ਅਮਰੀਕੀ ਬਾਜ਼ਾਰ ਤੇਜ਼ੀ ''ਤੇ ਬੰਦ, ਡਾਓ ਜੋਂਸ 95 ਅੰਕ ਚੜ੍ਹਿਆ
Tuesday, May 08, 2018 - 08:01 AM (IST)

ਵਾਸ਼ਿੰਗਟਨ— ਸੋਮਵਾਰ ਦੇ ਕਾਰੋਬਾਰੀ ਸਤਰ 'ਚ ਡਾਓ ਜੋਂਸ ਅਤੇ ਨੈਸਡੈਕ ਕੰਪੋਜਿਟ ਤੇਜ਼ੀ 'ਚ ਬੰਦ ਹੋਏ ਹਨ, ਜਦੋਂ ਕਿ ਐੱਸ. ਐਂਡ. ਪੀ.-500 ਇੰਡੈਕਸ 'ਚ ਮਾਮੂਲੀ ਤੇਜ਼ੀ ਦਰਜ ਕੀਤੀ ਗਈ। ਕਾਰੋਬਾਰ ਦੌਰਾਨ ਤਕਨਾਲੋਜੀ ਸਟਾਕ 'ਚ ਤੇਜ਼ੀ ਦੇਖਣ ਨੂੰ ਮਿਲੀ, ਜਿਸ ਨਾਲ ਬਾਜ਼ਾਰ ਚੰਗੀ ਮਜ਼ਬੂਤੀ ਦਰਜ ਕਰਦਾ ਦਿਸ ਰਿਹਾ ਸੀ ਪਰ ਟਰੰਪ ਦੇ ਟਵੀਟ ਦੇ ਬਾਅਦ ਜ਼ਿਆਦਾਤਰ ਸਟਾਕ ਦੀ ਤੇਜ਼ੀ ਸੀਮਤ ਹੋ ਗਈ। ਟਰੰਪ ਨੇ ਟਵੀਟ ਕੀਤਾ ਕਿ ਉਹ ਮੰਗਲਵਾਰ ਨੂੰ ਈਰਾਨ 'ਤੇ ਆਪਣੇ ਫੈਸਲੇ ਦਾ ਐਲਾਨ ਕਰਨਗੇ। ਕਾਰੋਬਾਰ ਦੇ ਅਖੀਰ 'ਚ ਫੇਸਬੁੱਕ, ਨੈਟਫਲਿਕਸ, ਐਮਾਜ਼ੋਨ ਅਤੇ ਐਲਫਾਬੇਟ ਸਾਰੇ ਸਟਾਕ ਹਲਕੀ ਤੇਜ਼ੀ ਦਰਜ ਕਰਦੇ ਬੰਦ ਹੋਏ।
ਫੇਸਬੁੱਕ 'ਚ 0.7 ਫੀਸਦੀ, ਨੈਟਫਲਿਕਸ 'ਚ 2 ਫੀਸਦੀ, ਐਮਾਜ਼ੋਨ 'ਚ 1.2 ਫੀਸਦੀ ਅਤੇ ਐਲਫਾਬੇਟ 'ਚ 0.8 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ। ਉੱਥੇ ਹੀ, ਐਨਰਜ਼ੀ ਸਟਾਕ 'ਚ ਤੇਜ਼ੀ ਨਾਲ ਬਾਜ਼ਾਰ ਅਖੀਰ 'ਤੇ ਮਜ਼ਬੂਤੀ ਨਾਲ ਬੰਦ ਹੋਣ 'ਚ ਕਾਮਯਾਬ ਰਿਹਾ। ਐਨਰਜ਼ੀ ਸੈਕਟਰ ਐੱਸ. ਪੀ. ਡੀ. ਆਰ. ਫੰਡ 0.1 ਫੀਸਦੀ ਚੜ੍ਹ ਕੇ ਬੰਦ ਹੋਇਆ, ਇਸ 'ਚ ਪਹਿਲਾਂ 2.3 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲ ਰਹੀ ਸੀ। ਨਵੰਬਰ 2014 ਦੇ ਬਾਅਦ ਪਹਿਲੀ ਵਾਰ ਅਮਰੀਕੀ ਤੇਲ 70 ਡਾਲਰ ਦੇ ਪਾਰ ਹੋਣ ਨਾਲ ਐਨਰਜ਼ੀ ਸੈਕਟਰ ਨੂੰ ਤੇਜ਼ੀ ਮਿਲੀ।
ਇਸ ਵਿਚਕਾਰ ਡਾਓ ਜੋਂਸ 94.81 ਅੰਕ ਚੜ੍ਹ ਕੇ 24,357.32 ਦੇ ਪੱਧਰ 'ਤੇ ਬੰਦ ਹੋਣ 'ਚ ਕਾਮਯਾਬ ਰਿਹਾ, ਕਾਰੋਬਾਰ ਦੌਰਾਨ ਇਕ ਸਮੇਂ ਇਹ 200 ਅੰਕ ਚੜ੍ਹ ਕੇ ਕਾਰੋਬਾਰ ਕਰ ਰਿਹਾ ਸੀ। ਉੱਥੇ ਹੀ, ਐੱਸ. ਐਂਡ. ਪੀ.-500 ਇੰਡੈਕਸ 0.4 ਫੀਸਦੀ ਚੜ੍ਹ ਕੇ 2,672.40 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਇਲਾਵਾ ਨੈਸਡੈਕ ਕੰਪੋਜਿਟ 0.8 ਫੀਸਦੀ ਵਧ ਕੇ 7,265.21 ਦੇ ਪੱਧਰ 'ਤੇ ਬੰਦ ਹੋਇਆ ਹੈ। ਹਾਲਾਂਕਿ ਸੋਮਵਾਰ ਦੇ ਸਤਰ 'ਚ ਨੈਸਡੈਕ 'ਚ ਵਧ ਤੋਂ ਵਧ 1.1 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ।