ਹਿੰਦੂ ਰਘੂਵੰਸ਼ੀ ਸਨ ਮੁਹੰਮਦ ਅਲੀ ਜਿੱਨਾਹ ਦੇ ਪੁਰਖੇ

06/01/2018 12:02:49 AM

ਮੌਤ ਦੇ 70 ਸਾਲਾਂ ਬਾਅਦ ਵੀ ਮੁਹੰਮਦ ਅਲੀ ਜਿੱਨਾਹ ਦੀ ਤਸਵੀਰ ਭਾਰਤ 'ਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ. ਐੱਮ. ਯੂ.), ਬਾਂਬੇ ਹਾਈਕੋਰਟ ਅਤੇ ਸਾਬਰਮਤੀ ਆਸ਼ਰਮ ਵਰਗੀਆਂ ਥਾਵਾਂ ਦਾ ਸ਼ਿੰਗਾਰ ਬਣੀ ਹੋਈ ਹੈ। ਉਧਰ ਕਰਾਚੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਇਮਾਰਤ 'ਚ ਅੱਜ ਵੀ ਇਹ ਦਰਜ ਹੈ ਕਿ ਇਸ ਦਾ ਨੀਂਹ ਪੱਥਰ 1934 'ਚ ਮਹਾਤਮਾ ਗਾਂਧੀ ਨੇ ਰੱਖਿਆ ਸੀ। ਸਪੱਸ਼ਟ ਹੈ ਕਿ ਦੋਹਾਂ ਦੇਸ਼ਾਂ ਨੇ ਇਕ-ਦੂਜੇ ਦੇ ਪੁਰਖਿਆਂ ਨੂੰ ਭੁਲਾਇਆ ਨਹੀਂ ਹੈ। 
ਹੁਣੇ ਜਿਹੇ ਭਾਜਪਾ ਸੰਸਦ ਮੈਂਬਰ ਸਤੀਸ਼ ਗੌਤਮ ਨੇ ਏ. ਐੱਮ. ਯੂ. 'ਚੋਂ ਜਿੱਨਾਹ ਦੀ ਤਸਵੀਰ ਹਟਾਏ ਜਾਣ ਲਈ ਕਿਹਾ ਸੀ। ਇਹ ਮੰਗ ਬਹੁਤ ਤ੍ਰਾਸਦੀਪੂਰਨ ਸੀ ਕਿਉਂਕਿ ਜਿੱਨਾਹ ਨੂੰ ਬੁਰਾ-ਭਲਾ ਕਹਿਣ ਦੀ ਬਜਾਏ ਮੋਦੀ ਸਰਕਾਰ ਨੂੰ ਚਾਹੀਦਾ ਇਹ ਸੀ ਕਿ ਕਾਇਦੇ-ਆਜ਼ਮ ਨੂੰ ਮਰਨ ਤੋਂ ਬਾਅਦ 'ਭਾਰਤ ਰਤਨ' ਨਾਲ ਨਿਵਾਜਦੇ। ਆਖਿਰ ਜਿੱਨਾਹ ਦੀ ਬਦੌਲਤ ਹੀ ਤਾਂ ਭਾਰਤ ਹਿੰਦੂ ਬਹੁਲਤਾ ਵਾਲਾ ਦੇਸ਼ ਬਣਿਆ ਸੀ, ਜਦਕਿ ਇਸਲਾਮਪ੍ਰਸਤਾਂ ਨੂੰ ਉਪ-ਮਹਾਦੀਪ ਦੇ ਇਕ ਕੋਨੇ 'ਚ ਧੱਕ ਦਿੱਤਾ ਗਿਆ ਸੀ। ਇਸੇ ਕਾਰਨ ਵਿਸ਼ਵ ਪ੍ਰਸਿੱਧ ਮਦਰੱਸੇ ਨੇ ਜਿੱਨਾਹ ਦਾ ਵਿਰੋਧ ਕੀਤਾ ਸੀ।
