ਦਰਜਨ ਦੁਕਾਨਾਂ ਸੀਲ, 500 ਨੂੰ ਨੋਟਿਸ

Wednesday, May 23, 2018 - 03:56 AM (IST)

ਦਰਜਨ ਦੁਕਾਨਾਂ ਸੀਲ, 500 ਨੂੰ ਨੋਟਿਸ

ਪਟਿਆਲਾ, (ਬਲਜਿੰਦਰ)- ਹਾਊਸ ਟੈਕਸ ਤੇ ਪ੍ਰਾਪਰਟੀ ਟੈਕਸ ਡਿਫਾਲਟਰਾਂ ਖਿਲਾਫ ਨਗਰ ਨਿਗਮ ਨੇ ਫਿਰ ਤੋਂ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਵੱਖ-ਵੱਖ ਕੈਟਾਗਰੀਆਂ ਵਿਚ ਵੰਡੇ ਇਨ੍ਹਾਂ ਸਭ ਤੋਂ ਵੱਡੇ ਡਿਫਾਲਟਰਾਂ ਖਿਲਾਫ ਅੱਜ ਨਿਗਮ ਨੇ ਕਾਰਵਾਈ ਕਰਦੇ ਹੋਏ ਇਕ ਦਰਜਨ ਦੁਕਾਨਾਂ ਨੂੰ ਸੀਲ ਕਰ ਦਿੱਤਾ। ਨਿਗਮ ਵੱਲੋਂ ਪ੍ਰਾਪਰਟੀ ਟੈਕਸ ਜਮ੍ਹਾ ਨਾ ਕਰਵਾਉਣ ਵਾਲੇ 500 ਡਿਫਾਲਟਰਾਂ ਨੂੰ ਹੁਣ ਤੱਕ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਅਧਿਕਾਰੀਆਂ ਅਨੁਸਾਰ ਜੇਕਰ ਇਨ੍ਹਾਂ ਵੱਲੋਂ ਟੈਕਸ ਜਮ੍ਹਾ ਨਾ ਕਰਵਾਇਆ ਗਿਆ ਤਾਂ ਉਨ੍ਹਾਂ ਖਿਲਾਫ ਵੀ ਸੀਲਿੰਗ ਦੀ ਕਾਰਵਾਈ ਕੀਤੀ ਜਾਵੇਗੀ, ਜਿਸ ਲਈ ਉਹ ਖੁਦ ਜ਼ਿੰਮੇਵਾਰ ਹੋਣਗੇ।  
ਨਿਗਮ ਕਮਿਸ਼ਨਰ ਗੁਰਪ੍ਰੀਤ ਖਹਿਰਾ ਅਤੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਨਿਰਦੇਸ਼ਾਂ 'ਤੇ ਸਕੱਤਰ ਨੀਰਜ ਜੈਨ ਅਤੇ ਸੁਪਰਡੈਂਟ ਰਮਿੰਦਰਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਫੈਕਟਰੀ ਏਰੀਆ ਰੋਡ 'ਤੇ 5 ਯੂਨਿਟ, ਨਿਊ ਮਿਹਰ ਸਿੰਘ ਕਾਲੋਨੀ ਤੇ ਦਸਮੇਸ਼ ਨਗਰ ਆਦਿ ਇਲਾਕਿਆਂ ਵਿਚ ਕੁੱਲ 12 ਦੁਕਾਨਾਂ ਨੂੰ ਸੀਲ ਕੀਤਾ ਗਿਆ। ਇਨ੍ਹਾਂ ਨੂੰ ਹਾਲਾਂਕਿ ਪਹਿਲਾਂ ਪੰਜਾਬ ਮਿਉਂਸੀਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 137, 138 ਦੇ ਨੋਟਿਸ ਜਾਰੀ ਕੀਤੇ ਗਏ। ਨੋਟਿਸ ਜਾਰੀ ਹੋਣ ਦੇ ਬਾਵਜੂਦ ਪ੍ਰਾਪਰਟੀ ਟੈਕਸ ਜਮ੍ਹਾ ਨਹੀਂ ਕਰਵਾਇਆ ਗਿਆ, ਜਿਸ ਕਾਰਨ ਟੀਮ ਨੇ ਇਨ੍ਹਾਂ ਪ੍ਰਾਪਰਟੀਆਂ ਅਤੇ ਦੁਕਾਨਾਂ ਨੂੰ ਸੀਲ ਕਰ ਦਿੱਤਾ। 
