ਖੁੱਡਾ ਅਲੀਸ਼ੇਰ ਵਿਚ 13 ਮਕਾਨ ਤੋੜਨ ਦਾ ਮਾਮਲਾ ਪਹੁੰਚਿਆ ਹਾਈ ਕੋਰਟ

05/22/2018 6:36:58 AM

ਚੰਡੀਗੜ੍ਹ, (ਬਰਜਿੰਦਰ)- ਖੁੱਡਾ ਅਲੀਸ਼ੇਰ ਵਿਚ ਹਾਲ ਹੀ ਵਿਚ ਤੋੜੇ ਗਏ 13 ਮਕਾਨਾਂ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਹੈ। ਤੋੜੇ ਗਏ ਮਕਾਨਾਂ ਵਿਚੋਂ ਇਕ ਪੀੜਤ ਔਰਤ ਨਜ਼ਮਾ ਵਲੋਂ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨਰ ਦੇ ਵਕੀਲ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਬਿਨਾਂ ਨੋਟਿਸ ਦਿੱਤਿਆਂ ਮਕਾਨ ਤੋੜੇ। ਵਕੀਲ ਰੰਜਨ ਲਖਨਪਾਲ ਨੇ ਦੱਸਿਆ ਕਿ ਖੁੱਡਾ ਅਲੀਸ਼ੇਰ ਵਿਚ ਹਜ਼ਾਰਾਂ ਮਕਾਨ ਹਨ ਤਾਂ ਸਿਰਫ ਇਨ੍ਹਾਂ 13 ਮਕਾਨਾਂ ਨੂੰ ਹੀ ਕਿਉਂ ਤੋੜਿਆ ਗਿਆ। ਇਸ ਦੇ ਨਾਲ ਹੀ ਪ੍ਰਸ਼ਾਸਨ 'ਤੇ ਲੋਕਾਂ ਨੂੰ ਘਰਾਂ ਵਿਚੋਂ ਸਮਾਨ ਕੱਢਣ ਦਾ ਸਮਾਂ ਤੱਕ ਨਾ ਦੇਣ ਦਾ ਵੀ ਦੋਸ਼ ਲਾਇਆ ਗਿਆ।
ਪਟੀਸ਼ਨ ਵਿਚ ਇਹ ਦੋਸ਼ ਲਾਏ
ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਕਿ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀ ਇਸ ਤਰ੍ਹਾਂ ਦੀ ਹਰਕਤ ਕਈ ਵਾਰ ਕਰ ਚੁੱਕੇ ਹਨ ਤੇ ਇਸ ਤਰ੍ਹਾਂ ਦੇ ਕਈ ਮਾਮਲਿਆਂ ਵਿਚ ਹਾਈ ਕੋਰਟ ਨੇ ਸਪੱਸ਼ਟ ਨਿਰਦੇਸ਼ ਦਿੱਤਾ ਸੀ ਕਿ ਬਿਨਾਂ ਕਿਸੇ ਨੋਟਿਸ ਜਾਂ ਸੂਚਨਾ ਦੇ ਕਿਸੇ ਵੀ ਤਰ੍ਹਾਂ ਦੇ ਮਕਾਨ ਨੂੰ ਢਾਹਿਆ ਨਾ ਜਾਵੇ ਤੇ ਮਕਾਨ ਮਾਲਕ ਨੂੰ ਕੁਝ ਸਮਾਂ ਦਿੱਤਾ ਜਾਵੇ ਪਰ ਪ੍ਰਸ਼ਾਸਨ ਦੇ ਅਧਿਕਾਰੀ ਆਪਣੀ ਮਰਜ਼ੀ ਦੇ ਮਾਲਕ ਹਨ ਤੇ ਬਿਨਾਂ ਨੋਟਿਸ ਦਿੱਤੇ ਹੀ ਲੋਕਾਂ ਦੇ ਮਕਾਨ ਢਾਹ ਰਹੇ ਹਨ, ਉਹ ਵੀ ਕੁਝ ਚੋਣਵੇਂ ਮਕਾਨ। ਪਟੀਸ਼ਨਰ ਨੇ ਇਸ ਮਾਮਲੇ ਵਿਚ ਦੋਸ਼ੀ ਅਧਿਕਾਰੀਆਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਹਾਈ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਮਾਮਲੇ 'ਤੇ ਸਖ਼ਤ ਹੁਕਮ ਜਾਰੀ ਕਰੇ। ਮਾਮਲੇ ਵਿਚ ਸੰਭਵ ਹੈ ਕਿ ਮੰਗਲਵਾਰ ਨੂੰ ਸੁਣਵਾਈ ਹੋਵੇਗੀ।


Related News