ਖੰਨਾ ਪੁਲਸ ਵਲੋਂ ਅਫੀਮ ਤੇ 90 ਕਿਲੋ ਭੁੱਕੀ ਸਮੇਤ ਇਕ ਕਾਬੂ
Tuesday, May 22, 2018 - 03:35 PM (IST)

ਖੰਨਾ (ਬਿਪਨ) : ਖੰਨਾ ਪੁਲਸ ਨੇ 2 ਕਿਲੋ, 600 ਗ੍ਰਾਮ ਅਫੀਮ ਅਤੇ 90 ਕਿੱਲੋ ਭੁੱਕੀ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਦੋਂ ਕਿ ਇਕ ਫਰਾਰ ਦੱਸਿਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਨਵਜੋਤ ਸਿੰਘ ਮਾਹਲ, ਸੀਨੀਅਰ ਪੁਲਸ ਕਪਤਾਨ ਖੰਨਾ ਨੇ ਦੱਸਿਆ ਕਿ ਪੁਲਸ ਵਲੋਂ ਬੀਤੇ ਦਿਨ ਜਦੋਂ ਸ਼ਾਮ ਦੇ ਸਮੇਂ ਪੁਲੀ ਸੂਆ ਬੌਂਦਲੀ ਵਿਖੇ ਨਾਕਾਬੰਦੀ ਕਰਕੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਖੰਨਾ ਸਾਈਡ ਵਲੋਂ ਇਕ ਕਾਰ ਆਈ।
ਇਸ ਕਾਰ 'ਚ ਦੋ ਵਿਅਕਤੀ ਸਵਾਰ ਸਨ, ਕਾਰ ਚਾਲਕ ਨੇ ਅੱਗੇ ਪੁਲਸ ਪਾਰਟੀ ਦੇਖ ਕੇ ਕਾਰ ਨੂੰ ਪਿੱਛੇ ਹੀ ਰੋਕ ਕੇ ਕਾਰ ਦੀ ਤਾਕੀ ਖੋਲ੍ਹੀ ਅਤੇ ਮੌਕਾ ਦੇਖ ਕੇ ਖਿਸਕ ਗਿਆ ਪਰ ਪੁਲਸ ਨੇ ਡਰਾਈਵਰ ਸੀਟ ਦੇ ਨਾਲ ਵਾਲੀ ਸੀਟ 'ਤੇ ਬੈਠੇ ਵਿਅਕਤੀ ਨੂੰ ਕਾਬੂ ਕਰ ਲਿਆ, ਜਿਸ ਦੀ ਪਛਾਣ ਅਜਮੇਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਘੁੰਗਰਾਲੀ ਸਿੱਖਾ ਥਾਣਾ ਸਮਰਾਲਾ ਵਜੋਂ ਹੋਈ। ਅਜਮੇਰ ਸਿੰਘ ਦੇ ਹੱਥ 'ਚ ਫੜ੍ਹੇ ਲਿਫਾਫੇ 'ਚੋਂ 2 ਕਿਲੋ, 600 ਗ੍ਰਾਮ ਅਫੀਮ ਬਰਾਮਦ ਹੋਈ।
ਉਕਤ ਕਾਰ ਦੀ ਤਲਾਸ਼ੀ ਕਰਨ 'ਤੇ ਕਾਰ ਦੀ ਪਿਛਲੀ ਸੀਟ ਤੋਂ ਪਲਾਸਟਿਕ ਦੇ ਥੈਲਿਆਂ 'ਚੋਂ 90 ਕਿਲੋ ਭੁੱਕੀ ਬਰਾਮਦ ਕੀਤੀ ਗਈ। ਫਿਲਹਾਲ ਪੁਲਸ ਨੇ ਦੋਹਾਂ ਦੋਸ਼ੀਆਂ ਖਿਲਾਫ ਮਾਮਲਾ ਦਰ ਕਰ ਲਿਆ ਹੈ ਅਤੇ ਫਰਾਰ ਹੋਏ ਦੋਸ਼ੀ ਗੁਰਚਰਨ ਸਿੰਘ ਪੁੱਤਰ ਅਜਮੇਰ ਸਿੰਘ ਦੀ ਭਾਲ 'ਚ ਲੱਗ ਗਈ ਹੈ।