ਜ਼ਰਾ ਇਸ ਤੱਥ 'ਤੇ ਗੌਰ ਕਰੋ ਕਿ ਜੇ ਭਾਰਤ ਦੀ ਵੰਡ ਨਾ ਹੋਈ ਹੁੰਦੀ ਤਾਂ ਅੱਜ ਇਸ ਦੀ ਮੁਸਲਿਮ ਆਬਾਦੀ ਲੱਗਭਗ 60 ਕਰੋੜ ਹੁੰਦੀ। ਕੀ ਇੰਨੇ ਵੱਡੇ ਘੱਟਗਿਣਤੀ ਭਾਈਚਾਰੇ ਨਾਲ ਹਿੰਦੂ ਅਮਨਪੂਰਵਕ ਰਹਿ ਸਕਦੇ ਸਨ? ਜਾਂ ਜੇਕਰ ਵਿੰਸਟਨ ਚਰਚਿਲ ਦੀ ਭਵਿੱਖਬਾਣੀ ਨੂੰ ਸਹੀ ਸਿੱਧ ਕਰਦਿਆਂ ਭਾਰਤ ਕਈ ਟੁਕੜਿਆਂ 'ਚ ਵੰਡਿਆ ਗਿਆ ਹੁੰਦਾ, ਤਾਂ ਕੀ ਹੁੰਦਾ? ਇਸ ਸਥਿਤੀ ਵਿਚ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਮੁਸਲਿਮ ਦੇਸ਼ ਬਣ ਗਿਆ ਹੁੰਦਾ।
ਪੱਤਰਕਾਰ ਅਤੇ ਲੇਖਕ ਵੀਰੇਂਦਰ ਪੰਡਿਤ ਨੇ 2017 ਵਿਚ ਛਪੀ ਆਪਣੀ ਕਿਤਾਬ 'ਰਿਟਰਨ ਆਫ ਦਿ ਇਨਫਾਈਡਲ' (ਕਾਫਿਰ ਦੀ ਘਰ ਵਾਪਸੀ) ਵਿਚ ਬਿਲਕੁਲ ਸਹੀ ਦਲੀਲਾਂ ਦਿੱਤੀਆਂ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਜਿੱਨਾਹ ਕੋਈ ਸ਼ਰਧਾਵਾਨ ਜਾਂ ਪ੍ਰਹੇਜ਼ਗਾਰ ਮੁਸਲਮਾਨ ਨਹੀਂ ਸਨ। 
ਉਨ੍ਹਾਂ ਲਈ ਪਾਕਿਸਤਾਨ ਦੀ ਸਿਰਜਣਾ ਆਪਣੇ ਜਾਤੀਗਤ ਵਿਰੋਧੀ ਮਹਾਤਮਾ ਗਾਂਧੀ ਨਾਲ ਹਿਸਾਬ ਬਰਾਬਰ ਕਰਨ ਦੀ ਜ਼ਿੱਦ ਸੀ, ਨਾ ਕਿ ਮੁਸਲਿਮ ਉਮੀਦਾਂ ਅਤੇ ਉਮੰਗਾਂ ਨੂੰ ਸਾਕਾਰ ਕਰਨ ਲਈ ਅਜਿਹਾ ਕੀਤਾ ਗਿਆ। ਭਾਰਤੀ ਜਾਤ ਵਿਵਸਥਾ 'ਚ ਕਾਰਜ ਪ੍ਰਣਾਲੀ ਨੂੰ ਸਮਝਣ ਨਾਲ ਸਾਨੂੰ ਵੰਡ ਦੇ ਰਹੱਸ ਦੀਆਂ ਉਲਝਣਾਂ ਸੁਲਝਾਉਣ 'ਚ ਮਦਦ ਮਿਲੇਗੀ।
