ਜ਼ਮੀਨ ਨੂੰ ਬਚਾਉਣ ਲਈ ਮਰਨ ਵਰਤ ''ਤੇ ਬੈਠੀਆਂ ਔਰਤਾਂ ਦਾ ਭਾਰ ਘਟਿਆ 13 ਤੋਂ 16 ਕਿਲੋਗ੍ਰਾਮ

05/25/2018 7:44:37 AM

ਫਿਰੋਜ਼ਪੁਰ - ਫਿਰੋਜ਼ਪੁਰ ਦੇ ਪਿੰਡ ਝੋਂਕ ਹਰਿਹਰ 'ਚ 26 ਏਕੜ ਜ਼ਮੀਨ ਨੂੰ ਬਚਾਉਣ ਲਈ ਸਰਬਜੀਤ ਕੌਰ ਅਤੇ ਸਿਮਰਜੀਤ ਕੌਰ ਨੂੰ ਮਰਨ ਵਰਤ 'ਤੇ ਬੈਠੇ ਇਕ ਮਹੀਨਾ ਹੋ ਗਿਆ ਹੈ। ਇਹ ਦੋਵੇਂ ਔਰਤਾਂ ਸਿਹਤ ਖਰਾਬ ਹੋਣ ਕਾਰਨ ਬੋਲ ਨਹੀਂ ਸਕਦੀਆਂ ਅਤੇ ਸਿਰਫ ਇਸ਼ਾਰਿਆਂ ਦੇ ਨਾਲ ਹੀ ਗੱਲਬਾਤ ਕਰ ਰਹੀਆਂ ਹਨ। ਮਰਨ ਵਰਤ 'ਤੇ ਬੈਠੀਆਂ ਇਨ੍ਹਾਂ ਔਰਤਾਂ ਦਾ ਭਾਰ 13 ਤੋਂ 16 ਕਿਲੋਗ੍ਰਾਮ ਤੱਕ ਘੱਟ ਗਿਆ ਹੈ। 
ਸਰਬਜੀਤ ਕੌਰ ਦੇ ਪੁੱਤਰ ਗੁਰਜੀਤ ਸਿੰਘ ਨੇ ਦੱਸਿਆ ਕਿ 2 ਅਪ੍ਰੈਲ ਨੂੰ ਉਸ ਦੀ ਮਾਂ ਅਤੇ ਚਾਚੀ ਆਪਣੀ ਜ਼ਮੀਨ ਨੂੰ ਬਚਾਉਣ ਲਈ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਸਾਹਮਣੇ ਮਰਨ ਵਰਤ ਸ਼ੁਰੂ ਕੀਤਾ ਸੀ, ਜਿਸ ਨੂੰ 31 ਦਿਨ ਹੋ ਗਏ ਹਨ। ਇਹ ਔਰਤਾਂ ਕੱਚੇ ਘੜੇ ਦਾ ਪਾਣੀ ਪੀ ਕੇ ਆਪਣਾ ਗੁਜ਼ਾਰਾ ਕਰ ਰਹੀਆਂ ਹਨ। ਸਰਬਜੀਤ ਕੌਰ ਦਾ ਭਾਰ 62 ਕਿਲੋ ਸੀ, ਜੋ ਹੁਣ ਘੱਟ ਕੇ 49 ਕਿਲੋ ਰਹਿ ਗਿਆ ਹੈ। ਇਸ ਦੇ ਨਾਲ ਹੀ ਸਿਮਰਜੀਤ ਕੌਰ ਦਾ ਭਾਰ 76 ਕਿਲੋ ਸੀ, ਜੋ ਹੁਣ ਘੱਟ ਕੇ 60 ਕਿਲੋ ਰਹਿ ਗਿਆ ਹੈ। ਮਰਨ ਵਰਤ ਕਾਰਨ ਉਕਤ ਔਰਤਾਂ ਹੁਣ ਬਾਥਰੂਮ ਜਾਣ ਦੇ ਵੀ ਅਸਮਰਥ ਹੋ ਗਈਆਂ ਹਨ। ਇਸ ਸਬੰਧ 'ਚ ਸਿਵਲ ਹਸਪਤਾਲ ਦੇ ਡਾ. ਜੀ. ਐੱਸ. ਗੋਰਾਇਆ ਨੇ ਕਿਹਾ ਕਿ ਦੋਵਾਂ ਔਰਤਾਂ ਦੀ ਸਿਹਤ ਰੋਟੀ ਨਾ ਖਾਣ ਦੇ ਕਾਰਨ ਕਮਜ਼ੋਰ ਹੋ ਗਈ ਹੈ ਪਰ ਉਨ੍ਹਾਂ ਦੇ ਸ਼ਰੀਰਕ ਅੰਗ ਸਹੀ ਤਰੀਕੇ ਦੇ ਨਾਲ ਕੰਮ ਕਰ ਰਹੇ ਹਨ।  
ਇਸ ਸੰਬਧ 'ਚ ਗੁਰਜੀਤ ਸਿੰਘ ਨੇ ਕਿਹਾ ਕਿ 'ਆਪ' ਆਗੂ ਸੁਖਪਾਲ ਸਿੰਖ ਖਹਿਰਾ 29 ਮਈ ਨੂੰ ਦੇਸ਼ ਦੀ ਸਮੂਚੀ ਲੀਡਰਸ਼ਿਪ ਦੇ ਨਾਲ ਫਿਰੋਜ਼ਪੁਰ ਆ ਰਹੇ ਹਨ। ਇਸ ਤੋਂ ਪਹਿਲਾਂ ਵੀ ਉਹ ਉਸ ਦੀ ਮਾਂ ਦਾ ਹਾਲ-ਚਾਲ ਪੁੱਛਣ ਲਈ 14 ਮਈ ਨੂੰ ਆਏ ਸਨ ਪਰ ਵਿਰੋਧੀ ਧਿਰ ਦੇ ਲੋਕਾਂ ਨੇ ਉਨ੍ਹਾਂ ਦੇ ਨਾਲ ਦੁਰ-ਵਿਵਹਾਰ ਕੀਤਾ ਸੀ। ਉਨ੍ਹਾਂ ਨੇ ਉਸ ਸਮੇਂ ਪੁਲਸ ਕਰਮਚਾਰੀਆਂ ਦੀ ਦੋੜਾ-ਦੋੜਾ ਕੇ ਕੁੱਟਮਾਰ ਕੀਤੀ ਸੀ, ਜਿਸ ਦੀ ਵੀਡੀਓ ਅਤੇ ਤਸਵੀਰਾਂ ਅੱਜ ਵੀ ਵਾਇਰਲ ਹੋ ਰਹੀਆਂ ਹਨ। 


Related News