ਘਰ-ਘਰ ਨੌਕਰੀ ਯੋਜਨਾ : ਮਾਰਕਫੈੱਡ ਨੇ ਸ਼ਹਿਰ ''ਚ ਦੂਸਰਾ ਸੇਲ ਬੂਥ ਖੋਲ੍ਹਿਆ

05/26/2018 11:06:16 AM

ਬਠਿੰਡਾ (ਬਲਵਿੰਦਰ)-ਪੰਜਾਬ ਸਰਕਾਰ ਦੀ ਘਰ-ਘਰ ਨੌਕਰੀ ਯੋਜਨਾ ਤਹਿਤ ਮਾਰਕਫੈੱਡ ਪੰਜਾਬ ਵੱਲੋਂ ਅੱਜ ਇਕ ਹੋਰ ਨੌਜਵਾਨ ਨੂੰ ਰੁਜ਼ਗਾਰ ਦਾ ਸਾਧਨ ਦਿੰਦਿਆਂ ਮਾਰਕਫੈੱਡ ਦੇ ਸ਼ਹਿਰ 'ਚ ਦੂਸਰੇ ਬੂਥ ਦਾ ਉਦਘਾਟਨ ਕੀਤਾ ਗਿਆ।  ਚੇਅਰਮੈਨ ਮਾਰਕਫੈੱਡ ਅਮਰਜੀਤ ਸਿੰਘ ਸਮਰਾ ਨੇ ਉਦਘਾਟਨ ਮੌਕੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਹਰ ਇਕ ਘਰ 'ਚ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਵਧ-ਚੜ੍ਹ ਕੇ ਹਿੱਸਾ ਬਣਦਿਆਂ ਮਾਰਕਫੈੱਡ ਦੁਆਰਾ ਬਠਿੰਡਾ ਸ਼ਹਿਰ 'ਚ 4 ਅਤੇ ਰਾਮਪੁਰਾ ਸ਼ਹਿਰ 'ਚ 1 ਬੂਥ ਸਥਾਪਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਮਾਰਕਫੈੱਡ ਅਤੇ ਵੇਰਕਾ ਮਿਲਕਫੈੱਡ ਦੇ ਸਮਝੌਤੇ ਤਹਿਤ ਵੇਰਕਾ ਦੇ ਸਾਰੇ ਉਤਪਾਦ ਮਾਰਕਫੈੱਡ ਦੇ ਬੂਥਾਂ 'ਤੇ ਵੀ ਉਪਲਬਧ ਹਨ। 
ਇਸ ਤਰ੍ਹਾਂ ਖਪਤਕਾਰਾਂ ਨੂੰ ਨਾ ਸਿਰਫ਼ ਉੱਚ ਗੁਣਵੱਤਾ ਦੇ ਮਾਰਕਫੈੱਡ ਦੇ ਉਤਪਾਦ ਮਿਲਦੇ ਹਨ ਬਲਕਿ ਵੇਰਕਾ ਦੇ ਵੀ ਵਧੀਆ ਦੁੱਧ ਦੇ ਉਤਪਾਦ ਇਕ ਹੀ ਥਾਂ 'ਤੇ ਮਿਲਣਗੇ। ਉਨ੍ਹਾਂ ਦੱਸਿਆ ਕਿ 8 ਮਈ ਨੂੰ ਪਹਿਲੇ ਬੂਥ ਦਾ ਉਦਘਾਟਨ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤਾ ਗਿਆ ਸੀ ਅਤੇ ਅੱਜ ਦੂਸਰੇ ਬੂਥ ਦਾ ਉਦਘਾਟਨ ਨਜ਼ਦੀਕ ਕਿਸਾਨ ਆਰਾਮ ਘਰ, ਦਾਣਾ ਮੰਡੀ ਵਿਖੇ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਸ ਨੌਜਵਾਨ ਨੂੰ ਇਹ ਬੂਥ ਚਲਾਉਣ ਲਈ ਦਿੱਤਾ ਗਿਆ ਹੈ, ਉਸ ਦੀ ਚੋਣ ਬਣਦੇ ਨਿਯਮਾਂ ਦੁਆਰਾ ਕੀਤੀ ਗਈ ਹੈ। ਮਾਰਕਫੈੱਡ ਦੁਆਰਾ ਇਸ ਨੌਜਵਾਨ ਨੂੰ ਮਾਰਕਫੈੱਡ ਦੇ ਉਤਪਾਦ ਫੈਕਟਰੀ ਰੇਟਾਂ ਅਨੁਸਾਰ ਦਿੱਤੇ ਜਾਣਗੇ ਅਤੇ ਇਹ ਨੌਜਵਾਨ ਅੱਗੇ ਇਨ੍ਹਾਂ ਉਤਪਾਦਾਂ ਨੂੰ ਤਹਿਸ਼ੁਦਾ ਕੀਮਤ 'ਤੇ ਵੇਚ ਕੇ ਆਪਣਾ ਮੁਨਾਫ਼ਾ ਕਮਾਵੇਗਾ।
ਡਾਇਰੈਕਟਰ ਮਾਰਕਫੈੱਡ ਬਲਦੇਵ ਸਿੰਘ ਨੇ ਦੱਸਿਆ ਕਿ  ਬੂਥ ਸਥਾਪਤ ਕਰਨ ਦਾ ਖਰਚਾ ਮਾਰਕਫੈੱਡ ਦੁਆਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਰਕਫੈੱਡ ਦੇ ਮਸ਼ਹੂਰ ਉਤਪਾਦ ਜਿਵੇਂ ਕਿ ਮਸਾਲਾ ਗੁੜ, ਕੇਸਰ ਦਲੀਆ ਅਤੇ ਸ਼ਹਿਦ ਵੀ ਇਨ੍ਹਾਂ ਬੂਥਾਂ 'ਤੇ ਵਿਕਰੀ ਲਈ ਉਪਲਬਧ ਹੋਣਗੇ। ਉਨ੍ਹਾਂ ਕਿਹਾ ਕਿ ਇਹ ਬੂਥ ਦਾਣਾ ਮੰਡੀ ਤੋਂ ਇਲਾਵਾ, ਮਾਡਲ ਟਾਊਨ ਫੇਜ਼-3, ਐੱਨ. ਐੱਫ. ਐੱਲ. ਸ਼ਾਪਿੰਗ ਕੰਪਲੈਕਸ ਅਤੇ ਭਗਤ ਸਿੰਘ ਮਾਰਕੀਟ ਰਾਮਪੁਰਾ ਫੂਲ ਵਿਖੇ ਲਾਏ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੰਗੀ ਗੁਣਵੱਤਾ ਵਾਲਾ ਸਾਮਾਨ ਇਨ੍ਹਾਂ ਬੂਥਾਂ ਤੋਂ ਖਰੀਦਣ। ਜ਼ਿਲਾ ਪ੍ਰਬੰਧਕ ਮਾਰਕਫੈੱਡ ਬਠਿੰਡਾ ਗੁਰਵੀਰ ਸਿੰਘ, ਮਨਦੀਪ ਸਿੰਘ ਬਰਾੜ ਜ਼ਿਲਾ ਪ੍ਰਬੰਧਕ ਸੰਗਰੂਰ, ਐੱਚ. ਐੱਸ. ਧਾਲੀਵਾਲ ਮਾਰਕੀਟਿੰਗ ਮੈਨੇਜਰ, ਐੱਫ. ਐੱਸ. ਓ. ਦਮਿੰਦਰਪਾਲ ਸਿੰਘ, ਮੈਨੇਜਰ ਰਾਮਪੁਰਾ ਕਰਮਜੀਤ ਸਿੰਘ, ਮੈਨੇਜਰ ਬਠਿੰਡਾ ਯਾਦਵਿੰਦਰ ਸਿੰਘ, ਮੈਨੇਜਰ ਰਾਮਾਂਮੰਡੀ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।


Related News