ਵਿਧਵਾ ਔਰਤ ਨੇ ਸਹੁਰੇ ਪਰਿਵਾਰ ''ਤੇ ਲਗਾਏ ਘਰੋਂ ਬਾਹਰ ਕੱਢਣ ਦੇ ਦੋਸ਼
Sunday, May 13, 2018 - 05:36 PM (IST)

ਜਲਾਲਾਬਾਦ (ਸੇਤੀਆ) : ਉਪਮੰਡਲ ਦੇ ਅਧੀਨ ਪੈਂਦੇ ਪਿੰਡ ਕਮਰੇ ਵਾਲਾ 'ਚ ਇਕ ਵਿਧਵਾ ਔਰਤ ਨੇ ਆਪਣੀ ਸੱਸ, ਨਨਾਣ, ਜੀਜਾ ਅਤੇ ਦਿਓਰ 'ਤੇ ਘਰੋਂ ਸਮਾਨ ਬਾਹਰ ਕੱਢਣ ਦਾ ਦੋਸ਼ ਲਗਾਇਆ ਹੈ ਅਤੇ ਥਾਣਾ ਸਿਟੀ ਵਿਚ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਜਦਕਿ ਦੂਜੇ ਪਾਸੇ ਸੱਸ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਹਿੱਸਾ ਲਏ ਜਾਣ ਦੀ ਗੱਲ ਕਹੀ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਚਰਨਜੀਤ ਕੌਰ ਵਿਧਵਾ ਸ਼ਾਮ ਸਿੰਘ ਵਾਸੀ ਕਮਰੇ ਵਾਲਾ ਨੇ ਦੱਸਿਆ ਕਿ ਉਸਦੇ ਪਤੀ ਦੀ ਕੁੱਝ ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸਦੇ ਤਿੰਨ ਛੋਟੇ ਛੋਟੇ ਬੱਚੇ ਹਨ ਅਤੇ ਉਹ ਘਰਾਂ ਵਿਚ ਮਿਹਨਤ ਮਜ਼ਦੂਰੀ ਕਰਕੇ ਬੱਚਿਆਂ ਦਾ ਪੇਟ ਪਾਲ ਰਹੀ ਹੈ। ਉਸਨੇ ਦੱਸਿਆ ਕਿ ਈਸਰੋ ਬਾਈ ਸੱਸ, ਪਾਇਲ ਰਾਣੀ ਨਨਾਣ ਅਤੇ ਅਸ਼ਨ ਸਿੰਘ ਉਸਦਾ ਦਿਓਰ ਜੋ ਸਾਜ਼ਿਸ਼ ਦੇ ਤਹਿਤ ਉਸਨੂੰ ਤੰਗ ਪਰੇਸ਼ਾਨ ਕਰ ਰਹੇ ਹਨ। ਉਕਤ ਦੋਸ਼ੀਆਂ ਨੇ ਮੇਰਾ ਸਮਾਨ ਬਾਹਰ ਕੱਢ ਦਿੱਤਾ ਅਤੇ ਮੇਰੇ ਟਰੰਕ 'ਚ 5 ਹਜ਼ਾਰ ਰੁਪਏ ਕੱਢ ਲਏ ਹਨ। ਔਰਤ ਨੇ ਦੱਸਿਆ ਕਿ ਇਹ ਮਕਾਨ ਮੇਰੇ ਪਤੀ ਦਾ ਹੈ ਅਤੇ ਇਸ ਮਕਾਨ ਵਿਚ ਅਸੀਂ ਇਕੱਠੇ ਰਹਿੰਦੇ ਸੀ ਪਰ ਉਕਤ ਦੋਸ਼ੀਆਂ ਨੇ ਧੱਕੇ ਨਾਲ ਮੇਰੇ ਇਕ ਲੜਕੇ ਦਾ ਗੋਦਨਾਮਾ ਵੀ ਲਿਖਵਾ ਲਿਆ ਮੈਂ ਆਪਣਾ ਬੱਚਾ ਇਨ੍ਹਾਂ ਨੂੰ ਨਹੀਂ ਦੇਣਾ ਚਾਹੁੰਦੀ ਹਾਂ।
ਉਧਰ ਇਸ ਸੰਬੰਧੀ ਸੱਸ ਈਸਰੋ ਬਾਈ ਦਾ ਕਹਿਣਾ ਹੈ ਕਿ ਪਹਿਲਾਂ ਇਹ ਆਪਣਾ ਹਿੱਸਾ ਲੈ ਚੁੱਕੀ ਹੈ ਅਤੇ ਪਹਿਲਾਂ ਹੀ ਵੱਖਰੀ ਰਹਿ ਰਹੀ ਸੀ ਪਰ ਉਸਦੇ ਬੇਟੇ ਦੀ ਮੌਤ ਤੋਂ ਬਾਅਦ ਅਸੀਂ ਤਰਸ ਦੇ ਆਧਾਰ 'ਤੇ ਇਸਨੂੰ ਵਾਪਸ ਘਰ ਲਿਆਂਦਾ ਤਾਂਕਿ ਬੱਚਿਆਂ ਦਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਹੋ ਸਕੇ। ਈਸਰੋ ਬਾਈ ਦਾ ਕਹਿਣਾ ਹੈ ਕਿ ਛੋਟਾ ਬੱਚਾ ਉਸ ਕੋਲ ਹੈ ਪਰ ਇਸਨੇ ਪਹਿਲਾਂ ਹੀ ਦੋ ਬੱਚੇ ਅੱਗੇ ਪੈਸੇ ਲੈ ਕੇ ਵੇਚ ਦਿੱਤੇ ਸਨ ਅਤੇ ਹੁਣ ਇਹ ਤੀਜਾ ਬੱਚਾ ਵੀ ਵੇਚਣਾ ਚਾਹੁੰਦੀ ਹੈ। ਈਸਰੋ ਬਾਈ ਦਾ ਕਹਿਣਾ ਹੈ ਕਿ ਇਹ ਨਜਾਇਜ਼ ਤੌਰ 'ਤੇ ਤੰਗ ਪਰੇਸ਼ਾਨ ਕਰਦੀ ਹੈ । ਉਸ ਦਾ ਕਹਿਣਾ ਹੈ ਕਿ ਜੋ ਤੀਜਾ ਬੱਚਾ ਉਨ੍ਹਾਂ ਕੋਲ ਹੈ ਉਸਨੂੰ ਉਸਦੇ ਬੇਟੇ ਦੇ ਹੱਕ ਵਾਂਗ ਜੋ ਬਣਦਾ ਹੋਵੇਗਾ ਦਿੱਤਾ ਜਾਵੇਗਾ।
ਉਧਰ ਇਸ ਸੰਬੰਧੀ ਜਾਂਚ ਅਧਿਕਾਰੀ ਏ.ਐਸ.ਆਈ ਬੇਦੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿਚ ਪਤਾ ਲੱਗਾ ਕਿ ਔਰਤ ਆਪਣਾ ਹਿੱਸਾ ਲੈ ਚੁੱਕੀ ਹੈ ਅਤੇ ਫਿਰ ਵੀ ਪਿੰਡ ਵਿਚ ਪੰਚਾਇਤ ਨੂੰ ਬੁਲਾਇਆ ਗਿਆ ਹੈ ਅਤੇ ਪੰਚਾਇਤੀ ਲੋਕਾਂ ਕੋਲੋਂ ਬਿਆਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।