ਇਸ ਸਬੰਧੀ ਸੁਪਰਡੈਂਟ ਰਮਿੰਦਰਪਾਲ ਸਿੰਘ ਨੇ ਦੱਸਿਆ ਕਿ ਬਰਾਂਚ ਵੱਲੋਂ ਡਿਫਾਲਟਰਾਂ ਦੀ ਵੱਖ-ਵੱਖ ਕੈਟਾਗਰੀਆਂ ਬਣਾਈਆਂ ਹੋਈਆਂ ਹਨ, ਜਿਸ ਵਿਚ ਸਭ ਤੋਂ ਪਹਿਲਾਂ ਅਜਿਹੇ ਡਿਫਾਲਟਰਾਂ ਨੂੰ ਰੱਖਿਆ ਗਿਆ ਹੈ, ਜਿਨ੍ਹਾਂ ਵੱਲੋਂ ਹੁਣ ਤੱਕ ਪ੍ਰਾਪਰਟੀ ਟੈਕਸ ਭਰਵਾਇਆ ਹੀ ਨਹੀਂ ਗਿਆ। ਉਨ੍ਹਾਂ ਨੂੰ ਹਾਲਾਂਕਿ ਵਾਰ-ਵਾਰ ਨੋਟਿਸ ਵੀ ਜਾਰੀ ਕੀਤੇ ਗਏ। ਉਸ ਤੋਂ ਬਾਅਦ ਰਿਮਾਈਂਡਰ ਦਿੱਤੇ ਗਏ। ਜਦੋਂ ਇਨ੍ਹਾਂ ਵੱਲੋਂ ਨੋਟਿਸਾਂ ਤੇ ਰਿਮਾਈਂਡਰਾਂ ਦੀ ਪਰਵਾਹ ਨਾ ਕੀਤੀ ਗਈ ਤਾਂ ਹੁਣ ਨਿਗਮ ਕਮਿਸ਼ਨਰ ਨੇ ਅਜਿਹੇ ਪ੍ਰਾਪਰਟੀ ਮਾਲਕਾਂ ਖਿਲਾਫ ਸਖਤੀ ਨਾਲ ਪੇਸ਼ ਆਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸੇ ਸਖਤੀ ਤਹਿਤ ਅੱਜ ਇਕ ਦਰਜਨ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਿਗਮ ਕਮਿਸ਼ਨਰ ਵੱਲੋਂ ਸਾਫ ਨਿਰਦੇਸ਼ ਹਨ ਕਿ ਹਾਊਸ ਤੇ ਪ੍ਰਾਪਰਟੀ ਟੈਕਸ ਡਿਫਾਲਟਰਾਂ ਖਿਲਾਫ ਸਖਤੀ ਨਾਲ ਪੇਸ਼ ਆਇਆ ਜਾਵੇ।  ਇੱਥੇ ਦੱਸਣਯੋਗ ਹੈ ਕਿ ਸਾਲ 2013 ਵਿਚ ਹਾਊੁਸ ਟੈਕਸ ਖਤਮ ਕਰ ਕੇ ਪ੍ਰਾਪਰਟੀ ਟੈਕਸ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਸੀ। ਨਿਗਮ ਦਾ ਅਜੇ ਵੀ ਡਿਫਾਲਟਰਾਂ ਵੱਲ 3 ਕਰੋੜ ਦੇ ਲਗਭਗ ਹਾਊਸ ਟੈਕਸ ਬਕਾਇਆ ਖੜ੍ਹਾ ਹੈ, ਜਿਸ ਨੂੰ ਉਗਰਾਹੁਣ ਲਈ ਹਾਊਸ ਟੈਕਸ ਤੇ ਪ੍ਰਾਪਰਟੀ ਟੈਕਸ ਬਰਾਂਚ ਨੇ ਬੜੀ ਤੇਜ਼ੀ ਨਾਲ ਕੰਮ ਸ਼ੁਰੂ ਕੀਤਾ ਹੈ। 
ਕਰੋੜਾਂ ਰੁਪਏ ਪ੍ਰਾਪਰਟੀ ਤੇ ਹਾਊਸ ਟੈਕਸ ਦਾ ਬਕਾਇਆ
