ਪ੍ਰਾਈਵੇਟ ਕੰਪਨੀ ਦੇ ਲੋਨ ਦਾ ਮਾਮਲਾ, ਵਿਆਹੁਤਾ ਦੀ ਹੋਈ ਮੌਤ

05/25/2018 7:44:44 AM

ਤਲਵੰਡੀ ਭਾਈ (ਗੁਲਾਟੀ) - ਬੀਤੀ ਦੇਰ ਸ਼ਾਮ ਵਾਰਡ ਨੰ: 13 ਵਿਖੇ ਇਕ ਵਿਆਹੁਤਾ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਕਰਮਜੀਤ ਕੌਰ ਪਤਨੀ ਪਰਮਜੀਤ ਸਿੰਘ ਉਮਰ 25 ਸਾਲ ਵਾਸੀ ਤਲਵੰਡੀ ਭਾਈ ਵਜੋਂ ਹੋਈ। ਇਸ ਸਬੰਧ 'ਚ ਤਲਵੰਡੀ ਭਾਈ ਪੁਲਸ ਨੂੰ ਮ੍ਰਿਤਕ ਕਰਮਜੀਤ ਕੌਰ ਦੇ ਪਤੀ ਪਰਮਜੀਤ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸਦੀ ਪਤਨੀ ਨੇ ਕਿਰਨਾ ਰਾਣੀ ਉਰਫ਼ ਗੀਤਾ ਨਾਮੀ ਔਰਤ ਰਾਹੀ ਜ਼ੀਰਾ ਦੀ ਭਾਰਤ ਫਾਈਨੈਂਸ ਇਨਕਲੋਜਵ ਕੰਪਨੀ ਲਿਮ. ਤੋਂ ਲੋਨ ਕਰਵਾਉਣ ਲਈ ਅਪਲਾਈ ਕੀਤਾ ਸੀ। ਕੰਪਨੀ ਵੱਲੋਂ ਲੋਨ ਪਾਸ ਕੀਤਾ ਗਿਆ ਪਰ ਮੇਰੀ ਪਤਨੀ ਨੂੰ ਉਕਤ ਰਕਮ ਨਹੀਂ ਮਿਲੀ। ਜਦੋਂ ਕੰਪਨੀ ਦਾ ਮੁਲਾਜ਼ਮ ਲੋਨ ਦੀ ਕਿਸ਼ਤ ਲੈਣ ਮੇਰੀ ਪਤਨੀ ਕੋਲ ਆਇਆ ਤਾਂ ਮੇਰੀ ਪਤਨੀ ਨੇ ਕਿਹਾ ਕਿ ਸਾਨੂੰ ਤਾਂ ਲੋਨ ਮਿਲਿਆ ਹੀ ਨਹੀਂ ਪਰ ਕੰਪਨੀ ਦੇ ਮੁਲਾਜ਼ਮ ਮੁਤਾਬਕ ਲੋਨ ਜਾਰੀ ਹੋ ਚੁੱਕਾ ਸੀ। ਇਸ ਕਾਰਨ ਕਰਕੇ ਮੇਰੀ ਪਤਨੀ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਹੋ ਗਈ ਅਤੇ ਉਸਦੀ ਮੌਤ ਹੋ ਗਈ। ਉਸਨੇ ਦੱਸਿਆ ਕਿ ਉਸਦੀ ਦੀਆਂ ਤਿੰਨ ਛੋਟੀਆਂ-ਛੋਟੀਆਂ ਧੀਆਂ ਹਨ। ਉਕਤ ਪੀੜਤ ਵਿਅਕਤੀ ਨੇ ਦੋਸ਼ੀਆਂ ਖਿਲਾਫ਼ ਕਾਨੂੰਨੀ ਕਰਵਾਈ ਕਰਨ ਦੀ ਮੰਗ ਕੀਤੀ। 

ਮੇਰੇ 'ਤੇ ਲਾਏ ਦੋਸ਼ ਬੇਬੁਨਿਆਦ : ਕਿਰਨਾ ਰਾਣੀ 
ਇਸ ਸਬੰਧ 'ਚ ਕਿਰਨਾ ਰਾਣੀ ਨੇ ਕਿਹਾ ਕਿ ਮੇਰੇ 'ਤੇ ਲਾਏ ਸਾਰੇ ਦੋਸ਼ ਬੇਬੁਨਿਆਦ ਹਨ। ਉਸ ਨੇ ਕਿਹਾ ਕਿ ਅੱਜ ਉਹ ਸ਼ਹਿਰ ਤੋਂ ਬਾਹਰ ਹੈ ਅਤੇ ਕੱਲ ਆ ਕੇ ਸਾਰੇ ਸਬੂਤ ਉਹ ਪੁਲਸ ਨੂੰ ਦੇ ਦੇਵੇਗੀ। 

ਕੀ ਕਹਿੰਦੇ ਨੇ ਜਾਂਚ ਅਧਿਕਾਰੀ 
ਇਸ ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਲਖਵੀਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਤਫ਼ਸੀਸ ਜਾਰੀ ਹੈ। ਜੋ ਵੀ ਦੋਸ਼ੀ ਪਾਇਆ ਗਿਆ, ਉਸ 'ਤੇ ਕਰਵਾਈ ਕੀਤੀ ਜਾਵੇਗੀ।


Related News