ਸੁਖਜਿੰਦਰ ਰੰਧਾਵਾ ਨੇ ਜ਼ਿਲੇ ਦੇ 8991 ਕਿਸਾਨਾਂ ਨੂੰ ਜਾਰੀ ਕੀਤੇ ਕਰਜ਼ਾ ਮਾਫੀ ਦੇ ਸਰਟੀਫਿਕੇਟ

05/26/2018 7:43:28 AM

ਫਿਰੋਜ਼ਪੁਰ (ਮਲਹੋਤਰਾ) - ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਮੁਤਾਬਿਕ ਫਿਰੋਜ਼ਪੁਰ ਜ਼ਿਲੇ ਦੇ ਕਿਸਾਨਾਂ ਦਾ ਫ਼ਸਲੀ ਕਰਜ਼ਾ ਮਾਫੀ ਸਕੀਮ ਦੇ ਅਧੀਨ ਵੀਰਵਾਰ ਨੂੰ ਰਾਜ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਜ਼ਿਲੇ ਦੇ 8991 ਕਿਸਾਨਾਂ ਨੂੰ 58.73 ਕਰੋੜ ਰੁਪਏ ਦੀ ਕਰਜ਼ਾ ਮਾਫੀ ਦਿੱਤੀ। ਫਰੀਦਕੋਟ ਰੋਡ 'ਤੇ ਆਯੋਜਤ ਇਸ ਸਮਾਗਮ ਵਿਚ ਸਹਿਕਾਰਤਾ ਮੰਤਰੀ ਰੰਧਾਵਾ ਤੋਂ ਇਲਾਵਾ ਫਿਰੋਜ਼ਪੁਰ ਸ਼ਹਿਰੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ, ਸਾਬਕਾ ਮੰਤਰੀ ਇੰਦਰਜੀਤ ਜ਼ੀਰਾ, ਪੀ. ਐੱਸ. ਸੀ. ਬੀ. ਦੇ ਮੈਨੇਜਰ ਡਾ: ਐੱਸ. ਕੇ. ਵਸ਼ਿਸ਼ਟ ਆਦਿ ਸ਼ਾਮਲ ਸਨ। 
ਇਸ ਦੌਰਾਨ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਜ਼ਾ ਰਾਹਤ ਸਕੀਮ ਅਨੁਸਾਰ ਰਾਜ ਦੇ 10.22 ਲੱਖ ਕਿਸਾਨਾਂ ਨੂੰ 9500 ਕਰੋੜ ਰੁਪਏ ਦੀ ਰਾਹਤ ਦਿੱਤੀ ਜਾ ਰਹੀ ਹੈ। ਇਸ ਯੋਜਨਾ ਅਧੀਨ 14 ਮਾਰਚ ਨੂੰ ਨਕੋਦਰ ਵਿਚ 1973 ਕਿਸਾਨਾਂ ਨੂੰ 7.83 ਕਰੋੜ ਰੁਪਏ ਦੀ ਕਰਜ਼ਾ ਮਾਫੀ ਦਿੱਤੀ ਗਈ ਸੀ। ਸਰਕਾਰ ਦੁਆਰਾ ਸਥਾਪਤ ਪੋਰਟਲ ਅਨੁਸਾਰ ਇਸ ਜ਼ਿਲੇ ਦੇ 8991 ਕਿਸਾਨਾਂ ਨੂੰ 58.73 ਕਰੋੜ ਰੁਪਏ ਦੀ ਕਰਜ਼ਾ ਮਾਫੀ ਦਿੱਤੀ ਹੈ। ਸਹਿਕਾਰੀ ਸਭਾਵਾਂ, ਸਹਿਕਾਰੀ ਬੈਕਾਂ ਨੂੰ ਕਿਸਾਨਾਂ ਨੂੰ ਦਿੱਤੀ ਜਾ ਰਹੀ ਕਰਜ਼ਾ ਰਾਹਤ 31 ਮਈ 2018 ਤੱਕ ਜਾਰੀ ਕਰ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਵਪਾਰਕ ਬੈਂਕਾਂ ਦੇ ਸੀਮਾਂਤ ਕਿਸਾਨਾਂ ਅਤੇ ਛੋਟੇ ਕਿਸਾਨਾਂ ਨੂੰ ਕਰਜ਼ਾ ਰਾਹਤ ਦੇਣ ਲਈ ਰਾਜ ਦੇ ਵਿੱਤ ਵਿਭਾਗ ਵੱਲੋਂ ਵਪਾਰਕ ਬੈਂਕਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਹਨ ਤੇ ਵਪਾਰਕ ਬੈਂਕਾਂ ਦੁਆਰਾ ਕਿਸਾਨਾਂ ਦਾ ਵੇਰਵਾ ਸਰਕਾਰ ਦੇ ਪੋਰਟਲ 'ਤੇ ਭੇਜਿਆ ਜਾ ਰਿਹਾ ਹੈ। 

