ਨਵਾਜ਼ ਸ਼ਰੀਫ ਨੇ ਮੰਨਿਆ, ਪਾਕਿਸਤਾਨ ਵਿਚ ਸਰਗਰਮ ਹਨ ਅੱਤਵਾਦੀ ਸੰਗਠਨ

Saturday, May 12, 2018 - 08:29 PM (IST)

ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਅਯੋਗ ਕਰਾਰ ਦਿੱਤੇ ਗਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਪਹਿਲੀ ਵਾਰ ਜਨਤਕ ਤੌਰ ਉੱਤੇ ਮੰਨਿਆ ਹੈ ਕਿ ਦੇਸ਼ ਵਿਚ ਅੱਤਵਾਦੀ ਸੰਗਠਨ ਸਰਗਰਮ ਹਨ। ਉਨ੍ਹਾਂ ਨੇ ਮੁੰਬਈ ਹਮਲਿਆਂ ਦਾ ਜ਼ਿਕਰ ਕਰਦੇ ਹੋਏ ਸਰਕਾਰ ਨੂੰ ਅਜਿਹੇ ਅਨਸਰਾਂ ਨੂੰ ਸਰਹੱਦ ਪਾਰ ਕਰਨ ਅਤੇ ਲੋਕਾਂ ਨੂੰ ਕਤਲ ਕਰਨ ਦੀ ਇਜਾਜ਼ਤ ਦੇਣ ਦੀ ਪਾਕਿਸਤਾਨ ਦੀ ਨੀਤੀ ਉੱਤੇ ਸਵਾਲ ਚੁੱਕੇ ਹਨ। ਇਹ ਗੱਲ ਨਵਾਜ਼ ਸ਼ਰੀਫ ਨੇ ਇਕ ਮੀਡੀਆ ਵਿਚ ਆਈ ਇਕ ਖਬਰ ਵਿਚ ਆਖੀ। ਪਨਾਮਾ ਪੇਪਰ ਮਾਮਲੇ ਵਿਚ ਪਾਕਿਸਤਾਨ ਦੇ ਸੁਪਰੀਮ ਕੋਰਟ ਵਲੋਂ ਜਨਤਕ ਅਹੁਦੇ ਲਈ ਉਮਰ ਭਰ ਅਯੋਗ ਕਰਾਰ ਦਿੱਤੇ ਗਏ ਸ਼ਰੀਫ ਨੇ ਕਿਹਾ ਕਿ ਪਾਕਿਸਤਾਨ ਨੇ ਖੁਦ ਨੂੰ ਅਲੱਗ-ਥਲੱਗ ਕਰ ਲਿਆ ਹੈ। ਸ਼ਰੀਫ ਨੇ ਡਾਨ ਨੂੰ ਕਿਹਾ ਕਿ ਅਸੀਂ ਖੁਦ ਨੂੰ ਅਲੱਗ-ਥਲੱਗ ਕਰ ਲਿਆ ਹੈ। ਬਲਿਦਾਨ ਦੇਣ ਦੇ ਬਾਵਜੂਦ ਸਾਡੀ ਗੱਲ ਨੂੰ ਨਹੀਂ ਮੰਨਿਆ ਜਾ ਰਿਹਾ ਹੈ।
ਅਫਗਾਨਿਸਤਾਨ ਦੀ ਗੱਲ ਮੰਨੀ ਜਾ ਰਹੀ ਹੈ, ਪਰ ਸਾਡੀ ਨਹੀਂ ਮੰਨੀ ਜਾ ਰਹੀ ਹੈ। ਸਾਨੂੰ ਇਸ ਨੂੰ ਦੇਖਣਾ ਚਾਹੀਦਾ ਹੈ। ਪਾਕਿਸਤਾਨ ਵਿਚ ਖੁੱਲ੍ਹੇਆਮ ਸਰਗਰਮ ਮੁੰਬਈ ਹਮਲਿਆਂ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਅਤੇ ਮੌਲਾਨਾ ਮਸੂਦ ਅਜ਼ਹਰ ਦੇ ਅੱਤਵਾਦੀ ਸੰਗਠਨਾਂ-ਜਮਾਤ ਉਦ ਦਾਅਵਾ ਅਤੇ ਜੈਸ਼ ਏ ਮੁਹੰਮਦ ਦਾ ਨਾਂ ਲਏ ਬਿਨਾਂ ਸ਼ਰੀਫ ਨੇ ਕਿਹਾ ਕਿ ਪਾਕਿਸਤਾਨ ਵਿਚ ਅੱਤਵਾਦੀ ਸੰਗਠਨ ਸਰਗਰਮ ਹਨ। ਸ਼ਰੀਫ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਤੋਂ ਅਜਿਹੇ ਅਨਸਰ ਅਖਵਾਉਣਾ, ਕੀ ਸਾਨੂੰ ਉਨ੍ਹਾਂ ਨੂੰ ਹੱਦ ਪਾਰ ਕਰਨ ਅਤੇ ਮੁੰਬਈ ਵਿਚ 150 ਤੋਂ ਜ਼ਿਆਦਾ ਲੋਕਾਂ ਨੂੰ ਕਤਲ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ? ਅਸੀਂ ਮੁਕੱਦਮਾ ਪੂਰਾ ਕਿਉਂ ਨਹੀਂ ਕਰ ਸਕਦੇ? ਮੁੰਬਈ ਹਮਿਲਆਂ ਨਾਲ ਸਬੰਧਿਤ ਮੁਕੱਦਮੇ ਰਾਵਲਪਿੰਡੀ ਸਥਿਤ ਅੱਤਵਾਦ ਰੋਕੂ ਅਦਾਲਤ ਵਿਚ ਪੈਂਡਿੰਗ ਪਏ ਹਨ। ਸ਼ਰੀਫ ਨੇ ਕਿਹਾ ਕਿ ਇਹ (ਸਰਕਾਰ ਅਜਿਹੇ ਅਨਸਰਾਂ ਨੂੰ ਸਰਹੱਦ ਪਾਰ ਕਰਨ ਅਤੇ ਉਥੇ ਅੱਤਵਾਦ ਫੈਲਾਉਣ ਦੀ ਇਜਾਜ਼ਤ ਦੇਣਾ) ਪੂਰੀ ਤਰ੍ਹਾਂ ਨਾ ਮੰਨਣਯੋਗ ਹੈ। ਰਾਸ਼ਟਰਪਤੀ (ਵਲਾਦੀਮਿਰ) ਪੁਤਿਨ ਆਖ ਚੁੱਕੇ ਹਨ।
