ਸ਼ਹਿਰ ''ਚ ਅਵਾਰਾ ਕੁੱਤਿਆਂ ਦੀ ਦਹਿਸ਼ਤ! ਦੋ ਸਕੂਲੀ ਬੱਚਿਆਂ ''ਤੇ ਕੀਤਾ ਹਮਲਾ

Tuesday, May 15, 2018 - 12:31 AM (IST)

ਸ਼ਹਿਰ ''ਚ ਅਵਾਰਾ ਕੁੱਤਿਆਂ ਦੀ ਦਹਿਸ਼ਤ! ਦੋ ਸਕੂਲੀ ਬੱਚਿਆਂ ''ਤੇ ਕੀਤਾ ਹਮਲਾ

ਪਟਿਆਲਾ(ਇੰਦਰ)-ਸ਼ਹਿਰ ਵਿਚ ਹਰ ਪਾਸੇ ਅਵਾਰਾ ਕੁੱਤਿਆਂ ਤੇ ਪਸ਼ੂਆਂ ਦੀ ਦਹਿਸ਼ਤ ਹੈ। ਇਨ੍ਹਾਂ ਦੀ ਲਗਾਤਾਰ ਵਧ ਰਹੀ ਅਬਾਦੀ ਨੂੰ ਲੈ ਕੇ ਨਾ ਤਾਂ ਨਗਰ ਨਿਗਮ ਦਾ ਪ੍ਰਸ਼ਾਸਨ ਸੰਜੀਦਾ ਹੈ, ਨਾ ਹੀ ਇਨ੍ਹਾਂ ਦੀ ਅਬਾਦੀ ਨੂੰ ਘੱਟ ਕਰਨ ਲਈ ਕਿਸੇ ਤਰ੍ਹਾਂ ਦਾ ਯਤਨ ਕੀਤਾ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ਸ਼ਹਿਰ ਦੀ ਸ਼ਾਇਦ ਕੋਈ ਸੜਕ ਜਾਂ ਗਲੀ ਹੋਵੇ ਜਿੱਥੇ ਇਨ੍ਹਾਂ ਦੀ ਦਹਿਸ਼ਤ ਨਾ ਹੋਵੇ। ਪੈਦਲ, ਸਾਈਕਲ ਤੇ ਰਿਕਸ਼ੇ ਆਦਿ 'ਤੇ ਚੱਲਣ ਵਾਲਿਆਂ ਲਈ ਇਹ ਅਵਾਰਾ ਕੁੱਤੇ ਆਫ਼ਤ ਬਣ ਗਏ ਹਨ। ਹੁਣ ਇਹ ਬਾਰਾਂਦਰੀ ਪਾਰਕ ਵਿਚ ਸੈਰ ਕਰਨ ਦੇ ਨਾਲ-ਨਾਲ ਆਮ ਆਉਣ ਜਾਣ ਵਾਲੇ ਲੋਕਾਂ ਦੇ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ।  ਬੀਤੇ ਦਿਨੀਂ ਅਰਬਨ ਅਸਟੇਟ ਦੇ ਰਹਿਣ ਵਾਲੇ 2 ਸਕੂਲੀ ਵਿਦਿਆਰਥੀ ਰਮਨਦੀਪ ਸਿੰਘ ਤੇ ਗੁਰਜੀਤ ਸਿੰਘ 'ਤੇ ਉਸ ਸਮੇਂ ਅਵਾਰਾ ਕੁੱਤਿਆਂ ਨੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਜਦੋਂ ਉਹ ਸਾਈਕਲ 'ਤੇ ਸਕੂਲ ਜਾ ਰਹੇ ਸਨ। ਸ਼ਹਿਰ ਦੀਆਂ ਸੜਕਾਂ ਤੇ ਮੁਹੱਲਿਆਂ ਵਿਚ ਇਨ੍ਹਾਂ ਕੁੱਤਿਆਂ ਦਾ ਖੌਫ ਹੈ। ਨਗਰ ਨਿਗਮ ਮੂਕ ਦਰਸ਼ਕ ਬਣੀ ਦੇਖ ਰਹੀ ਹੈ।
ਨਹੀਂ ਸ਼ੁਰੂ ਹੋਇਆ ਨਲਬੰਦੀ ਅਭਿਆਨ 
ਐਨੀਮਲ ਬਰਥ ਕੰਟਰੋਲ ਤਹਿਤ ਕੁੱਤਿਆਂ ਦਾ ਨਲਬੰਦੀ ਅਭਿਆਨ ਅਜੇ ਤੱਕ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋਇਆ। ਇਨ੍ਹਾਂ ਦੀ ਲਗਾਤਾਰ ਵਧ ਰਹੀ ਗਿਣਤੀ ਕਾਰਨ ਸ਼ਹਿਰ ਵਾਸੀ ਪ੍ਰੇਸ਼ਾਨ ਹਨ। ਕਈ ਵਾਹਨ ਚਾਲਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਚੁੱਕੇ ਹਨ। ਸ਼ਹਿਰ ਵਿਚ ਕਈ ਥਾਵਾਂ 'ਤੇ ਅਕਸਰ ਅਵਾਰਾ ਕੁੱਤਿਆਂ ਦੇ ਝੁੰਡਾਂ ਨੂੰ ਦੇਖਿਆ ਜਾ ਸਕਦਾ ਹੈ। ਆਲਮ ਇਹ ਹੈ ਕਿ ਪ੍ਰੇਸ਼ਾਨ ਹੋ ਕੇ ਲੋਕ ਸਵੇਰੇ ਤੇ ਦੇਰ ਰਾਤ ਨੂੰ ਘਰਾਂ 'ਚੋਂ ਨਿਕਲਣ ਤੋਂ ਵੀ ਗੁਰੇਜ਼ ਕਰਨ ਲੱਗੇ ਹਨ। ਸਕੂਲ ਜਾਣ ਵਾਲੇ ਬੱਚਿਆਂ ਨੂੰ ਲੈ ਕੇ ਮਾਪੇ ਅਕਸਰ ਇਸ ਲਈ ਪ੍ਰੇਸ਼ਾਨ ਰਹਿੰਦੇ ਹਨ ਕਿ ਕਿਤੇ ਅਵਾਰਾ ਕੁੱਤੇ ਉਨਾਂ 'ਤੇ ਕੋਈ ਹਮਲਾ ਨਾ ਕਰ ਦੇਣ। ਉਨ੍ਹਾਂ ਨਗਰ ਨਿਗਮ ਤੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਵਾਰਾ ਕੁੱਤਿਆਂ 'ਤੇ ਕੰਟਰੋਲ ਕਰਨ ਲਈ ਤੁਰੰਤ ਕੋਈ ਸਥਾਈ ਹੱਲ ਲੱਭਣ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। 


Related News