ਖਾਤੇ ''ਚੋਂ ਗਲਤ ਢੰਗ ਨਾਲ ਕੱਟੇ ਪੈਸੇ, ਹੁਣ ਐਕਸਿਸ ਬੈਂਕ ਦੇਵੇਗਾ ਹਰਜਾਨਾ
Thursday, May 17, 2018 - 10:31 PM (IST)

ਹੁਸ਼ਿਆਰਪੁਰ-ਜ਼ਿਲਾ ਖਪਤਕਾਰ ਹਿਫਾਜ਼ਤ ਫੋਰਮ ਨੇ ਐਕਸਿਸ ਬੈਂਕ ਵੱਲੋਂ ਇਕ ਖਾਤਾਧਾਰਕ ਦੇ ਖਾਤੇ ਅਤੇ ਐੱਫ. ਡੀ. ਆਰ. 'ਤੋਂ ਗਲਤ ਢੰਗ ਨਾਲ ਕੱਟੀ ਗਈ ਰਾਸ਼ੀ 30 ਦਿਨਾਂ ਦੇ ਅੰਦਰ ਸ਼ਿਕਾਇਤਕਰਤਾ ਨੂੰ 12 ਫ਼ੀਸਦੀ ਵਿਆਜ, ਹਰਜਾਨੇ ਅਤੇ ਅਦਾਲਤੀ ਖ਼ਰਚੇ ਸਮੇਤ ਦੇਣ ਦਾ ਹੁਕਮ ਦਿੱਤਾ ਹੈ।
ਕੀ ਹੈ ਮਾਮਲਾ
ਫਤਿਹਗੜ੍ਹ ਰੋਡ ਦੇ ਮੁਹੱਲਾ ਸ਼ੰਕਰ ਨਗਰ ਨਿਵਾਸੀ ਰਾਜ ਕੁਮਾਰ ਹਾਂਡਾ ਪੁੱਤਰ ਸਰਦਾਰੀ ਲਾਲ ਹਾਂਡਾ ਨੇ ਖਪਤਕਾਰ ਹਿਫਾਜ਼ਤ ਕਾਨੂੰਨ 1986 ਦੀ ਧਾਰਾ 12 ਦੇ ਅਧੀਨ 18 ਜਨਵਰੀ 2018 ਨੂੰ ਦਰਜ ਸ਼ਿਕਾਇਤ 'ਚ ਕਿਹਾ ਸੀ ਕਿ ਉਹ ਹਾਕਿਨਸ ਕੂਕਰ ਲਿਮਟਿਡ ਫਗਵਾੜਾ ਰੋਡ 'ਚ ਸਾਲ 1979 ਤੋਂ ਲੈ ਕੇ 31 ਦਸੰਬਰ 2007 ਤੱਕ ਬਤੌਰ ਪ੍ਰੋਡਕਸ਼ਨ ਮੈਨੇਜਰ ਤਾਇਨਾਤ ਸੀ। ਐਕਸਿਸ ਬੈਂਕ ਨੇ ਉਨ੍ਹਾਂ ਦੀ ਕੰਪਨੀ ਦੇ ਮਾਧਿਅਮ ਨਾਲ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਪਤਨੀ ਸੀਮਾ ਹਾਂਡਾ ਦਾ ਸਾਂਝਾ ਜ਼ੀਰੋ ਬੈਲੇਂਸ ਸੇਵਿੰਗ ਅਕਾਊਂਟ 19 ਜਨਵਰੀ 2006 ਨੂੰ ਖੋਲ੍ਹਿਆ ਸੀ। ਜ਼ੀਰੋ ਬੈਲੇਂਸ ਦੀ ਸਹੂਲਤ ਲਾਈਫ ਟਾਈਮ ਸੀ। ਖਾਤਾ ਖੋਲ੍ਹਣ ਦੀ ਸ਼ਰਤ ਅਨੁਸਾਰ ਇਸ 'ਚ ਕੋਈ ਬਦਲਾਅ ਨਹੀਂ ਕੀਤਾ ਜਾ ਸਕਦਾ ਸੀ।
ਸ਼ਿਕਾਇਤਕਰਤਾ ਨੂੰ ਉਸ ਸਮੇਂ ਕਾਫ਼ੀ ਹੈਰਾਨੀ ਹੋਈ, ਜਦੋਂ ਉਸ ਨੇ ਵੇਖਿਆ ਕਿ ਉਸ ਦੇ ਖਾਤੇ 'ਚੋਂ 5 ਵਾਰ ਮਿਨੀਮਮ ਬੈਲੇਂਸ ਨਾ ਹੋਣ ਕਾਰਨ ਰਾਸ਼ੀ ਕੱਟੀ ਗਈ ਸੀ। ਇਸ ਸਬੰਧ 'ਚ ਬੈਂਕ ਨਾਲ ਸੰਪਰਕ ਕਰਨ 'ਤੇ ਕੱਟੀ ਗਈ 3 ਵਾਰ ਦੀ ਰਾਸ਼ੀ ਰੀਫੰਡ ਕਰ ਕੇ 15 ਨਵੰਬਰ 2016 ਨੂੰ ਉਨ੍ਹਾਂ ਦੇ ਖਾਤੇ 'ਚ ਪਾ ਦਿੱਤੀ ਗਈ। ਸ਼ਿਕਾਇਤਕਰਤਾ ਅਨੁਸਾਰ 2 ਹੋਰ ਕੱਟੀ ਗਈ ਰਾਸ਼ੀ 164.95 ਰੁਪਏ ਅਤੇ 645.81 ਰੁਪਏ ਅਤੇ ਉਨ੍ਹਾਂ ਦੀ ਐੱਫ. ਡੀ. ਆਰ. ਤੋਂ ਕੱਟੀ ਗਈ 7954 ਰੁਪਏ ਦੀ ਰਾਸ਼ੀ ਰੀਫੰਡ ਨਹੀਂ ਕੀਤੀ ਗਈ।
ਇਹ ਕਿਹਾ ਫੋਰਮ ਨੇ
ਜ਼ਿਲਾ ਖਪਤਕਾਰ ਹਿਫਾਜ਼ਤ ਫੋਰਮ ਦੇ ਪ੍ਰਧਾਨ ਕਰਨੈਲ ਸਿੰਘ ਅਤੇ ਮੈਂਬਰ ਸ਼੍ਰੀ ਹਰਵਿਮਲ ਡੋਗਰਾ ਨੇ ਉਕਤ ਸ਼ਿਕਾਇਤ 'ਤੇ ਫੈਸਲਾ ਸੁਣਾਉਂਦਿਆਂ ਐਕਸਿਸ ਬੈਂਕ ਨੂੰ ਹੁਕਮ ਦਿੱਤਾ ਕਿ ਉਹ 8764.76 ਰੁਪਏ ਦੀ ਰਾਸ਼ੀ ਕੇਸ ਦਰਜ ਕਰਨ ਦੀ ਤਰੀਕ ਤੋਂ 12 ਫ਼ੀਸਦੀ ਵਿਆਜ, 3000 ਰੁਪਏ ਹਰਜਾਨਾ ਅਤੇ 2000 ਰੁਪਏ ਅਦਾਲਤੀ ਖ਼ਰਚਾ 30 ਦਿਨਾਂ ਦੇ ਅੰਦਰ ਅਦਾ ਕਰੇ।