ਦਿਲਚਸਪ ਗੱਲ ਹੈ ਕਿ ਗਾਂਧੀ ਅਤੇ ਜਿੱਨਾਹ ਦੋਹਾਂ ਦੇ ਪਰਿਵਾਰ ਗੁਜਰਾਤ ਦੇ ਸੌਰਾਸ਼ਟਰ ਇਲਾਕੇ ਦੇ ਇਕ-ਦੂਜੇ ਨਾਲ ਲੱਗਦੇ ਜ਼ਿਲਿਆਂ ਦੇ ਰਹਿਣ ਵਾਲੇ ਸਨ। ਗਾਂਧੀ ਪੋਰਬੰਦਰ ਜ਼ਿਲੇ ਨਾਲ ਸਬੰਧਤ ਸਨ, ਜਦਕਿ ਜਿੱਨਾਹ ਰਾਜਕੋਟ ਜ਼ਿਲੇ ਦੀ ਉਪਲੇਟਾ ਤਹਿਸੀਲ ਦੇ ਪਿੰਡ ਮੋਟੀਪਰੇਲੀ ਦੇ ਰਹਿਣ ਵਾਲੇ ਸਨ। 
ਇਸ ਕਿਤਾਬ 'ਚ ਉਸ ਦੌਰ ਦੀ ਸਿਆਸਤ ਅਤੇ ਪ੍ਰਮੁੱਖ ਹਸਤੀਆਂ ਬਾਰੇ ਬਹੁਤ ਦਿਲਚਸਪ ਢੰਗ ਨਾਲ ਜ਼ਿਕਰ ਕੀਤਾ ਗਿਆ ਹੈ, ਜੋ ਵਰਤਮਾਨ ਨੂੰ ਪ੍ਰਤੀਬਿੰਬਤ ਕਰਨ ਦੇ ਨਾਲ-ਨਾਲ ਭਵਿੱਖ ਦੀ ਝਾਕੀ ਵੀ ਪੇਸ਼ ਕਰਦੀ ਹੈ। ਵੀਰੇਂਦਰ ਪੰਡਿਤ ਦਾ ਦਾਅਵਾ ਹੈ ਕਿ ਗਾਂਧੀ ਨੇ ਅਸਲ 'ਚ ਜਿੱਨਾਹ ਨੂੰ ਆਪਣੀਆਂ ਚਾਲਾਂ 'ਚ ਫਸਾ ਕੇ ਪਾਕਿਸਤਾਨ ਦੀ ਮੰਗ ਕਰਨ ਵੱਲ ਧੱਕਿਆ ਅਤੇ ਇਸ ਤਰ੍ਹਾਂ ਬੰਗਾਲ ਦੀ ਵੰਡ ਦਾ 1905 ਵਾਲਾ ਸਫਲ ਅੰਦੋਲਨ 1947 ਵਿਚ ਭਾਰਤ ਦੀ ਵੰਡ ਦੇ ਰੂਪ ਵਿਚ ਆਪਣੇ ਦਲੀਲੀ ਸਿੱਟੇ 'ਤੇ ਪਹੁੰਚਿਆ। ਇਸ ਤਰ੍ਹਾਂ 'ਬੇਚਾਰਾ' ਜਿੱਨਾਹ ਮਹਾਤਮਾ ਗਾਂਧੀ ਦੇ ਤਿਆਰ ਕੀਤੇ ਰਾਹ 'ਤੇ ਅੱਗੇ ਵਧਦਾ ਰਿਹਾ।
