ਛੱਤ ''ਤੇ ਟਾਵਰ ਲਾਉਣ ਕਾਰਨ ਹੋਏ ਝਗੜੇ ''ਚ ਪਿਉ-ਪੁੱਤ ਜ਼ਖ਼ਮੀ, 5 ਨਾਮਜ਼ਦ
Friday, Jun 01, 2018 - 12:26 AM (IST)

ਗੁਰਦਾਸਪੁਰ, (ਵਿਨੋਦ)- ਸਥਾਨਕ ਸੰਗਲਪੁਰਾ ਰੋਡ 'ਤੇ ਪਿਉ-ਪੁੱਤ 'ਤੇ ਹਮਲਾ ਕਰਨ ਵਾਲੇ ਪੰਜ ਦੋਸ਼ੀਆ ਦੇ ਵਿਰੁੱਧ ਸਿਟੀ ਪੁਲਸ ਨੇ ਧਾਰਾ 323, 341, 526, 148, 149 ਅਧੀਨ ਕੇਸ ਦਰਜ ਕੀਤਾ ਹੈ ਪਰ ਦੋਸ਼ੀ ਪੁਲਸ ਦੀ ਪਕੜ ਤੋਂ ਬਾਹਰ ਦੱਸੇ ਜਾ ਰਹੇ ਹਨ।
ਜ਼ਖ਼ਮੀ ਉੱਤਮ ਚੰਦ ਪੁੱਤਰ ਠਾਕੁਰ ਦਾਸ ਨਿਵਾਸੀ ਸੰਗਲਪੁਰਾ ਰੋਡ ਗੁਰਦਾਸਪੁਰ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੋਸ਼ ਲਾਇਆ ਕਿ ਉਹ ਆਪਣੇ ਘਰ ਦੀ ਛੱਤ 'ਤੇ ਮੋਬਾਇਲ ਟਾਵਰ ਲਗਵਾਉਣਾ ਚਾਹੁੰਦੇ ਹਨ। ਜਦਕਿ ਦੋਸ਼ੀ ਇਸ ਦਾ ਵਿਰੋਧ ਕਰਦੇ ਹਨ। ਬੀਤੀ ਦੇਰ ਸ਼ਾਮ ਉਹ ਆਪਣੇ ਲੜਕੇ ਵਿਪਨ ਦੇ ਨਾਲ ਬਾਜ਼ਾਰ ਤੋਂ ਘਰ ਆ ਰਿਹਾ ਸੀ, ਕਿ ਦੋਸ਼ੀ ਜਗਜੀਤ ਸਿੰਘ, ਰਾਜਾ, ਪਰਮਜੀਤ ਸਿੰਘ ਪੁੱਤਰ ਨਿਰਮਲ ਸਿੰਘ, ਦਵਿੰਦਰ ਸਿੰਘ ਪੁੱਤਰ ਕੇਹਰ ਸਿੰਘ ਅਤੇ ਹਰਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਨਿਵਾਸੀ ਸੰਗਲਪੁਰਾ ਰੋਡ ਨੇ ਸਾਡੇ 'ਤੇ ਡਾਂਗਾਂ ਦੇ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ।
ਕੀ ਕਹਿਣਾ ਹੈ ਸਿਟੀ ਪੁਲਸ ਸਟੇਸ਼ਨ ਇੰਚਾਰਜ ਦਾ
ਇਸ ਸਬੰਧੀ ਸਿਟੀ ਪੁਲਸ ਸਟੇਸ਼ਨ ਇੰਚਾਰਜ ਸ਼ਾਮ ਲਾਲ ਨੇ ਦੱਸਿਆ ਕਿ ਪੀੜਤ ਉੱਤਮ ਚੰਦ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।