ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਸਾਨਾਂ ਨੂੰ ਵੰਡੇ ਕਰਜ਼ਾ ਮਾਫੀ ਦੇ ਚੈੱਕ
Tuesday, May 29, 2018 - 04:20 PM (IST)

ਮਾਨਸਾ (ਸੰਦੀਪ ਮਿੱਤਲ)-ਕਿਸਾਨਾਂ ਵਲੋਂ ਖੁਦਕੁਸ਼ੀਆਂ ਦੇ ਰਾਹ ਤੇ ਪੈਣ ਦਾ ਮੁੱਖ ਕਾਰਨ ਸ਼੍ਰੋਮਣੀ ਅਕਾਲੀ ਦਲ ਹੈ ਕਿਉਂਕਿ ਇਨ੍ਹਾਂ ਨੇ ਕਿਸਾਨਾਂ ਦੀਆਂ ਵੋਟਾਂ ਹਾਸਲ ਕਰਨ ਲਈ ਕਿਸਾਨ ਹਿਤੇਸ਼ੀ ਡਰਾਮੇ ਕੀਤੇ ਪਰ ਜਦੋਂ ਵੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੁਰਸੀ ਤੇ ਬਿਰਾਜਮਾਨ ਹੋਏ ਤਾਂ ਕਿਸਾਨ ਪੱਖੀ ਫੈਸਲੇ ਲੈਣ ਦੀ ਬਜਾਏ ਉਨ੍ਹਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਨ ਵਾਲੀਆਂ ਨੀਤੀਆਂ ਲੈ ਕੇ ਆਏ। ਜਿਸ ਨਾਲ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਦੇ ਪਾਵਰ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਮੰਡੀਬੋਰਡ ਦੇ ਰੈਸਟ ਹਾਊਸ ਵਿਖੇ ਗੱਲਬਾਤ ਦੌਰਾਨ ਕਹੇ। ਕਾਂਗੜ ਅੱਜ ਇਥੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੇ ਚੈਕ ਵੰਡਣ ਲਈ ਆਏ ਸਨ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਆਪਣੇ 10 ਸਾਲ ਦੇ ਰਾਜ ਦੌਰਾਨ ਕੋਈ ਵੀ ਅਜਿਹਾ ਕੰਮ ਨਹੀਂ ਕੀਤਾ, ਜਿਸ ਦੀ ਸ਼ਲਾਘਾ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਲੰਗਰ ਤੇ ਲੱਗੇ ਜੀ.ਐੱਸ.ਟੀ ਮੁੱਦੇ 'ਤੇ ਕੇਂਦਰੀ ਮੰਤਰੀ ਦਾ ਅਹੁਦਾ ਛੱਡਣ ਦੀਆਂ ਬਿਆਨਬਾਜੀਆਂ ਤੇ ਡਰਾਮੇਬਾਜੀ ਕਰ ਰਹੀ ਹੈ। ਜਦੋਂ ਕਿ ਬਾਦਲ ਨੇ ਪੰਜਾਬ ਦੇ ਸਮੁੱਚੇ ਹਿੱਤ ਮੋਦੀ ਕੋਲ ਗਹਿਣੇ ਰੱਖ ਕੇ ਬੀਬੀ ਬਾਦਲ ਨੂੰ ਕੇਂਦਰ 'ਚ ਵਜੀਰੀ ਦਿਵਾਈ ਹੈ।
ਇਸ ਮੌਕੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਿਕਰਮ ਸਿੰਘ ਮੋਫਰ ਨੇ ਮੰਤਰੀ ਦੇ ਧਿਆਨ 'ਚ ਲਿਆਂਦਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਦੌਰਾਨ ਪਿਓਨਾ ਕੰਪਨੀ ਨੇ 850 ਏਕੜ ਉਪਜਾਊ ਜਮੀਨ ਪਿੰਡ ਗੋਬਿੰਦਪੁਰਾ ਵਿਖੇ ਬਿਜਲੀ ਥਰਮਲ ਪਲਾਂਟ ਲਗਾਉਣ ਲਈ ਐਕਵਾਇਰ ਕੀਤੀ ਸੇ। ਜਿਸ ਤੇ ਅਜੇ ਤੱਕ ਥਰਮਲ ਪਲਾਂਟ ਨਹੀਂ ਲੱਗਿਆ ਪਰ ਇਥੇ ਅਵਾਰਾ ਪਸ਼ੂਆਂ ਦਾ ਅੱਡਾ ਬਣ ਚੁੱਕਾ ਹੈ। ਜਿਸ ਤੇ ਕਾਂਗੜ ਨੇ ਵਿਸ਼ਵਾਸ਼ ਦਿਵਾਇਆ ਕਿ ਅੱਜ ਹੀ ਸ਼ਾਮ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਪਿੰਡ ਗੋਬਿੰਦਪੁਰਾ ਦੀ ਐਕਵਾਇਰ ਜ਼ਮੀਨ ਬਾਰੇ ਚਰਚਾ ਕੀਤੀ ਜਾਵੇਗੀ।
ਇਸ ਮੌਕੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਗੁਰਪ੍ਰੀਤ ਕੌਰ ਗਾਗੋਵਾਲ, ਡਾ. ਮਨੋਜ ਬਾਲਾ,ਵਿਨੋਦ ਕੁਮਾਰ ਭੀਖੀ ਆਦਿ ਵੀ ਹਾਜ਼ਰ ਸਨ।