ਮਹਾਤਮਾ ਗਾਂਧੀ ਮੌਧ ਬਾਣੀਆ ਜਾਤ ਨਾਲ ਸਬੰਧਤ ਸਨ, ਜਦਕਿ ਜਿੱਨਾਹ ਨੇ ਆਪਣੇ ਦਾਦਾ ਵਲੋਂ ਇਸਲਾਮ ਵਿਚ ਧਰਮ ਪਰਿਵਰਤਨ ਕਰਨ ਦੇ ਬਾਵਜੂਦ ਉਨ੍ਹਾਂ ਦੀ ਲੋਹਾਣਾ-ਠੱਕਰ ਜਾਤ ਦੀਆਂ ਜ਼ਿੱਦੀ ਆਦਤਾਂ ਵਿਰਾਸਤ 'ਚ ਹਾਸਿਲ ਕੀਤੀਆਂ। ਇਹ ਦੋਵੇਂ ਜਾਤਾਂ ਰਵਾਇਤੀ ਤੌਰ 'ਤੇ ਇਕ-ਦੂਜੇ ਦੀਆਂ ਵਿਰੋਧੀ ਹਨ ਅਤੇ ਦੋਹਾਂ ਨੂੰ ਹੀ ਉਨ੍ਹਾਂ ਦੀ ਪੇਸ਼ੇਵਰ ਕੁਸ਼ਲਤਾ ਲਈ ਜਾਣਿਆ ਜਾਂਦਾ ਹੈ। ਇਨ੍ਹਾਂ ਜਾਤਾਂ ਦੇ ਲੋਕ ਬਹੁਤ ਵੱਡੀਆਂ ਪ੍ਰਾਪਤੀਆਂ ਹਾਸਿਲ ਕਰਨ ਵਾਲੇ ਮੰਨੇ ਜਾਂਦੇ ਹਨ। ਧੀਰੂ ਭਾਈ ਅੰਬਾਨੀ ਤੇ ਨਰਿੰਦਰ ਮੋਦੀ ਵੀ ਵਿਰਾਟ ਮੌਧ ਜਾਤ ਨਾਲ ਹੀ ਸਬੰਧਤ ਹਨ। 
ਜਿੱਨਾਹ ਆਪਣੇ 7 ਭੈਣਾਂ-ਭਰਾਵਾਂ 'ਚੋਂ ਸਭ ਤੋਂ ਵੱਡੇ ਸਨ। ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ 'ਚੋਂ ਕੋਈ ਵੀ ਪਾਕਿਸਤਾਨ ਨਹੀਂ ਗਿਆ ਸੀ। ਆਪਣੇ ਸੁਪਨਿਆਂ ਦੇ ਪਾਕਿਸਤਾਨ ਵਾਂਗ ਜਿੱਨਾਹ ਖ਼ੁਦ ਵੀ ਤੱਤ ਰੂਪ ਵਿਚ 'ਅੱਧਾ ਤਿੱਤਰ, ਅੱਧਾ ਬਟੇਰ' ਸਨ। ਇਥੋਂ ਤਕ ਕਿ ਉਨ੍ਹਾਂ ਦੀ ਇਕਲੌਤੀ ਧੀ ਦੀਨਾ ਵਾਡੀਆ (88) ਨੇ ਮੁੰਬਈ ਵਿਚ ਸਥਿਤ ਉਨ੍ਹਾਂ ਦੀ ਜਾਇਦਾਦ 'ਜਿੱਨਾਹ ਹਾਊਸ' ਉੱਤੇ 2008 ਵਿਚ ਹਿੰਦੂ ਵਿਰਾਸਤ ਕਾਨੂੰਨਾਂ ਦੇ ਤਹਿਤ ਹੀ ਦਾਅਵਾ ਠੋਕਿਆ ਸੀ।  'ਪਾਕਿਸਤਾਨ ਦੇ ਰਾਸ਼ਟਰਪਿਤਾ' ਨੇ ਖ਼ੁਦ ਆਪਣੀ ਵਸੀਅਤ ਵਿਚ ਆਪਣੀਆਂ ਜਾਇਦਾਦਾਂ ਦੀ ਵੰਡ ਹਿੰਦੂ ਕਾਨੂੰਨਾਂ ਅਨੁਸਾਰ ਕੀਤੀ ਸੀ। 
ਪੰਡਿਤ ਨੇ ਲਿਖਿਆ ਹੈ : ''ਸੌਰਾਸ਼ਟਰ ਇਲਾਕੇ ਦੀ ਲੋਹਾਣਾ-ਠੱਕਰ ਹਿੰਦੂ ਜਾਤ 'ਚੋਂ ਬਾਈਕਾਟ ਕੀਤੇ ਜਾਣ ਤੋਂ ਬਾਅਦ ਜਿੱਨਾਹ ਪਰਿਵਾਰ ਤਿੰਨ ਪੁਸ਼ਤਾਂ ਤਕ ਆਪਣੀ ਇਸਲਾਮੀ ਪਛਾਣ ਹਾਸਿਲ ਕਰਨ ਲਈ ਸੰਘਰਸ਼ ਕਰਦਾ ਰਿਹਾ। ਇਸ ਜਾਤ ਬਾਰੇ ਅਜਿਹੀ ਮਾਨਤਾ ਹੈ ਕਿ ਉਹ ਭਗਵਾਨ ਸ਼੍ਰੀ ਰਾਮ ਦੇ ਪੂਰਵਜ ਰਘੂ ਦੇ ਨਾਂ 'ਤੇ ਚੱਲ ਰਹੇ ਰਘੂਵੰਸ਼ ਖਾਨਦਾਨ ਨਾਲ ਸਬੰਧਤ ਹਨ।
ਉਂਝ ਕੁਝ ਲੋਕਾਂ ਦਾ ਮੰਨਣਾ ਹੈ ਕਿ ਉਹ ਭਾਟੀਆ ਰਾਜਪੂਤ ਸਨ। ਇਸ ਮੁਸਲਿਮ ਬਹੁਲਤਾ ਵਾਲੇ ਟਾਪੂ 'ਤੇ ਵਸੇ ਬਹੁਤ ਸਾਰੇ ਠੱਕਰ ਨਵੀਂ ਅਤੇ ਪੁਰਾਣੀ ਦੋਹਾਂ ਤਰ੍ਹਾਂ ਦੀ ਦੁਨੀਆ ਵਿਚ ਆਪਣੀਆਂ ਜੜ੍ਹਾਂ ਜਮਾਈ ਰੱਖਣ ਲਈ ਆਪਣੇ ਖਾਨਦਾਨਾਂ 'ਚ ਹਰ ਪੀੜ੍ਹੀ 'ਚ ਬਦਲ-ਬਦਲ ਕੇ ਹਿੰਦੂ ਤੇ ਮੁਸਲਿਮ ਨਾਂ ਰੱਖਦੇ ਆ ਰਹੇ ਹਨ।''
ਜਿੱਨਾਹ ਦੇ ਦਾਦਾ ਇਕ ਧਾਰਮਿਕ ਹਿੰਦੂ ਪ੍ਰੇਮਜੀ ਭਾਈ ਮੇਘ ਜੀ ਠੱਕਰ ਸਨ। 19ਵੀਂ ਸਦੀ ਦੇ ਸ਼ੁਰੂ 'ਚ ਉਨ੍ਹਾਂ ਨੇ ਮੱਛੀ ਫੜਨ ਦਾ ਧੰਦਾ ਅਪਣਾ ਲਿਆ। ਸਿੱਟੇ ਵਜੋਂ ਘੋਰ ਰਵਾਇਤੀ ਵੈਸ਼ਣਵ ਜਾਤ ਨੇ ਉਨ੍ਹਾਂ ਦਾ ਸਮਾਜਿਕ ਬਾਈਕਾਟ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਮਜਬੂਰੀ 'ਚ ਇਸਲਾਮ ਕਬੂਲ ਕਰ ਲਿਆ, ਜਿਸ ਨਾਲ ਉਹ ਆਪਣੀ ਜਾਤ ਤੋਂ ਹੋਰ ਵੀ ਦੂਰ ਹੋ ਗਏ। 
