ਲੁਧਿਆਣਾ ਦੀ ਬਿਜਲੀ ਵਿਵਸਥਾ ਲਈ 64.82 ਕਰੋੜ ਜਾਰੀ

05/24/2018 11:46:14 AM

ਲੁਧਿਆਣਾ (ਸਲੂਜਾ) : ਸੂਬੇ ਦੇ ਸਨਅਤੀ ਸ਼ਹਿਰ ਲੁਧਿਆਣਾ ਦੀ ਬਿਜਲੀ ਸੰਚਾਰ ਅਤੇ ਵੰਡ ਵਿਵਸਥਾ ਨੂੰ ਦਰੁਸਤ ਕਰਨ ਲਈ ਪੰਜਾਬ ਸਰਕਾਰ ਵੱਲੋਂ 64.82 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਫੋਕਲ ਪੁਆਇੰਟ ਅਤੇ ਸਨਅਤੀ ਖੇਤਰਾਂ 'ਚ ਪੈਂਦੀ ਪੂਰੀ ਬਿਜਲੀ ਵਿਵਸਥਾ 'ਚ ਸੁਧਾਰ ਲਿਆਂਦਾ ਜਾਣਾ ਹੈ। ਇਹ ਪ੍ਰੋਜੈਕਟ ਇਸੇ ਸਾਲ ਸਤੰਬਰ ਮਹੀਨੇ ਵਿਚ ਸ਼ੁਰੂ ਹੋ ਜਾਵੇਗਾ, ਜੋ ਕਿ ਕਰੀਬ ਡੇਢ ਸਾਲ ਵਿਚ ਪੂਰਾ ਹੋਵੇਗਾ। ਇਸ ਪ੍ਰੋਜੈਕਟ ਨੂੰ ਅਮਲੀਜਾਮਾ ਪਹਿਨਾਉਣ ਲਈ ਟੈਂਡਰ ਪ੍ਰਕਿਰਿਆ ਜਾਰੀ ਹੈ। 
ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀਆਂ ਪੰਜ ਸਬ ਡਵੀਜ਼ਨਾਂ (ਲੁਧਿਆਣਾ ਸਿਟੀ ਵੈੱਸਟ, ਸੀ. ਐੱਮ. ਸੀ., ਫੋਕਲ ਪੁਆਇੰਟ, ਅਰਬਨ ਅਸਟੇਟ ਅਤੇ ਸੁੰਦਰ ਨਗਰ) ਦੇ 417 ਫੀਡਰਾਂ ਦੀ ਬਿਜਲੀ ਵੰਡ ਅਤੇ ਸੰਚਾਰ ਵਿਵਸਥਾ ਨੂੰ ਨਵਿਆਇਆ ਜਾਣਾ ਹੈ। ਇਸ ਰਾਸ਼ੀ ਨਾਲ 163.22 ਕਿਲੋਮੀਟਰ ਲੋਅ-ਟੈਂਸ਼ਨ ਤਾਰਾਂ, 626.66 ਕਿਲੋਮੀਟਰ ਹਾਈ-ਟੈਂਸ਼ਨ ਤਾਰਾਂ ਨੂੰ ਬਦਲਿਆ ਅਤੇ ਨਵੀਆਂ ਪਾਈਆਂ ਜਾਣਗੀਆਂ, ਇਸ ਤੋਂ ਇਲਾਵਾ 1197 ਹਾਈ-ਟੈਂਸ਼ਨ ਕੁਨੈਕਸ਼ਨ ਵੀ ਦੁਬਾਰਾ ਕੀਤੇ ਜਾਣਗੇ, ਜਿਸ ਨਾਲ ਖ਼ਪਤਕਾਰਾਂ ਨੂੰ ਭਾਰੀ ਲਾਭ ਮਿਲੇਗਾ।
ਬਿੱਟੂ ਨੇ ਕਿਹਾ ਕਿ ਇਹ ਪ੍ਰੋਜੈਕਟ ਮੁਕੰਮਲ ਹੋਣ ਨਾਲ ਸਨਅਤੀ ਸ਼ਹਿਰ ਦੀ ਬਿਜਲੀ ਵਿਵਸਥਾ ਵਿਚ ਵੱਡਾ ਸੁਧਾਰ ਹੋਵੇਗਾ। ਇਸ ਤੋਂ ਇਲਾਵਾ ਬਿਜਲੀ ਘੱਟਣ-ਵੱਧਣ ਅਤੇ ਸਮੇਂ-ਸਮੇਂ 'ਤੇ ਕੱਟ ਲੱਗਣ ਦੀ ਸਮੱਸਿਆ ਤੋਂ ਕਾਫੀ ਛੁਟਕਾਰਾ ਮਿਲੇਗਾ। ਇਸ ਦੇ ਨਾਲ ਹੀ ਸ਼ਾਟ ਸਰਕਟ ਅਤੇ ਬਿਜਲੀ ਨਾਲ ਵਾਪਰਨ ਵਾਲੀਆਂ ਅਣਸੁਖਾਵੀਆਂ ਘਟਨਾਵਾਂ ਵੀ ਵੱਡੇ ਪੱਧਰ 'ਤੇ ਘਟ ਜਾਣਗੀਆਂ। 
ਬਿੱਟੂ ਨੇ ਕਿਹਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਐਤਕੀਂ ਹਰੇਕ ਵਰਗ ਦੇ ਖ਼ਪਤਕਾਰਾਂ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਵੱਲੋਂ ਵਧੀਆ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ।  ਉਨ੍ਹਾਂ ਮੁੜ ਦੁਹਰਾਇਆ ਕਿ ਸੂਬੇ ਵਿੱਚ ਬਿਜਲੀ ਦੀ ਕਮੀ ਨਹੀਂ ਹੈ। ਪੰਜਾਬ ਸਰਕਾਰ ਨੇ ਉਦਯੋਗਾਂ ਮੁੜ ਤੋਂ ਪੈਰ੍ਹਾਂ ਸਿਰ ਕਰਨ ਲਈ ਜਿੱਥੇ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦੇਣ ਦਾ ਵਾਅਦਾ ਨਿਭਾਇਆ ਹੈ, ਉਥੇ ਹੀ ਛੋਟੀਆਂ ਸਨਅਤਾਂ ਨੂੰ ਵੀ ਹੋਰ ਸਹੂਲਤਾਂ ਦਾ ਲਾਭ ਦਿਵਾਉਣ ਦਾ ਵਾਅਦਾ ਪੂਰਾ ਕੀਤਾ ਜਾਵੇਗਾ।


Related News