ਮਾਪਿਆਂ ਤੇ ਅਧਿਆਪਕਾਂ ਲਈ ਵਧੀ ਪ੍ਰੇਸ਼ਾਨੀ, ਨਵਾਂ ਸੈਸ਼ਨ ਸ਼ੁਰੂ ਪਰ NCERT ਦੀਆਂ ਕਿਤਾਬਾਂ...

Monday, Apr 01, 2024 - 06:26 AM (IST)

ਲੁਧਿਆਣਾ (ਵਿੱਕੀ)– ਸੀ. ਬੀ. ਐੱਸ. ਈ. ਦੇ ਸਕੂਲਾਂ ’ਚ ਇਸੇ ਹਫ਼ਤੇ ਤੋਂ ਨਵਾਂ ਸੈਸ਼ਨ ਸ਼ੁਰੂ ਹੋਣ ਵਾਲਾ ਹੈ ਪਰ ਹੁਣ ਤੱਕ ਤੀਜੀ ਤੇ ਛੇਵੀਂ ਕਲਾਸ ਦੀਆਂ ਨਵੀਆਂ ਕਿਤਾਬਾਂ ਦਾ ਬਾਜ਼ਾਰ ’ਚ ਮੁਹੱਈਆ ਨਾ ਹੋਣਾ ਮਾਪਿਆਂ ਤੇ ਅਧਿਆਪਕਾਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਦੱਸ ਦੇਈਏ ਕਿ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਨੈਸ਼ਨਲ ਕਰੀਕੁਲਮ ਫਰੇਮਵਰਕ ਨੂੰ ਲਾਗੂ ਕਰਦਿਆਂ ਐੱਨ. ਸੀ. ਈ. ਆਰ. ਟੀ. ਦੇ ਸਿਲੇਬਸ ’ਚ ਬਦਲਾਅ ਕੀਤਾ ਹੈ। ਇਸ ਸੈਸ਼ਨ ਨਾਲ ਕਲਾਸ ਤੀਜੀ ਤੇ 6ਵੀਂ ਦਾ ਸਿਲੇਬਸ ਬਦਲ ਗਿਆ ਹੈ ਪਰ ਐੱਨ. ਸੀ. ਈ. ਆਰ. ਟੀ. ਵਲੋਂ ਇਨ੍ਹਾਂ ਕਲਾਸਾਂ ਦੀਆਂ ਨਵੀਆਂ ਕਿਤਾਬਾਂ ਬਾਜ਼ਾਰ ’ਚ ਉਪਲੱਬਧ ਨਹੀਂ ਕਰਵਾਈਆਂ ਗਈਆਂ ਹਨ। ਇਸੇ ਤਰ੍ਹਾਂ ਨਾਲ ਵਿਦਿਆਰਥੀ ਵੀ ਚਿੰਤਾ ’ਚ ਹਨ ਕਿਉਂਕਿ ਜੇਕਰ ਉਨ੍ਹਾਂ ਦੀਆਂ ਕਿਤਾਬਾਂ ਹੀ ਲੇਟ ਆਈਆਂ ਤਾਂ ਉਨ੍ਹਾਂ ’ਤੇ ਪੜ੍ਹਾਈ ਦਾ ਫਾਲਤੂ ਬੋਝ ਵਧੇਗਾ। ਭਾਵੇਂ ਕਿ ਨਿੱਜੀ ਪਬਲੀਸ਼ਰ ਦੀਆਂ ਕਿਤਾਬਾਂ ਬਾਜ਼ਾਰ ’ਚ ਉਪਲੱਬਧ ਹਨ ਪਰ ਸਕੂਲ ਸੰਚਾਲਕ ਮਾਪਿਆਂ ਨੂੰ ਐੱਨ. ਸੀ. ਈ. ਆਰ. ਟੀ. ਦੀਆਂ ਕਿਤਾਬਾਂ ਹੀ ਖ਼ਰੀਦਣ ਦਾ ਸੁਝਾਅ ਦੇ ਰਹੇ ਹਨ ਤਾਂ ਕਿ ਉਨ੍ਹਾਂ ਦੀ ਜੇਬ ’ਤੇ ਪ੍ਰਾਈਵੇਟ ਪਬਲੀਸ਼ਰ ਦੀਆਂ ਮਹਿੰਗੀਆ ਕਿਤਾਬਾਂ ਖ਼ਰੀਦਣ ਦਾ ਬੋਝ ਨਾ ਪਵੇ।