ਪਰਿਵਾਰ ਦੇ ਕੁਝ ਮੈਂਬਰਾਂ ਨੇ ਉਨ੍ਹਾਂ ਨੂੰ ਮੁੜ ਸਮਝਾ-ਬੁਝਾ ਕੇ ਹਿੰਦੂ ਧਰਮ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਪੋਂਗਾਪੰਥੀ ਪੁਜਾਰੀਆਂ ਨੇ ਉਨ੍ਹਾਂ ਦੀ ਇਕ ਨਾ ਚੱਲਣ ਦਿੱਤੀ। ਆਖਿਰ ਪ੍ਰੇਮਜੀ ਨੂੰ ਬਾਹਰੀ ਤੌਰ 'ਤੇ ਮੁਸਲਿਮ ਹੋਣ ਦੀ ਕਵਾਇਦ ਕਰਨੀ ਪਈ। ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂ ਝਿਨੀਆਭਾਈ ਰੱਖਿਆ ਸੀ ਕਿਉਂਕਿ ਉਸ ਦਾ ਸਰੀਰ ਬਿਲਕੁਲ ਹੱਡੀਆਂ ਦੇ ਪਿੰਜਰ ਵਰਗਾ ਸੀ। ਇਹ ਪੂਰਾ ਕੁਨਬਾ ਆਪਣੇ ਸਮੁੱਚੇ ਜੀਵਨ 'ਚ ਸਿਰਫ ਦਿਖਾਵੇ ਦੇ ਤੌਰ 'ਤੇ ਹੀ ਮੁਸਲਮਾਨ ਸੀ। 
ਜਿੱਨਾਹ ਨੂੰ ਆਪਣਾ ਕਮਜ਼ੋਰ ਜਿਹਾ ਸਰੀਰਕ ਢਾਂਚਾ ਆਪਣੇ ਪਿਤਾ ਝਿਨੀਆਭਾਈ ਤੋਂ ਵਿਰਾਸਤ 'ਚ ਮਿਲਿਆ ਸੀ। ਅੱਜ ਤਕ ਗੁਜਰਾਤ 'ਚ ਕਮਜ਼ੋਰ ਅਤੇ ਸੁੱਕੇ-ਸੜੇ ਸਰੀਰ ਵਾਲੇ ਲੋਕਾਂ ਨੂੰ 'ਝਿਨੀਆ' ਕਿਹਾ ਜਾਂਦਾ ਹੈ। 
ਦਿਲਚਸਪ ਗੱਲ ਇਹ ਹੈ ਕਿ ਪ੍ਰੇਮਜੀ ਭਾਈ ਇਸਲਾਮ ਅਪਣਾਉਣ ਦੇ ਬਾਵਜੂਦ ਮੁੱਖ ਧਾਰਾ ਦੇ ਸ਼ੀਆ ਜਾਂ ਸੁੰਨੀ ਮਤਾਂ 'ਚੋਂ ਕਿਸੇ ਵਿਚ ਵੀ ਸ਼ਾਮਿਲ ਨਹੀਂ ਹੋਏ ਸਨ। ਇਸ ਦੀ ਬਜਾਏ ਉਨ੍ਹਾਂ ਨੇ ਇਨ੍ਹਾਂ ਦੋਹਾਂ ਭਾਈਚਾਰਿਆਂ ਵਲੋਂ 'ਕਾਫਿਰ' ਮੰਨੇ ਜਾਂਦੇ ਖੋਜਾ-ਇਸਮਾਇਲੀ ਮਤ ਵਿਚ ਸ਼ਾਮਿਲ ਹੋਣਾ ਬਿਹਤਰ ਸਮਝਿਆ। ਇਸ ਦੇ ਦੋ ਕਾਰਨ ਸਨ। 
