ਪੁਲਸ ਨੇ 17 ਲੱਖ ਤੋਂ ਵੱਧ ਦੀ ਨਕਦੀ ਤੇ 45 ਹਜ਼ਾਰ ਮਿ. ਲੀ. ਨਜਾਇਜ਼ ਸ਼ਰਾਬ ਕੀਤੀ ਜ਼ਬਤ

05/27/2018 1:03:09 AM

ਚੰਡੀਗੜ੍ਹ,(ਭੁੱਲਰ)—28 ਮਈ ਨੂੰ ਹੋਣ ਵਾਲੀ ਸ਼ਾਹਕੋਟ ਵਿਧਾਨਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਅਭਿਆਨ ਦੇ ਚਲਦਿਆਂ ਚੋਣ ਕਮਿਸ਼ਨ ਦੀਆਂ ਟੀਮਾਂ ਵਲੋਂ ਸ਼ਨੀਵਾਰ ਤੱਕ 17.50 ਲੱਖ ਰੁਪਏ ਦੀ ਬੇਹਿਸਾਬੀ ਨਕਦ ਰਾਸ਼ੀ ਅਤੇ ਵੱਖ-ਵੱਖ ਥਾਵਾਂ ਤੋਂ 45 ਹਜ਼ਾਰ ਮਿਲੀ ਲਿਟਰ ਨਜਾਇਜ਼ ਸ਼ਰਾਬ ਫੜ੍ਹੀ ਗਈ ਹੈ। ਇਹ ਜਾਣਕਾਰੀ ਇਥੇ ਹਲਕੇ ਦਾ ਚੋਣ ਪ੍ਰਚਾਰ ਖਤਮ ਹੋਣ ਸਮੇਂ ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਪ੍ਰੈੱਸ ਕਾਨਫਰੰਸ 'ਚ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਚੋਣ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪੈਰਾਮਿਲਟਰੀ ਫੋਰਸ ਦੀਆਂ ਛੇ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਸਾਰੇ ਬੂਥਾਂ 'ਤੇ ਈਵੀਐਮ ਦੇ ਨਾਲ ਵੀਵੀਪੈਟ ਮਸ਼ੀਨਾਂ ਦਾ ਇਸਤੇਮਾਲ ਕੀਤਾ ਜਾਵੇਗਾ। ਮਸ਼ੀਨਾਂ ਦੀ ਖਰਾਬੀ ਦੇ ਮੱਦੇਨਜ਼ਰ ਪੈਦਾ ਹੋਣ ਵਾਲੀ ਸਥਿਤੀ ਨੂੰ ਦੇਖਦਿਆਂ 50 ਫੀਸਦੀ ਵੱਧ ਮਸ਼ੀਨਾਂ ਦਾ ਇਸਤੇਮਾਲ ਕੀਤਾ ਗਿਆ ਹੈ। 50 ਫੀਸਦੀ ਪੋਲਿੰਗ ਬੂਥਾਂ 'ਤੇ ਵੈਬਕਾਸਟਿੰਗ ਦਾ ਵੀ ਪ੍ਰਬੰਧ ਕੀਤਾ ਗਿਆ ਹੈ। 
25 ਮੋਬਾਇਲ ਟੀਮਾਂ ਨੇ ਸ਼ਨੀਵਾਰ ਚੋਣ ਪ੍ਰਚਾਰ ਖਤਮ ਹੁੰਦਿਆਂ ਹੀ ਹਲਕੇ ਵਿਚੋਂ ਹੋਰਨਾਂ ਹਲਕੇ ਵਿਚੋਂ ਆਏ ਲੋਕਾਂ ਨੂੰ ਬਾਹਰ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 80 ਮਾਇਕਰੋ ਅਬਜਰਵਰ ਲਗਾਏ ਗਏ ਹਨ ਜੋ ਕਿ ਕੇਂਦਰ ਸਰਕਾਰ ਦੇ ਮੁਲਾਜ਼ਮ ਹਨ 'ਤੇ ਸਿੱਧੇ ਤੌਰ ਤੇ ਇਲੈਕਸ਼ਨ ਕਮਿਸ਼ਨ ਦਾ ਅੱਖ ਅਤੇ ਕੰਨ ਬਣ ਕੇ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕੇ ਵਿਚ 2201 ਅਸਲਾ ਲਾਈਸੈਸ ਹਨ, ਜਿਨ੍ਹਾਂ ਵਿੱਚੋਂ 2005 ਜਮ੍ਹਾ ਕਰਵਾਏ ਜਾ ਚੁਕੇ ਹਨ ਅਤੇ ਬਾਕੀ ਰਹਿੰਦੇ ਹਥਿਆਰ ਵੀ ਜਮ੍ਹਾਂ ਕਰਵਾ ਲਏ ਜਾਣਗੇ। ਮੁੱਖ ਚੋਣ ਅਫਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕੇ ਵਿੱਚ ਵੋਟਾਂ ਪੈਣ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਨਿਸ਼ਚਿਤ ਕੀਤਾ ਗਿਆ ਹੈ ਅਤੇ ਸ਼ਾਮ 6 ਵਜੇ ਜੋ ਵਿਅਕਤੀ ਲਾਈਨ ਵਿਚ ਲੱਗਾ ਹੋਵੇਗਾ ਉਸ ਨੂੰ ਵੋਟ ਪਾਉਣ ਲਈ ਵਾਧੂ ਸਮਾਂ ਦਿੱਤਾ ਜਾਵੇਗਾ। ਉਨ੍ਹਾਂ ਦੱੱਸਿਆ ਕਿ 1ਲੱਖ 72676  ਵੋਟਰ 12 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।


Related News