ਮਾਮਲਾ BSF ਵਲੋਂ ਫੜੀ ਗਈ 15 ਕਰੋੜ ਦੀ ਹੈਰੋਇਨ ਦਾ : ਦੋ ਦੋਸ਼ੀ ਗ੍ਰਿਫਤਾਰ

05/25/2018 5:48:50 PM

ਗੁਰਦਾਸਪੁਰ (ਵਿਨੋਦ) : ਬੀਤੇ ਦਿਨ ਭਾਰਤ ਪਾਕਿਸਤਾਨ ਸੀਮਾ ਤੇ ਕਮਾਲਪੁਰ ਜੱਟਾਂ ਨੇੜੇ ਇਕ ਬੈਟਰੀ 'ਚ ਪਾ ਕੇ ਜ਼ਮੀਨ 'ਚ ਦਬਾ ਕੇ ਰੱਖੀ ਤਿੰਨ ਕਿਲੋਗ੍ਰਾਮ ਹੈਰੋਇਨ ਪੰਜਾਬ ਪੁਲਸ ਦੇ ਸਟੇਟ ਸਪੈਸ਼ਲ ਸੈੱਲ ਅਮ੍ਰਿੰਤਸਰ ਅਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਕਮਾਲਪੁਰ ਜੱਟਾਂ ਨੇੜਿਓਂ ਬਰਾਮਦ ਕੀਤੀ ਸੀ। ਇਸ ਸੰਬੰਧੀ ਦੋ ਤਸਕਰਾਂ ਨੂੰ ਇਸ ਸਟੇਟ ਸਪੈਸ਼ਲ ਸੈੱਲ ਅਮ੍ਰਿੰਤਸਰ ਨੇ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਇਨ੍ਹਾਂ ਵਿਅਕਤੀਆਂ 2 ਲੱਖ 50 ਹਜ਼ਾਰ ਰੁਪਏ ਨਗਦ ਤੇ ਇਕ ਪਾਕਿਸਤਾਨੀ ਮੋਬਾਇਲ ਸਿਮ ਬਰਾਮਦ ਕੀਤਾ ਗਿਆ ਹੈ। 
ਇਸ ਸੰਬੰਧੀ ਸਟੇਟ ਸਪੈਸ਼ਲ ਸੈੱਲ ਦੇ ਇੰਸਪੈਕਟਰ ਇੰਦਰਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨ ਲਗਭਗ 15 ਕਰੋੜ ਰੁਪਏ ਕੀਮਤ ਦੀ ਜੋ 3 ਕਿਲੋਗ੍ਰਾਮ ਹੈਰੋਇਨ ਸੀਮਾ 'ਤੇ ਸਥਿਤ ਕਮਾਲਪੁਰ ਜੱਟਾ ਬੀ. ਓ. ਪੀ ਦੇ ਨੇੜੇ ਇਕ ਬੈਟਰੀ 'ਚ ਪਾ ਕੇ ਜ਼ਮੀਨ 'ਚ ਦੱਬੀ ਹੋਈ ਬਰਾਮਦ ਕੀਤੀ ਸੀ। ਉਸ ਸੰਬੰਧੀ ਉਦੋਂ ਤਾਂ ਮੌਕੇ ਤੋਂ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ ਪਰ ਇਸ ਸੰਬੰਧੀ ਸੀਮਾ ਸੁਰੱਖਿਆ ਬਲ ਦੇ ਗੁਪਤਚਰ ਵਿੰਗ ਦੀ ਮਦਦ ਨਾਲ ਇਲਾਕੇ 'ਚ ਤਾਲਾਸ਼ੀ ਅਭਿਆਨ ਚਲਾ ਕੇ ਸ਼ੱਕੀ ਵਿਅਕਤੀਆਂ 'ਤੇ ਨਜ਼ਰ ਰੱਖੀ ਗਈ ਸੀ। 