ਸੀ. ਬੀ. ਐੱਸ. ਈ. ਨੇ ਇਸ ਬਾਰੇ ਸਕੂਲਾਂ ਨੂੰ ਸਲਾਹ ਦਿੱਤੀ ਹੈ ਕਿ ਕਲਾਸ ਤੀਜੀ ਤੇ 6ਵੀਂ ਦੀਆਂ ਪੁਰਾਣੀਆਂ ਕਿਤਾਬਾਂ ਦੀ ਬਜਾਏ ਨਵੀਆਂ ਕਿਤਾਬਾਂ ਨੂੰ ਵਰਤਿਆ ਜਾਵੇ। ਸੀ. ਬੀ. ਐੱਸ. ਈ. ਸਾਰੇ ਸਕੂਲ ਦੇ ਪ੍ਰਮੁੱਖਾਂ ਤੇ ਅਧਿਆਪਕਾਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਆਯੋਜਿਤ ਕਰੇਗਾ। ਸਿਲੇਬਸ ’ਚ ਬਦਲਾਅ ਕਰਦਿਆਂ ਕੁਝ ਤਰਕ ਦਿੱਤਾ ਗਿਆ ਹੈ, ਜਿਸ ਦੇ ਅਨੁਸਾਰ ਨਵੀਂ ਸਿੱਖਿਆ ਨੀਤੀ 2020 ਦੇ ਤਹਿਤ ਸਕੂਲੀ ਸਿੱਖਿਆ ’ਚ ਕਈ ਬਦਲਾਅ ਦੀ ਜ਼ਰੂਰਤ ਹੈ, ਜਿਸ ਨਾਲ ਵਿਦਿਆਰਥੀ ਨਵੇਂ ਐਜੂਕੇਸ਼ਨਲ ਸਿਸਟਮ ਨਾਲ ਜੁੜ ਸਕਣਗੇ।

ਇਹ ਖ਼ਬਰ ਵੀ ਪੜ੍ਹੋ : ਠੇਕੇ ਟੁੱਟਣ ’ਤੇ ਸ਼ਰਾਬੀਆਂ ਦੇ ਨਜ਼ਾਰੇ ਪਰ ਚੋਣ ਜ਼ਾਬਤੇ ਵਿਚਕਾਰ ਆਬਕਾਰੀ ਨਿਯਮਾਂ ਦੀਆਂ ਰੱਜ ਕੇ ਉੱਡੀਆਂ ਧੱਜੀਆਂ

ਕਈ ਮਹੀਨੇ ਲੱਗ ਜਾਂਦੇ ਹਨ ਕਿਤਾਬਾਂ ਆਉਣ ’ਚ
ਜਾਣਕਾਰੀ ਮੁਤਾਬਕ ਕਈ ਸਕੂਲ 6ਵੀਂ ਕਲਾਸ ’ਚ ਵਿਦਿਆਰਥੀਆਂ ਨੂੰ ਹਿੰਦੀ, ਇੰਗਲਿਸ਼, ਮੈਥ, ਸਾਇੰਸ ਤੇ ਐੱਸ. ਐੱਸ. ਟੀ. ਐੱਨ. ਸੀ. ਈ. ਆਰ. ਟੀ. ਦੀਆਂ ਕਿਤਾਬਾਂ ਨਾਲ ਪੜ੍ਹਾਉਂਦੇ ਹਨ, ਜਦਕਿ ਇਨ੍ਹਾਂ ਤੋਂ ਇਲਾਵਾ ਹੋਰ ਸਾਰੇ ਵਿਸ਼ਿਆਂ ਦੀਆਂ ਕਿਤਾਬਾਂ ਮਈ ’ਚ ਮਿਲਣਗੀਆਂ। ਉਥੇ ਤੀਜੀ ਦੇ ਬੱਚਿਆਂ ਨੂੰ ਅਪ੍ਰੈਲ ’ਚ ਨਵੀਆਂ ਕਿਤਾਬਾਂ ਮਿਲ ਜਾਣਗੀਆਂ। ਸੀ. ਬੀ. ਐੱਸ. ਈ. ਨੇ ਆਪਣੇ ਸਾਰੇ ਸਕੂਲਾਂ ਨੂੰ ਭੇਜੇ ਇਕ ਪੱਤਰ ’ਚ ਕਿਹਾ ਕਿ ਤੀਜੀ ਤੇ 6ਵੀਂ ਕਲਾਸ ਲਈ ਨਵੇਂ ਪਾਠਕ੍ਰਮ ਤੇ ਕਿਤਾਬਾਂ ਨੂੰ ਵਰਤਣਾ ਹੋਵੇਗਾ। ਕਿਤਾਬ ਵਿਕਰੇਤਾਵਾਂ ਦੀ ਮੰਨੀਏ ਤਾਂ ਐੱਨ. ਸੀ. ਈ. ਆਰ. ਟੀ. ਦੀਆਂ ਕਿਤਾਬਾਂ ਮਾਰਕੀਟ ’ਚ ਆਉਣ ’ਚ ਕਈ ਮਹੀਨੇ ਲੱਗ ਜਾਂਦੇ ਹਨ। ਇਸ ਨੂੰ ਦੇਖਦਿਆਂ ਇਸ ਵਾਰ ਵੀ ਜੁਲਾਈ ਤੱਕ ਅਪਡੇਟ ਸਿਲੇਬਸ ਦੀਆਂ ਕਿਤਾਬਾਂ ਮਿਲਣੀਆਂ ਮੁਸ਼ਕਿਲ ਨਜ਼ਰ ਆ ਰਹੀਆਂ ਹਨ। ਵੱਖ-ਵੱਖ ਅਧਿਆਪਕਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਤੋਂ ਨੈਸ਼ਨਲ ਕਰਿਕੁਲਮ ਫਰੇਮਵਰਕ ਦੇ ਤਹਿਤ ਸਿਲੇਬਸ ’ਚ ਬਦਲਾਅ ਸ਼ੁਰੂ ਹੋਏ ਸਨ।

ਐੱਨ. ਸੀ. ਈ. ਆਰ. ਟੀ. ਦੀਆਂ ਇਨ੍ਹਾਂ ਕਿਤਾਬਾਂ ਦੀ ਵੀ ਸ਼ਾਰਟੇਜ
ਸਰਾਭਾ ਨਗਰ ’ਚ ਨਰੂਲਾ ਬੁਕਸ ਦੇ ਸੰਦੀਪ ਨਰੂਲਾ ਨੇ ਦੱਸਿਆ ਕਿ ਉਹ ਐੱਨ. ਸੀ. ਈ. ਆਰ. ਟੀ. ਦੇ ਏਜੰਸੀ ਹੋਲਡਰ ਹਨ। ਹਰ ਵਾਰ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਐੱਨ. ਸੀ. ਈ. ਆਰ. ਟੀ. ਨੂੰ ਕਿਤਾਬਾਂ ਦੀ ਡਿਮਾਂਡ ਭੇਜਣ ਦੇ ਬਾਵਜੂਦ ਪੂਰਾ ਆਰਡਰ ਨਹੀਂ ਮਿਲਦਾ। ਉਨ੍ਹਾਂ ਦੱਸਿਆ ਕਿ ਜਿਸ ਵਿਸ਼ੇ ਦੀਆਂ ਕਿਤਾਬਾਂ ਲਿਖਵਾਈਆਂ ਜਾਂਦੀਆਂ ਹਨ ਉਹ ਤਾਂ ਮਿਲਦੀਆਂ ਨਹੀਂ, ਸਗੋਂ ਉਨ੍ਹਾਂ ਦੀ ਜਗ੍ਹਾ ਦੂਜੇ ਵਿਸ਼ਿਆਂ ਦੀਆਂ ਕਿਤਾਬਾਂ ਭੇਜ ਦਿੱਤੀਆਂ ਜਾਂਦੀਆਂ ਹਨ। ਨਰੂਲਾ ਨੇ ਦੱਸਿਆ ਕਿ ਇਸ ਵਾਰ ਵੀ 9ਵੀਂ ਕਲਾਸ ਦੀਆਂ ਕਿਤਾਬਾਂ ਲੈਣ ਲਈ ਵਿਦਿਆਰਥੀ ਪ੍ਰੇਸ਼ਾਨ ਹੋ ਰਹੇ ਹਨ ਪਰ ਬਾਜ਼ਾਰ ’ਚ ਕਿਤਾਬਾਂ ਨਹੀਂ ਹਨ। ਇਸ ਦੌਰਾਨ 6ਵੀਂ ਤੋਂ 8ਵੀਂ ਤੱਕ ਦੀ ਹਿਸਟਰੀ, ਜਿਓਗ੍ਰਾਫੀ, ਮੈਥ ਤੇ ਸਾਇੰਸ ਦੀਆਂ ਕਿਤਾਬਾਂ ਨਹੀਂ ਆ ਰਹੀਆਂ ਹਨ। ਇਸੇ ਤਰ੍ਹਾਂ ਨਾਲ ਬੱਚੇ ਪ੍ਰਾਈਵੇਟ ਪ੍ਰਸ਼ਾਸਕਾਂ ਦੀਆਂ ਕਿਤਾਬਾਂ ਖ਼ਰੀਦਣ ਨੂੰ ਮਜਬੂਰ ਹਨ ਤਾਂ ਕਿ ਉਨਾਂ ਦਾ ਸਿਲੇਬਸ ਨਾ ਛੁੱਟ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News