ਪੰਜਾਬ ਨੂੰ ਵੱਡੀ ਜਿੱਤ ਤੇ ਚੰਗੀ ਰਨ ਰੇਟ ਦੀ ਲੋੜ

05/20/2018 2:08:34 AM

ਪੁਣੇ— ਚੰਗੀ ਸ਼ੁਰੂਆਤ ਤੋਂ ਬਾਅਦ ਲੜਖੜਾ ਚੁੱਕੀ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੂੰ ਚੇਨਈ ਸੁਪਰ ਕਿੰਗਜ਼ ਵਿਰੁੱਧ ਐਤਵਾਰ ਨੂੰ ਹੋਣ ਵਾਲੇ ਮੁਕਾਬਲੇ ਵਿਚ ਜਿੱਤ ਦੇ ਨਾਲ-ਨਾਲ ਚੰਗੀ ਰਨ ਰੇਟ ਦੀ ਵੀ ਲੋੜ ਹੈ ਤਾਂ ਕਿ ਉਹ ਆਈ. ਪੀ. ਐੱਲ.-11 ਦੇ ਪਲੇਅ ਆਫ ਲਈ ਕੁਆਲੀਫਾਈ ਕਰ ਸਕੇ।
ਪੰਜਾਬ ਦੇ ਲਈ ਇਸ ਸਮੇਂ ਜਿਹੜੀ ਹਾਂ-ਪੱਖੀ ਗੱਲ ਹੈ, ਉਹ ਇਹ ਹੈ ਕਿ ਉਸ ਦਾ ਲੀਗ ਮੈਚ ਟੂਰਨਾਮੈਂਟ ਦਾ ਆਖਰੀ ਲੀਗ ਮੈਚ ਹੈ ਤੇ ਉਸ ਨੂੰ ਸਾਰੇ ਸਮੀਕਰਨਾਂ ਦਾ ਪਤਾ ਲੱਗ ਜਾਵੇਗਾ ਕਿ ਉਸ ਨੇ ਪਲੇਅ ਆਫ ਵਿਚ ਪਹੁੰਚਣ ਲਈ ਕੀ ਕਰਨਾ ਹੈ।
ਪੰਜਾਬ ਇਸ ਸਮੇਂ 13 ਮੈਚਾਂ 'ਚੋਂ 6 ਜਿੱਤਾਂ ਤੇ 12 ਅੰਕਾਂ ਨਾਲ ਸੱਤਵੇਂ ਸਥਾਨ 'ਤੇ ਹੈ, ਜਦਕਿ ਚੇਨਈ ਕੱਲ ਦਿੱਲੀ ਵਿਚ ਆਪਣਾ ਪਿਛਲਾ ਮੈਚ ਹਾਰ ਜਾਣ ਦੇ ਬਾਵਜੂਦ ਪਲੇਅ ਆਫ ਲਈ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੀ ਹੈ। ਜੇਕਰ ਚੇਨਈ ਟੀਮ ਕੱਲ ਮੈਚ ਜਿੱਤਦੀ ਹੈ ਤਾਂ ਪੰਜਾਬ ਦੀ ਟੀਮ ਬਾਹਰ ਹੋ ਜਾਵੇਗੀ।
ਭਾਰਤੀ ਆਫ ਸਪਿਨਰ ਆਰ. ਅਸ਼ਵਿਨ ਦੀ ਕਪਤਾਨੀ ਵਾਲੇ ਪੰਜਾਬ ਨੇ ਇਹ ਮੈਚ ਜਿੱਤਣ ਦੇ ਨਾਲ-ਨਾਲ ਆਪਣੀ ਨੈੱਟ ਰਨ ਰੇਟ ਵਿਚ ਵੀ ਸੁਧਾਰ ਕਰਨਾ ਹੈ। ਪੰਜਾਬ ਦੀ ਨੈੱਟ ਰਨ ਰੇਟ ਮਾਈਨਸ 0.490 ਹੈ ਤੇ ਇਸ ਨੂੰ ਸੁਧਾਰਨ ਲਈ ਉਸ ਨੂੰ 200 ਫੀਸਦੀ ਪ੍ਰਦਰਸ਼ਨ ਕਰਨਾ ਪਵੇਗਾ।
ਪੰਜਾਬ ਨੂੰ ਰਨ ਰੇਟ ਵਿਚ ਤਾਂ ਅੱਗੇ ਨਿਕਲਣਾ ਹੀ ਪਵੇਗਾ ਸਗੋਂ ਦੂਜੀਆਂ ਟੀਮਾਂ ਦੇ ਹਾਰ ਜਾਣ ਦੀ ਪ੍ਰਾਰਥਨਾ ਵੀ ਕਰਨੀ ਪਵੇਗੀ। ਪੰਜਾਬ ਨੇ ਜੇਕਰ ਪਲੇਅ ਆਫ ਵਿਚ ਪਹੁੰਚਣਾ ਹੈ ਤਾਂ ਉਸ ਨੂੰ ਉਮੀਦ ਕਰਨੀ ਪਵੇਗੀ ਕਿ ਮੁੰਬਈ ਦੀ ਟੀਮ ਆਪਣਾ ਆਖਰੀ ਮੈਚ ਦਿੱਲੀ ਹੱਥੋਂ ਗੁਆ ਦੇਵੇ। 
ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਇਸ ਸਮੇਂ ਉਸ ਦੀ ਨੈੱਟ ਰਨ ਰੇਟ ਹੈ, ਜਿਹੜੀ ਆਖਰੀ ਮੈਚ ਜਿੱਤਣ ਦੇ ਬਾਵਜੂਦ ਉਸ ਨੂੰ ਟੂਰਨਾਮੈਂਟ 'ਚੋਂ ਬਾਹਰ ਕਰ ਸਕਦੀ ਹੈ। ਪੰਜਾਬ ਦੇ ਖਿਡਾਰੀਆਂ ਨੂੰ ਦਬੰਗ ਪ੍ਰਦਰਸ਼ਨ ਕਰਨਾ ਪਵੇਗਾ ਤਾਂ ਕਿ ਉਹ ਵੱਡੀ ਜਿੱਤ ਹਾਸਲ ਕਰ ਸਕੇ।


Related News