ਇਨਾਂ ਨੂੰ ਵੰਡੇ ਸਰਟੀਫਿਕੇਟ
ਇਸ ਦੌਰਾਨ ਰੰਧਾਵਾ ਦੁਆਰਾ ਅਟਾਰੀ ਦੇ ਬੋਹੜ ਸਿੰਘ, ਜਗਤਾਰ ਸਿੰਘ ਅੱਕੂਵਾਲਾ, ਗੁਰਵਿੰਦਰ ਸਿੰਘ, ਜੋਗਿੰਦਰ ਸਿੰਘ ਆਸ਼ੀਏਕੇ, ਸੁਖਦੇਵ ਸਿੰਘ ਭੜਾਨਾ, ਸੁਖਦੇਵ ਸਿੰਘ ਮੱਲੂਵਾਲੀਏਵਾਲਾ, ਅੰਗਰੇਜ਼ ਸਿੰਘ ਕੱਬਰਵੱਛਾ, ਗੁਰਦਰਸ਼ਨ ਸਿੰਘ ਲੱਲੇ, ਹਰਪਾਲ ਸਿੰਘ ਸੋਢੀ ਜਾਮਾ ਰਖੱਈਆ ਹਿਠਾੜ ਨੂੰ ਦੋ-ਦੋ ਲੱਖ ਰੁਪਏ ਮਾਫੀ ਦੇ ਸਰਟੀਫਿਕੇਟ ਵੰਡੇ
ਇਨਾਂ ਡਿਫਾਲਟਰਾਂ ਤੋਂ ਵਸੂਲੀ ਕੀਤੀ
ਫਿਰੋਜ਼ਪੁਰ ਸੈਂਟਰਲ ਸਹਿਕਾਰੀ ਬੈਂਕ ਦੁਆਰਾ ਪ੍ਰਮੁੱਖ 50 ਡਿਫਾਲਟਰਾਂ 'ਚੋਂ 7 ਲੋਕਾਂ ਤੋਂ ਇਕ ਸਾਲ ਵਿਚ 21.29 ਕਰੋੜ ਰੁਪਏ ਦੀ ਵਸੂਲੀ ਕੀਤੀ ਹੈ ਜਿਨਾਂ 'ਚ ਹਰਵਿੰਦਰ ਸਿੰਘ, ਸੁਰਿੰਦਰ ਸਿੰਘ, ਜਰਮੇਲ ਸਿੰਘ, ਛਿੰਦਾ, ਗੁਰਚਰਨ ਸਿੰਘ, ਜਸਮੇਲ ਸਿੰਘ ਤੇ ਰਕੇਸ਼ ਕੁਮਾਰ ਆਦਿ ਸ਼ਾਮਲ ਹਨ।
ਫਿਰੋਜ਼ਪੁਰ ਹੈ ਪਿਛੜਾ ਖੇਤਰ : ਪਿੰਕੀ
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਫਿਰੋਜ਼ਪੁਰ ਪਿਛੜਿਆ ਖੇਤਰ ਹੈ ਤੇ ਗਠਬੰਧਨ ਸਰਕਾਰ ਨੇ ਲੰਬੇ ਸ਼ਾਸਨ ਤੋਂ ਬਾਅਦ ਇਸ ਦੇ ਸੁਧਾਰ ਲਈ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀਆਂ ਦਾ ਧਿਆਨ ਆਪਣੀਆਂ ਜਾਇਦਾਦਾਂ ਬਣਾਉਣ 'ਤੇ ਲੱਗਾ ਰਿਹਾ ਅਤੇ ਪੰਜਾਬ ਦਾ ਕਿਸਾਨ ਕਰਜ਼ੇ 'ਚ ਡੁੱਬਦਾ ਗਿਆ।  


Related News