ਇਸ ਦੌਰਾਨ ਪਤਾ ਲੱਗਾ ਕਿ ਦੋ ਸ਼ੱਕੀ ਵਿਅਕਤੀ ਸਰਹੱਦੀ ਪਿੰਡ ਦੋਸਤਪੁਰ ਦੀ ਡਿਸਪੈਂਸਰੀ ਦੇ ਕੋਲ ਘੁੰਮ ਰਹੇ ਹਨ ਅਤੇ ਉਨ੍ਹਾਂ ਦੀ ਗਤੀਵਿਧੀਆਂ ਸ਼ੱਕੀਆਂ ਹਨ, ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਪਿੰਡ ਦੋਸਤਪੁਰ ਦੇ ਕੋਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਤਾਲਾਸ਼ੀ ਦੌਰਾਨ ਉਕਤ ਵਿਅਕਤੀਆਂ ਕੋਲੋਂ 2 ਲੱਖ 50 ਹਜ਼ਾਰ ਰੁਪਏ ਨਗਦ ਤੇ ਇਕ ਪਾਕਿਸਤਾਨੀ ਸਿਮ ਬਰਾਮਦ ਕੀਤੀ ਗਈ ਹੈ। ਦੋਸ਼ੀਆਂ ਦੀ ਪਛਾਣ ਸਕੱਤਰ ਸਿੰਘ ਪੁੱਤਰ ਰਸਾਲ ਸਿੰਘ ਅਤੇ ਇੰਦਰਜੀਤ ਸਿੰਘ ਪੁੱਤਰ ਅਮਰੀਕ ਸਿੰਘ ਨਿਵਾਸੀ ਪਿੰਡ ਦਾਊਕੇ ਜ਼ਿਲਾ ਅਮ੍ਰਿੰਤਸਰ ਦੇ ਰੂਪ 'ਚ ਹੋਈ।
ਉਕਤ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਹ ਹੈਰੋਇਨ ਪਾਕਿਸਤਾਨ ਤੋਂ ਉਨ੍ਹਾਂ ਦੇ ਸਾਥੀ ਤਸਕਰ ਕਾਫਲ ਮਸੀਹ ਪੁੱਤਰ ਫੌਜੀ ਸੈਜੋ ਮਸੀਹ ਨਿਵਾਸੀ ਪਿੰਡ ਮਨਿਆਲੀ ਲਾਹੌਰ ਨੇ ਇਕ ਨਿਹੰਗ ਨਾਮਕ ਕੋਰੀਅਰ ਦੇ ਮਧਿਅਮ ਨਾਲ ਭਾਰਤ ਭੇਜੀ ਸੀ। ਨਿਹੰਗ ਹੀ ਇਸ ਹੈਰੋਇਨ ਨੂੰ ਸਰਹੱਦੀ ਇਲਾਕਾ ਕਮਾਲਪੁਰ ਜੱਟਾਂ ਦੇ ਕੋਲ ਦਬਾ ਕੇ ਗਿਆ ਸੀ ਤੇ ਇਨਾਂ ਨੇ ਨਿਹੰਗ ਕੋਰੀਅਰ ਨੂੰ ਢਾਈ ਲੱਖ ਰੁਪਏ ਦੀ ਰਾਸ਼ੀ ਦੇ ਕੇ ਹੈਰੋਇਨ ਦੀ ਡਿਲਵਰੀ ਲੈਣੀ ਸੀ।
ਉਕਤ ਅਧਿਕਾਰੀ ਦੇ ਅਨੁਸਾਰ ਦੋਸ਼ੀਆਂ ਨੂੰ ਅੱਜ ਗੁਰਦਾਸਪੁਰ ਅਦਾਲਤ 'ਚ ਪੇਸ਼ ਕਰਕੇ ਇਨ੍ਹਾਂ ਦਾ 30 ਮਈ ਤੱਕ ਪੁਲਸ ਰਿਮਾਂਡ ਲਿਆ ਗਿਆ ਹੈ। ਦੋਸ਼ੀਆਂ ਤੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਜੋ ਹੋਰ ਜਾਣਕਾਰੀ ਪ੍ਰਾਪਤ ਕੀਤੇ ਜਾ ਸਕੇ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਤੋਂ ਬਰਾਮਦ ਪਾਕਿਸਤਾਨੀ ਸਿਮ ਦੀ ਜਾਂਚ ਤੋਂ ਪਤਾ ਲੱਗਾ ਕਿ ਦੋਸ਼ੀ ਇਸ ਸਿਮ ਤੋਂ ਪਾਕਿਸਤਾਨ ਆਪਣੇ ਸਾਥੀ ਕਾਫਲ ਮਸੀਹ ਨਾਲ ਗੱਲਬਾਤ ਕਰਦੇ ਰਹਿੰਦੇ ਸੀ ਅਤੇ ਉਥੋਂ ਹੈਰੋਇਨ ਦੀ ਸਪਲਾਈ ਦੇ ਬਾਰੇ 'ਚ ਸਾਰੀ ਜਾਣਕਾਰੀ ਪ੍ਰਾਪਤ ਕਰਦੇ ਸੀ। 
 


Related News