ਰਾਸ਼ਟਰਪਤੀ ਸ਼ੀ (ਜਿਨਪਿੰਗ) ਇਹ ਆਖ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਸ਼ ਲਗਾਇਆ ਸੀ ਕਿ ਪਾਕਿਸਤਾਨ ਅਮਰੀਕਾ ਨੂੰ ਝੂਠ ਅਤੇ ਧੋਖੇ ਤੋਂ ਸਿਵਾ ਕੁਝ ਨਹੀਂ ਦੇ ਰਿਹਾ ਅਤੇ ਉਹ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹਗਾਹ ਮੁਹੱਈਆ ਕਰਵਾ ਰਿਹਾ ਹੈ। ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸ਼ਰੀਫ (68) ਨੂੰ ਇਸ ਆਧਾਰ ਉੱਤੇ ਅਯੋਗ ਐਲਾਨ ਦਿੱਤਾ ਸੀ ਕਿ ਉਹ ਈਮਾਨਦਾਰ ਅਤੇ ਨੇਕ ਵਿਅਕਤੀ ਨਹੀਂ ਹਨ ਕਿਉਂਕਿ ਉਨ੍ਹਾਂ ਨੇ 2013 ਵਿਚ ਸੰਯੁਕਤ ਅਰਬ ਅਮੀਰਾਤ ਵਿਚ ਆਪਣੇ ਪੁੱਤਰ ਦੀ ਕੰਪਨੀ ਤੋਂ ਮਿਲਣ ਵਾਲੀ ਤਨਖਾਹ ਦਾ ਜ਼ਿਕਰ ਨਹੀਂ ਕੀਤਾ ਸੀ।
ਚੋਟੀ ਦੀ ਅਦਾਲਤ ਨੇ ਫਰਵਰੀ ਵਿਚ ਸ਼ਰੀਫ ਨੂੰ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ-ਐਨ) ਦੇ ਮੁਖੀ ਦੇ ਰੂਪ ਵਿਚ ਵੀ ਅਯੋਗ ਐਲਾਨ ਦਿੱਤਾ ਸੀ। ਫੌਜੀ ਅਤੇ ਕਾਨੂੰਨੀ ਫਾਉਂਡੇਸ਼ਨ ਦਾ ਹਵਾਲਾ ਦਿੰਦੇ ਹੋਏ ਸ਼ਰੀਫ ਨੇ ਕਿਹਾ ਕਿ ਜੇਕਰ ਤੁਹਾਡੇ ਕੋਲ ਦੋ ਜਾਂ ਤਿੰਨ ਸਰਕਾਰਾਂ ਹੋਣ ਤਾਂ ਤੁਸੀਂ ਦੇਸ਼ ਨਹੀਂ ਚਲਾ ਸਕਦੇ। ਇਹ ਰੁਕਣਾ ਚਾਹੀਦਾ ਹੈ ਸਿਰਫ ਇਕ ਸਰਕਾਰ ਹੋ ਸਕਦੀ ਹੈ ਸੰਵਿਧਾਨਕ ਤੌਰ ਉੱਤੇ ਇਕ। ਮੁੰਬਈ ਹਮਲਿਆਂ ਨੂੰ 9 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਪਰ ਪਾਕਿਸਤਾਨ ਵਿਚ ਅਜੇ ਤੱਕ ਕਿਸੇ ਵੀ ਸ਼ੱਕੀ ਨੂੰ ਸਜ਼ਾ ਨਹੀਂ ਦਿੱਤੀ ਗਈ ਹੈ, ਜਿਸ ਤੋਂ ਪਤਾ ਚਲਦਾ ਹੈ ਕਿ ਇਹ ਮਾਮਲਾ ਦੇਸ਼ ਲਈ ਕਦੇ ਪਹਿਲ ਨਹੀਂ ਰਿਹਾ। ਇਨ੍ਹਾਂ ਹਮਲਿਆਂ ਵਿਚ 166 ਲੋਕ ਮਾਰੇ ਗਏ ਸਨ। ਲਸ਼ਕਰ-ਏ-ਤੋਇਬਾ ਦੇ 10 ਹਮਲਾਵਰ ਅੱਤਵਾਦੀਆਂ ਵਿਚੋਂ 9 ਨੂੰ ਭਾਰਤੀ ਸੁਰੱਖਿਆ ਮੁਲਾਜ਼ਮਾਂ ਨੇ ਢੇਰ ਕਰ ਦਿੱਤਾ ਸੀ ਅਤੇ ਅਜਮਲ ਕਸਾਬ ਨੂੰ ਫੜ ਲਿਆ ਸੀ, ਬਾਅਦ ਵਿਚ ਉਸ ਨੂੰ ਫਾਂਸੀ ਦੇ ਦਿੱਤੀ ਗਈ ਸੀ।


Related News