ਨਗਰ ਨਿਗਮ ਦਾ ਕਈ ਕਰੋੜ ਰੁਪਇਆ ਪ੍ਰਾਪਰਟੀ ਟੈਕਸ ਤੇ ਹਾਊਸ ਟੈਕਸ ਦਾ ਅਜੇ ਬਕਾਇਆ ਡਿਫਾਲਟਰਾਂ ਵੱਲ ਖੜ੍ਹਾ ਹੈ। ਇਨ੍ਹਾਂ ਵਿਚੋਂ ਜ਼ਿਆਦਾ ਪੁਰਾਣਾ ਹਾਊਸ ਟੈਕਸ ਦਾ ਹੈ। ਪ੍ਰਾਪਰਟੀ ਟੈਕਸ ਦਾ ਵੀ ਪੁਰਾਣਾ ਬਕਾਇਆ ਅਜੇ ਖੜ੍ਹਾ ਹੈ। ਪੁਰਾਣੇ ਬਕਾਏ ਅਤੇ ਚਾਲੂ ਵਿੱਤੀ ਵਰ੍ਹੇ ਦੇ ਪ੍ਰਾਪਰਟੀ ਟੈਕਸ ਦੀ ਉਗਰਾਹੀ ਲਈ ਹੁਣ ਪ੍ਰਾਪਰਟੀ ਟੈਕਸ ਬਰਾਂਚ ਪੱਬਾਂ ਭਾਰ ਹੋ ਚੁੱਕੀ ਹੈ। ਆਉਣ ਵਾਲੇ ਦਿਨਾਂ ਵਿਚ ਕਈ ਹੋਰ ਪ੍ਰਾਪਰਟੀ ਟੈਕਸ ਡਿਫਾਲਟਰਾਂ 'ਤੇ ਗਾਜ ਡਿੱਗਣ ਵਾਲੀ ਹੈ।  ਨਿਗਮ ਨੇ ਪਹਿਲਾਂ ਕੋਸ਼ਿਸ਼ ਕੀਤੀ ਸੀ ਕਿ ਹਰ ਵਾਰਡ ਵਿਚ ਬਕਾਇਆ ਕੈਂਪ ਲਾ ਕੇ ਪ੍ਰਾਪਰਟੀ ਟੈਕਸ ਜਮ੍ਹਾ ਕਰਨ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ। ਇਸ ਦੇ ਬਾਵਜੂਦ ਵੀ ਜਿਹੜੇ ਵਿਅਕਤੀ ਟੈਕਸ ਨਾ ਭਰਨ ਦਾ ਮਨ ਬਣਾ ਚੁੱਕੇ ਹਨ, ਨਿਗਮ ਹੁਣ ਉਨ੍ਹਾਂ ਨੂੰ ਸਬਕ ਸਿਖਾਉਣ ਦੇ ਮੂਡ ਵਿਚ ਨਜ਼ਰ ਆ ਰਿਹਾ ਹੈ।
ਪ੍ਰਾਪਰਟੀ ਟੈਕਸ 'ਤੇ ਦਿੱਤੀ ਛੋਟ ਦਾ ਲਾਭ ਉਠਾਉਣ ਦੁਕਾਨਦਾਰ : ਮੇਅਰ
ਦੂਜੇ ਪਾਸੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਦੁਕਾਨਦਾਰਾਂ ਨੂੰ ਅਪੀਲ ਵੀ ਕੀਤੀ ਕਿ ਸਰਕਾਰ ਵੱਲੋਂ ਵਾਰ-ਵਾਰ ਪ੍ਰਾਪਰਟੀ ਟੈਕਸ 'ਤੇ ਛੋਟ ਦਿੱਤੀ ਜਾ ਰਹੀ ਹੈ, ਜਿਸ ਦਾ ਵੱਧ ਤੋਂ ਵੱਧ ਲਾਭ ਉਠਾਉਂਦੇ ਹੋਏ ਜਲਦੀ ਤੋਂ ਜਲਦੀ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਇਆ ਜਾਵੇ। ਇਥੇ ਇਹ ਵੀ ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਕ ਵਾਰ ਪਹਿਲਾਂ ਨਿਗਮ ਨੇ ਕਾਫੀ ਸਖਤੀ ਨਾਲ ਪ੍ਰਾਪਰਟੀ ਟੈਕਸ ਇਕੱਠਾ ਕਰਨ ਲਈ ਮੁਹਿੰਮ ਵਿੱਢੀ ਸੀ, ਜੋ ਕਿ ਪਿਛਲੇ ਕੁੱਝ ਸਮੇਂ ਤੋਂ ਸ਼ਾਂਤ ਪਈ ਸੀ। ਅਚਾਨਕ ਫਿਰ ਤੋਂ ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਬ੍ਰਾਂਚ ਨੇ ਡਿਫਾਲਟਰਾਂ ਦੀਆਂ ਲਿਸਟਾਂ ਤਿਆਰ ਕਰ ਕੇ ਉਨ੍ਹਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  


Related News