ਪਹਿਲਾ—ਆਗਾ ਖਾਨ ਦੇ ਪੈਰੋਕਾਰ ਇਨ੍ਹਾਂ ਧਨਾਢ ਲੋਕਾਂ ਨੇ ਇਸ ਮਤ ਦੀ ਕਾਫੀ ਵਿੱਤੀ ਸਹਾਇਤਾ ਕੀਤੀ ਸੀ ਅਤੇ ਦੂਜਾ, ਉਹ ਆਪਣੇ ਉਨ੍ਹਾਂ ਹਿੰਦੂ ਆਲੋਚਕਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ, ਜਿਨ੍ਹਾਂ ਨੇ ਸ਼ੁੱਧ ਵੈਸ਼ਨੋ ਖਾਣ-ਪੀਣ ਦੀ ਪ੍ਰਣਾਲੀ ਦੀ ਉਲੰਘਣਾ ਦਾ ਦੋਸ਼ ਲਾ ਕੇ ਉਨ੍ਹਾਂ ਦਾ ਸਮਾਜਿਕ ਬਾਈਕਾਟ ਕੀਤਾ ਸੀ। 
ਧਰਮ ਪਰਿਵਰਤਨ ਦੇ ਬਾਵਜੂਦ ਪ੍ਰੇਮਜੀ ਭਾਈ ਨੇ ਆਪਣੇ ਕੁਲਦੇਵਤਾ ਸ਼੍ਰੀਨਾਥ ਜੀ ਤੋਂ ਇਲਾਵਾ ਠਾਕੁਰ ਜੀ ਅਤੇ ਤੁਲਸੀ ਦੀ ਪੂਜਾ ਕਰਨੀ ਜਾਰੀ ਰੱਖੀ। ਸ਼੍ਰੀਨਾਥ ਜੀ ਨੂੰ ਭਗਵਾਨ ਕ੍ਰਿਸ਼ਨ ਦਾ ਅਵਤਾਰ ਮੰਨਿਆ ਜਾਂਦਾ ਹੈ। 
ਹਾਲਾਂਕਿ ਬਾਹਰੀ ਤੌਰ 'ਤੇ ਪ੍ਰੇਮਜੀ ਮਸਜਿਦ ਵਿਚ ਵੀ ਜਾਂਦੇ ਸਨ। ਖੋਜਾ-ਇਸਮਾਇਲੀ ਭਾਈਚਾਰੇ ਵਿਚ ਪ੍ਰੇਮਜੀ ਭਾਈ ਆਪਣੇ ਦੋਸਤ, ਮਾਰਗਦਰਸ਼ਕ ਅਤੇ ਧਰਮ ਉਪਦੇਸ਼ਕ ਆਦਮਜੀ ਖੋਜਾ ਦੀ ਬਦੌਲਤ ਸ਼ਾਮਿਲ ਹੋਏ ਤੇ ਇਹੋ ਵਿਅਕਤੀ ਉਨ੍ਹਾਂ ਨੂੰ ਪਹਿਲਾਂ ਮੱਛੀ ਦੇ ਧੰਦੇ ਵਿਚ ਅਤੇ ਫਿਰ ਆਗਾ ਖਾਨ ਦੀ ਸੰਗਤ 'ਚ ਲਿਆਇਆ ਸੀ। ਪ੍ਰੇਮਜੀ ਭਾਈ ਦੇ ਤਿੰਨ ਬੇਟੇ ਸਨ—ਗੰਗਜੀ, ਨੱਥੂ ਅਤੇ ਪੂੰਜਾ (ਝਿਨੀਆ)। ਤਿੰਨਾਂ ਨੂੰ ਹੀ ਆਪਣੀ ਜਾਤ 'ਚੋਂ ਕੋਈ ਰਿਸ਼ਤਾ ਨਹੀਂ ਮਿਲ ਰਿਹਾ ਸੀ। ਇਸੇ ਕਾਰਨ ਉਨ੍ਹਾਂ ਨੇ ਧਰਮ ਬਦਲਣ ਵਾਲੇ ਪਰਿਵਾਰਾਂ ਵਿਚ ਵਿਆਹ ਕਰਵਾਏ। ਬਾਅਦ ਵਿਚ ਉਹ ਆਪਣੇ ਜੱਦੀ ਪਿੰਡ ਨੂੰ ਛੱਡ ਕੇ ਹੋਰਨਾਂ ਥਾਵਾਂ 'ਤੇ ਜਾ ਵਸੇ ਅਤੇ ਝਿਨੀਆ ਕਰਾਚੀ ਵਿਚ ਜਾ ਕੇ ਵਸ ਗਿਆ।
