ਨਰਾਇਣ ਦਾਸ ਸਿੱਖ ਪੰਥ ਦੇ ਰੋਹ ਅੱਗੇ ਝੁਕਿਆ!

Monday, May 21, 2018 - 07:38 AM (IST)

ਨਰਾਇਣ ਦਾਸ ਸਿੱਖ ਪੰਥ ਦੇ ਰੋਹ ਅੱਗੇ ਝੁਕਿਆ!

ਅੰਮ੍ਰਿਤਸਰ (ਜ. ਬ.) - ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਗਲਤ ਟਿੱਪਣੀ ਕਰਨ ਵਾਲੇ ਅਖੌਤੀ ਸਾਧ ਨਰਾਇਣ ਦਾਸ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਈ-ਮੇਲ ਰਾਹੀਂ ਭੇਜੀ ਗਏ ਇਕ ਪੱਤਰ ਵਿਚ ਆਪਣੀ ਗਲਤੀ ਨੂੰ ਮੰਨਦਿਆਂ ਖਾਲਸਾ ਪੰਥ ਤੋਂ ਭੁੱਲ ਬਖਸ਼ਾਉਣ ਲਈ ਲਿਲ੍ਹਕੜੀ ਕੱਢੀ ਹੈ। ਨਾਰਾਇਣ ਨਿਵਾਸ ਆਸ਼ਰਮ ਰਿਸ਼ੀਕੇਸ਼  (ਉਤਰਾਖੰਡ) ਵਾਸੀ ਨਰਾਇਣ ਦਾਸ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਂ ਪੰਜਾਬੀ ਵਿਚ ਲਿਖ ਕੇ ਗੁਰਬਾਣੀ ਮੀਨਿੰਗ ਦੇ ਸੰਤ ਨਾਰਾਇਣਦਾਸਜੀਐਟਦਿਜੀਮੇਲਡਾਟਕਾਮ ਤੋਂ ਭੇਜੇ ਮੁਆਫੀਨਾਮਾ ਅਤੇ ਵੀਡੀਓ ਵਿਚ ਫਤਿਹ ਦੀ ਸਾਂਝ ਪਾਉਂਦਿਆਂ ਕਿਹਾ ਕਿ ਉਸ ਵਲੋਂ ਪੰਜਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਜੁਗੋ-ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਭਗਤਾਂ ਦੀ ਬਾਣੀ ਬਾਰੇ ਉਸ ਕੋਲੋਂ ਬੋਲੇ ਗਏ ਗਲਤ ਸ਼ਬਦਾਂ ਲਈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਖਾਲਸਾ ਪੰਥ ਦੀ ਸ਼ਰਨ ਵਿਚ ਆ ਕੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਹਾਜ਼ਰ ਹੋ ਕੇ ਖਿਮਾ ਯਾਜਨਾ ਕਰ ਕੇ ਆਪਣੀ ਭੁਲ ਬਖਸ਼ਾਉਣੀ ਚਾਹੁੰਦਾ ਹੈ।
ਉਨ੍ਹਾਂ ਗੁਰਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿੱਖ ਪੰਥ ਅਤੇ ਸਮੂਹ ਤਖਤਾਂ ਦੇ ਜਥੇਦਾਰ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਕਮੇਟੀ ਅੰਮ੍ਰਿਤਸਰ, ਸਮੂਹ ਸਿੱਖ ਸੰਪਰਦਾਵਾਂ, ਦਮਦਮੀ ਟਕਸਾਲ, ਉਦਾਸੀਨ ਭੇਖ, ਨਿਰਮਲ ਭੇਖ, ਨਿਹੰਗ ਜਥੇਬੰਦੀਆਂ, ਦਿੱਲੀ ਗੁਰਦੁਆਰਾ ਕਮੇਟੀ ਅਤੇ ਸਮੂਹ ਸਿੱਖ ਜਥੇਬੰਦੀਆਂ ਉਸ ਦੀ ਭੁਲ ਨੂੰ ਬੱਚਾ ਜਾਣ ਕੇ ਮੁਆਫ ਕਰਨਗੀਆਂ। ਦਿੱਲੀ ਕਮੇਟੀ ਅਤੇ ਦਮਦਮੀ ਟਕਸਾਲ ਨੂੰ ਵੀ ਭੇਜੀ ਗਈ ਉਕਤ ਪੱਤਰ ਦੀ ਕਾਪੀ 'ਚ ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਸ ਦੇ ਨਾਲ ਹੀ ਅੱਗੇ ਵਾਸਤੇ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਲਈ ਪੰਥ ਵਲੋਂ ਸਾਡਾ ਮਾਰਗਦਰਸ਼ਨ ਕੀਤਾ ਜਾਵੇਗਾ। ਉਸ ਨੇ ਸਿੱਖ ਪੰਥ ਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਭਵਿੱਖ ਵਿਚ ਕੋਈ ਵੀ ਅਜਿਹੀ ਗਲਤੀ ਨਹੀਂ ਕਰਾਂਗਾ, ਜਿਸ ਨਾਲ ਸਿੱਖ ਹਿਰਦਿਆਂ ਨੂੰ ਠੇਸ ਪਹੁੰਚੇ।  
ਉਸ ਨੇ ਕਿਹਾ ਕਿ ਪਿਛਲੇ ਦਿਨੀਂ ਉਸ ਵਲੋਂ ਵਾਇਰਲ ਹੋਈ ਵੀਡੀਓ ਵਿਚ ਜਾਣੇ-ਅਣਜਾਣੇ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਭਗਤਾਂ ਦੀ ਬਾਣੀ ਬਾਰੇ ਬਹੁਤ ਗਲਤ ਸ਼ਬਦਾਵਲੀ ਬੋਲੀ ਗਈ ਹੈ। ਉਨ੍ਹਾਂ ਕਿਹਾ ਕਿ ਉਦਾਸੀ ਸਾਧੂਆਂ ਨੇ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਗੁਰਮਤਿ ਦਾ ਹੀ ਪ੍ਰਚਾਰ ਪ੍ਰਸਾਰ ਕੀਤਾ ਹੈ। ਮੈਨੂੰ ਆਪਣੀ ਗਲਤੀ 'ਤੇ ਬਹੁਤ ਪਛਤਾਵਾ ਹੈ। ਮੈਨੂੰ ਪੂਰਨ ਤੌਰ 'ਤੇ ਅਹਿਸਾਸ ਹੈ ਕਿ ਮੇਰੀ ਇਸ ਗਲਤੀ ਨਾਲ ਸਮੂਹ ਸਿੱਖ ਸੰਗਤਾਂ ਅਤੇ ਹਰ ਗੁਰੂ ਨਾਨਕ ਨਾਮ ਲੇਵਾ ਮਾਈ-ਭਾਈ ਦੇ ਹਿਰਦਿਆਂ ਨੂੰ ਭਾਰੀ ਠੇਸ ਪਹੁੰਚੀ ਹੈ।  
ਪੱਤਰ ਦੇ ਅਖੀਰ 'ਚ ਉਨ੍ਹਾਂ ਆਸ ਪ੍ਰਗਟ ਕੀਤੀ ਕਿ ਪੰਥ ਮੈਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਹਾਜ਼ਰ ਹੋ ਕੇ ਆਪਣੀ ਗਲਤੀ ਲਈ ਖਿਮਾ-ਜਾਚਨਾ ਕਰਨ ਦਾ ਮੌਕਾ ਜ਼ਰੂਰ ਦੇਵੇਗਾ ਅਤੇ ਮੈਂ ਖਾਲਸਾ ਪੰਥ ਦੇ ਹਰ ਹੁਕਮ ਨੂੰ ਮੰਨਣ ਦਾ ਪਾਬੰਦ ਹੋਵਾਂਗਾ।   ਯਾਦ ਰਹੇ ਕਿ ਬੀਤੇ ਦਿਨ ਨਰਾਇਣ ਦਾਸ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਭਗਤਾਂ ਦੀ ਬਾਣੀ ਬਾਰੇ ਅਪਸ਼ਬਦ ਬੋਲੇ ਗਏ ਸਨ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਨਾਲ ਸਿੱਖ ਸੰਗਤਾਂ ਵਿਚ ਭਾਰੀ ਰੋਸ ਪਾਇਆ ਗਿਆ ਸੀ। ਦਮਦਮੀ ਟਕਸਾਲ ਸਮੇਤ ਸ਼੍ਰੋਮਣੀ ਕਮੇਟੀ ਅਤੇ ਹੋਰ ਪੰਥਕ ਧਿਰਾਂ ਨੇ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਨੂੰ ਮੰਗ ਪੱਤਰਾਂ ਦੀ ਝੜੀ ਲਾਉਂਦਿਆਂ ਉਕਤ ਨਰਾਇਣ ਦਾਸ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਸੀ।


Related News