀਨੀਆਰਟੀ ਤੇ ਪਾਰਟੀ 'ਚ ਕੀਤੇ ਕੰਮਾਂ ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕਰਕੇ ਗੈਰ ਅਨੁਭਵੀ ਕਈ ਜੂਨੀਅਰ ਵਿਧਾਇਕਾਂ ਨੂੰ ਮੰਤਰੀ ਅਹੁਦੇ ਦੇ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਹਲਕੇ ਦੇ ਵੋਟਰਾਂ ਵਿਚ ਵੀ ਚੰਗਾ ਸੰਦੇਸ਼ ਨਹੀਂ ਗਿਆ ਤੇ ਲੋਕ ਇਸ ਬਾਰੇ ਸਵਾਲ ਪੁੱਛ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਨਾਰਾਜ਼ ਕਾਂਗਰਸੀ ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚਲਾਉਣ ਦੀ ਮੌਜੂਦਾ ਕਾਰਜਸ਼ੈਲੀ 'ਤੇ ਵੀ ਸਵਾਲ ਉਠਾਉਂਦਿਆਂ ਰਾਹੁਲ ਗਾਂਧੀ ਨੂੰ ਜਾਣਕਾਰੀ ਦਿੱਤੀ ਹੈ। ਰਾਹੁਲ ਗਾਂਧੀ ਨੇ ਇਨ੍ਹਾਂ ਵਿਧਾਇਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਵਲੋਂ ਉਠਾਏ ਗਏ ਸਵਾਲਾਂ ਦੀ ਜਾਂਚ ਕੀਤੀ ਜਾਵੇਗੀ। ਤਿੰਨੇ ਵਿਧਾਇਕਾਂ ਨੇ ਰਾਹੁਲ ਗਾਂਧੀ ਤੋਂ ਇਲਾਵਾ ਪਾਰਟੀ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਨਾਲ ਵੀ ਮੁਲਾਕਾਤ ਕੀਤੀ ਹੈ, ਜਿਨ੍ਹਾਂ ਦੀ ਰਾਹੁਲ ਗਾਂਧੀ ਵਲੋਂ ਪੰਜਾਬ ਕਾਂਗਰਸ 'ਚ ਪੈਦਾ ਹੋਈ ਨਾਰਾਜ਼ਗੀ ਦੇ ਮਾਮਲੇ ਹੱਲ ਕਰਨ ਲਈ ਵਿਸ਼ੇਸ਼ ਡਿਊਟੀ ਲਾਈ ਗਈ ਹੈ। 


Related News