ਜਿੱਨਾਹ ਦੇ ਪਿਤਾ ਦਾ ਪੂਰਾ ਨਾਂ ਝਿਨੀਆ ਉਰਫ ਪੂੰਜਾਭਾਈ ਪ੍ਰੇਮਜੀ ਭਾਈ ਠੱਕਰ ਸੀ।  ਆਪਣੀ ਧਾਰਮਿਕ ਪਛਾਣ ਲੁਕਾਉਣ ਲਈ ਉਨ੍ਹਾਂ ਨੇ ਆਪਣੇ ਵੱਡੇ ਪੁੱਤਰ ਦਾ ਨਾਂ ਮੁਹੰਮਦ ਦੀ ਬਜਾਏ 'ਮਾਮਦ' ਰੱਖਿਆ। ਜਿੱਨਾਹ ਦਾ ਪੂਰਾ ਨਾਂ ਮਾਮਦ ਭਾਈ ਝਿਨੀਆਭਾਈ ਠੱਕਰ ਜਾਂ ਐੱਮ. ਜੇ. ਠੱਕਰ ਸੀ। ਜਦੋਂ ਜਿੱਨਾਹ ਕਰਾਚੀ ਦੀ ਲਾਰੇਂਸ ਰੋਡ 'ਤੇ ਸਥਿਤ ਈਸਾਈ ਮਿਸ਼ਨਰੀ ਸੋਸਾਇਟੀ ਦੇ ਹਾਈ ਸਕੂਲ ਵਿਚ ਪੜ੍ਹਦੇ ਸਨ ਤਾਂ ਉਨ੍ਹੀਂ ਦਿਨੀਂ ਮਹਾਤਮਾ ਗਾਂਧੀ ਵੀ ਰਾਜਕੋਟ ਵਿਚ ਸਥਿਤ ਇਕ ਈਸਾਈ ਵਿੱਦਿਅਕ ਸੰਸਥਾ ਅਲਫ੍ਰੈਡ ਹਾਈ ਸਕੂਲ ਦੇ ਵਿਦਿਆਰਥੀ ਸਨ। 
ਜਨਵਰੀ 1893 ਵਿਚ ਜਦੋਂ 'ਮਾਮਦ' ਇੰਗਲੈਂਡ ਗਏ ਤਾਂ ਉਨ੍ਹਾਂ ਨੇ ਉਥੇ ਨਵੇਂ-ਨਵੇਂ ਨਾਂ ਅਜ਼ਮਾ ਕੇ ਦੇਖੇ। ਸਭ ਤੋਂ ਪਹਿਲਾਂ ਤਾਂ ਉਨ੍ਹਾਂ ਨੇ 'ਮਾਮਦਭਾਈ ਝਿਨੀਆਭਾਈ ਆਫ ਕਰਾਚੀ' ਵਜੋਂ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਫਿਰ 'ਮੁਹੰਮਦ ਜੇ. ਠੱਕਰ' ਨਾਂ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ, ਜਿਸ ਵਿਚ ਝਿਨੀਆ ਦੀ ਥਾਂ 'ਜੀਨਾ' ਵਰਤਿਆ ਗਿਆ ਸੀ ਪਰ ਆਖਿਰ ਵਿਚ ਉਨ੍ਹਾਂ ਨੇ 'ਮੁਹੰਮਦ ਅਲੀ ਜਿੱਨਾਹ' ਜਾਂ ਐੱਮ. ਏ. ਜਿੱਨਾਹ ਨੂੰ ਸਥਾਈ ਨਾਂ ਵਜੋਂ ਅਪਣਾ ਲਿਆ।      


Vijay Kumar Chopra

Chief Editor

Related News