ਪੋਪ ਦੇ ਸਹਾਇਕ ਪੇਲ ''ਤੇ ਚੱਲੇਗਾ ਯੌਨ ਸ਼ੋਸ਼ਣ ਦੇ ਦੋਸ਼ਾਂ ਤਹਿਤ ਮੁਕੱਦਮਾ

05/04/2018 1:36:18 AM

ਪੋਪ ਫਰਾਂਸਿਸ, ਜਿਨ੍ਹਾਂ ਨੇ ਅਹੁਦਾ ਸੰਭਾਲਦਿਆਂ ਹੀ ਚਰਚ ਵਿਚ ਘਰ ਕਰ ਚੁੱਕੀਆਂ ਕਮਜ਼ੋਰੀਆਂ ਦੂਰ ਕਰਨ ਲਈ ਕ੍ਰਾਂਤੀਕਾਰੀ ਸੁਧਾਰਾਂ ਦੇ ਸੰਕੇਤ ਦਿੱਤੇ ਸਨ, ਨੇ ਆਪਣੇ ਨੇੜਲੇ ਸਹਿਯੋਗੀ ਕਾਰਡੀਨਲ ਜਾਰਜ ਪੇਲ ਨੂੰ ਚਰਚ ਦੇ ਵਿੱਤੀ ਮਾਮਲੇ ਸੰਭਾਲਣ ਲਈ 2014 ਵਿਚ ਵੈਟੀਕਨ ਸਿਟੀ ਬੁਲਾਇਆ ਸੀ।
76 ਸਾਲਾ 'ਕਾਰਡੀਨਲ ਜਾਰਜ ਪੇਲ' ਵੈਟੀਕਨ ਦੇ ਵਿੱਤ ਪ੍ਰਮੁੱਖ ਅਤੇ ਰੋਮਨ ਕੈਥੋਲਿਕ ਈਸਾਈਆਂ ਦੇ ਸਭ ਤੋਂ ਵੱਡੇ ਧਾਰਮਿਕ ਸੰਗਠਨ ਵਿਚ ਤੀਜੇ ਚੋਟੀ ਦੀ ਰੈਂਕਿੰਗ ਦੇ ਅਧਿਕਾਰੀ ਹਨ। ਉਹ ਪਹਿਲੇ ਅਜਿਹੇ ਸਭ ਤੋਂ ਵੱਧ ਸੀਨੀਅਰ ਅਧਿਕਾਰੀ ਬਣ ਗਏ ਹਨ ਜਿਨ੍ਹਾਂ 'ਤੇ ਯੌਨ ਅਪਰਾਧਾਂ ਦੇ ਮਾਮਲੇ ਵਿਚ ਮੁਕੱਦਮਾ ਚਲਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।
ਮੈਲਬੋਰਨ ਵਿਚ 1 ਮਈ ਨੂੰ ਸੁਣਵਾਈ ਦੌਰਾਨ ਪੇਲ ਨੂੰ ਕਈ ਦੋਸ਼ਾਂ ਦਾ ਸਾਹਮਣਾ ਕਰਨ ਦਾ ਹੁਕਮ ਸੁਣਾਇਆ ਗਿਆ ਜਿਨ੍ਹਾਂ ਵਿਚੋਂ ਘੱਟੋ-ਘੱਟ ਅੱਧੇ ਦੋਸ਼ ਬਹੁਤ ਗੰਭੀਰ ਹਨ ਅਤੇ ਇਨ੍ਹਾਂ 'ਤੇ ਸੁਣਵਾਈ ਲਈ 16 ਮਈ ਦੀ ਤਰੀਕ ਤੈਅ ਕੀਤੀ ਗਈ ਹੈ।
ਮੈਲਬੋਰਨ ਦੀ ਮੈਜਿਸਟ੍ਰੇਟ ਬੇਲਿੰਡਾ ਵੇਲਿੰਗਟਨ ਨੇ ਕਿਹਾ ਕਿ ਉਹ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਕਈ ਦੋਸ਼ਾਂ ਤਹਿਤ ਮੁਕੱਦਮਾ ਚਲਾਉਣ ਲਈ ਕਾਫੀ ਸਬੂਤ ਹਨ ਅਤੇ ਪੇਲ ਨੂੰ ਇਸ ਸ਼ਰਤ 'ਤੇ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਕਿ ਉਹ ਆਸਟ੍ਰੇਲੀਆ ਛੱਡ ਕੇ ਨਹੀਂ ਜਾਣਗੇ।
ਜ਼ਿਕਰਯੋਗ ਹੈ ਕਿ ਸਮੇਂ-ਸਮੇਂ 'ਤੇ ਦੁਨੀਆ ਵਿਚ ਕੈਥੋਲਿਕ ਪਾਦਰੀਆਂ ਵਲੋਂ ਯੌਨ ਸ਼ੋਸ਼ਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ  2001 ਤੋਂ 2010 ਦਰਮਿਆਨ 3 ਹਜ਼ਾਰ ਪਾਦਰੀਆਂ 'ਤੇ ਯੌਨ ਸ਼ੋਸ਼ਣ ਤੇ ਕੁਕਰਮ ਦੇ ਦੋਸ਼ ਲੱਗ ਚੁੱਕੇ ਹਨ।
ਪੋਪ ਫਰਾਂਸਿਸ ਨੇ ਇਸ ਸੰਬੰਧ ਵਿਚ ਕਿਹਾ ਹੈ ਕਿ ਉਕਤ ਮਾਮਲੇ ਵਿਚ ਫੈਸਲਾ ਹੋ ਜਾਣ ਤਕ ਉਹ ਇਸ 'ਤੇ ਕੋਈ ਟਿੱਪਣੀ ਨਹੀਂ ਕਰਨਗੇ ਤੇ ਪੇਲ ਨੂੰ ਪਿਛਲੇ ਸਾਲ ਆਪਣਾ ਬਚਾਅ ਪੇਸ਼ ਕਰਨ ਲਈ ਦਿੱਤੀ ਗਈ ਛੁੱਟੀ ਜਾਰੀ ਰਹੇਗੀ।
ਇਸ ਦਰਮਿਆਨ ਵਿਕਟੋਰੀਆ ਪੁਲਸ ਨੇ ਪੇਲ ਦੇ ਵਕੀਲ ਵਲੋਂ ਪੁਲਸ ਦੀ ਜਾਂਚ ਵਿਚ ਕਈ ਤਰੁੱਟੀਆਂ ਸੰਬੰਧੀ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਹ ਮੁਕੱਦਮਾ, ਜੋ ਅਜੇ ਮੁੱਢਲੇ ਪੜਾਅ ਵਿਚ ਹੈ, ਭਵਿੱਖ ਵਿਚ ਕੀ ਰੂਪ ਅਖਤਿਆਰ ਕਰਦਾ ਹੈ
-ਵਿਜੇ ਕੁਮਾਰ


Vijay Kumar Chopra

Chief Editor

Related News