ਦਰਿਆਵਾਂ ਦਾ ਜ਼ਹਿਰੀਲਾ ਪਾਣੀ ਫਸਲਾਂ ਦਾ ਕਰੇਗਾ ਨੁਕਸਾਨ
Monday, May 21, 2018 - 07:00 AM (IST)

ਫਿਰੋਜ਼ਪੁਰ, (ਕੁਮਾਰ, ਮਨਦੀਪ)– ਪਿਛਲੇ ਕੁਝ ਦਿਨਾਂ ਤੋਂ ਸਤਲੁਜ ਅਤੇ ਬਿਆਸ ਦਰਿਆ ਵਿਚ ਖਤਰਨਾਕ ਕੈਮੀਕਲ ਮਿਲਣ ਨਾਲ ਪ੍ਰਦੂਸ਼ਿਤ ਹੋਇਆ ਪਾਣੀ ਹਰੀ ਕੇ ਹੈੱਡਵਰਕਸ ਤੋਂ ਜ਼ਿਲਾ ਫਿਰੋਜ਼ਪੁਰ ਵਿਚ ਦਾਖਲ ਕਰ ਗਿਆ ਹੈ ਅਤੇ ਕਾਲੇ ਰੰਗ ਦੇ ਇਸ ਪਾਣੀ ਵਿਚ ਮੱਛੀਆਂ ਤੇ ਹੋਰ ਜੀਵ– ਜੰਤੂ ਮਰ ਰਹੇ ਹਨ। ਮਰੀਆਂ ਮੱਛੀਆਂ ਫੁੱਲ ਕੇ ਪਾਣੀ ਉਪਰ ਤੈਰ ਰਹੀਆਂ ਹਨ। ਮਾਹਿਰਾਂ ਦੇ ਅਨੁਸਾਰ ਇਹ ਪਾਣੀ ਜ਼ਿਲਾ ਫਿਰੋਜ਼ਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਅਬੋਹਰ ਤੇ ਰਾਜਸਥਾਨ ਦੇ ਕਿਸਾਨਾਂ ਵੱਲੋਂ ਫਸਲਾਂ ਲਈ ਖੇਤਾਂ ਵਿਚ ਲਾਇਆ ਜਾਂਦਾ ਹੈ ਅਤੇ ਇਹ ਕੈਮੀਕਲ ਵਾਲਾ ਪ੍ਰਦੂਸ਼ਿਤ ਪਾਣੀ ਹਜ਼ਾਰਾਂ ਏਕਡ਼ ਜ਼ਮੀਨ ਨੂੰ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ, ਜਿਸ ਦੇ ਖੇਤਾਂ ਵਿਚ ਦਾਖਲ ਹੋਣ ਨਾਲ ਫਸਲਾਂ ਦੀ ਪੈਦਾਵਾਰ ਬੰਦ ਹੋ ਸਕਦੀ ਹੈ। ਪੰਜਾਬ ਕੇਸਰੀ ਦੀ ਟੀਮ ਵੱਲੋਂ ਹਰੀ ਕੇ ਤੇ ਹੋਰ ਦਰਿਆ ਦੇ ਨਾਲ ਲੱਗਦੇ ਿੲਲਾਕੇ ਦਾ ਸਰਵੇ ਕਰਨ ’ਤੇ ਦੇਖਿਆ ਗਿਆ ਕਿ ਗਰੀਬ ਤੇ ਮੱਛੀ ਖਾਣ ਦੇ ਸ਼ੌਕੀਨ ਲੋਕ ਕੈਮੀਕਲ ਨਾਲ ਭਰੀਆਂ ਮੱਛੀਆਂ ਨੂੰ ਖਾ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਭਿਆਨਕ ਬੀਮਾਰੀਆਂ ਲੱਗ ਸਕਦੀਆਂ ਹਨ।