ਕਠੂਆ ਜਬਰ-ਜ਼ਨਾਹ ਤੇ ਕਤਲਕਾਂਡ ਦੀ ਸੁਣਵਾਈ ਲਈ ਜ਼ਿਲਾ ਤੇ ਸੈਸ਼ਨ ਕੋਰਟ ਪੁੱਜੀ ਫਾਈਲ

05/31/2018 12:58:54 AM

ਪਠਾਨਕੋਟ,   (ਸ਼ਾਰਦਾ)-  ਕਠੂਆ ਜਬਰ-ਜ਼ਨਾਹ ਅਤੇ ਕਤਲਕਾਂਡ ਮਾਮਲੇ ਦੀ ਸੁਣਵਾਈ ਜੋ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ 31 ਮਈ ਨੂੰ ਪਹਿਲੀ ਵਾਰ ਪਠਾਨਕੋਟ ਸੈਸ਼ਨ ਕੋਰਟ ਵਿਚ ਹੋਣ ਜਾ ਰਹੀ ਹੈ। ਇਸ ਕਾਰਨ ਕੇਸ ਦੇ ਜ਼ਿਲਾ ਕੋਰਟ ਕੰਪਲੈਕਸ ਵਿਚ ਅਗਾਮੀ ਟਰਾਇਲ ਨੂੰ ਲੈ ਕੇ ਜਿਥੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਕੇਸ ਦੀ ਸੁਣਵਾਈ ਦੇ ਇਕ ਦਿਨ ਪਹਿਲਾਂ ਅੱਜ ਦੁਪਹਿਰ ਨੂੰ ਕਠੂਆ ਕੋਰਟ ਤੋਂ ਇਕ ਨਾਬਾਲਗਾ ਦੇ ਕੇਸ ਨਾਲ ਸਬੰਧਤ ਦਸਤਾਵੇਜ਼ਾਂ ਦੀ ਫਾਈਲ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜ਼ਿਲਾ ਕੋਰਟ ਵਿਚ ਪੁੱਜ ਗਈ ਹੈ। 
ਸੂਤਰਾਂ ਮੁਤਾਬਕ ਜੁਡੀਸ਼ੀਅਲ ਤੌਰ 'ਤੇ ਇਸ ਕੇਸ ਦੀ ਫਾਈਲ ਨੂੰ ਜ਼ਿਲਾ ਕੋਰਟ ਵਿਚ ਪਹੁੰਚਾਇਆ ਗਿਆ। ਸ਼ਾਇਦ ਉਕਤ ਫਾਈਲ ਜੋ ਪਹਿਲਾਂ ਉਰਦੂ ਭਾਸ਼ਾ ਵਿਚ ਸੀ, ਹੁਣ ਮਾਹਿਰਾਂ ਦੀ ਨਿਗਰਾਨੀ ਵਿਚ ਅੰਗਰੇਜ਼ੀ ਵਿਚ ਇਸ ਦਾ ਅਨੁਵਾਦ ਕੀਤਾ ਗਿਆ ਹੈ। ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚ ਮੁਲਜ਼ਮ ਅਤੇ ਪੀੜਤ ਪੱਖ ਨੂੰ ਜ਼ਿਲਾ ਅਤੇ ਸੈਸ਼ਨ ਕੋਰਟ ਲਿਜਾਏ ਜਾਣ ਦੀ ਸੰਭਾਵਨਾ ਹੈ। ਕੇਸ ਨਾਲ ਸਬੰਧਤ ਲੋਕਾਂ ਨੂੰ ਫੁੱਲ ਸਕਿਓਰਿਟੀ 'ਚ ਅਦਾਲਤ ਅੰਦਰ ਅਤੇ ਸੁਣਵਾਈ ਦੇ ਬਾਅਦ ਬਾਹਰ ਲਿਆਂਦਾ ਜਾਵੇਗਾ। 
ਦੂਜੇ ਪਾਸੇ ਪੁਲਸ ਪ੍ਰਸ਼ਾਸਨ ਨੇ ਕੋਰਟ ਕੰਪਲੈਕਸ ਨੂੰ ਫਾਇਰ ਫ੍ਰੀ ਜ਼ੋਨ ਕਰ ਦਿੱਤਾ ਹੈ। ਹੁਣ ਕੋਈ ਵੀ ਵਿਅਕਤੀ ਆਪਣੇ ਨਾਲ ਕਿਸੇ ਤਰ੍ਹਾਂ ਦਾ ਅਸਲਾ ਲੈ ਕੇ ਅਦਾਲਤ ਕੰਪਲੈਕਸ ਵਿਚ ਨਹੀਂ ਜਾ ਸਕਦਾ, ਇਸਦੀ ਪੁਸ਼ਟੀ ਐੱਸ. ਐੱਸ. ਪੀ. ਵਿਵੇਕਸ਼ੀਲ ਸੋਨੀ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੁਰੱਖਿਆ ਦੇ ਮੁਕੰਮਲ ਪ੍ਰਬੰਧ ਕੀਤੇ ਹਨ। 


Related News