ਗਾਰੰਟੀ ਦੇ ਸਮੇਂ ''ਚ ਖਰਾਬ ਹੋਇਆ ਫਰਿੱਜ, ਹੁਣ ਦੁਕਾਨਦਾਰ ਦੇਵੇਗਾ ਹਰਜਾਨਾ
Tuesday, Jun 05, 2018 - 01:20 AM (IST)

ਗੁਰਦਾਸਪੁਰ-ਜ਼ਿਲਾ ਖਪਤਕਾਰ ਫੋਰਮ ਤਰਨਤਾਰਨ ਨੇ ਇਕ ਪਟੀਸ਼ਨਕਰਤਾ ਨੂੰ ਰਾਹਤ ਦਿੰਦੇ ਹੋਏ ਇਲੈਕਟ੍ਰਾਨਿਕਸ ਦਾ ਸਾਮਾਨ ਵੇਚਣ ਵਾਲੇ ਦੁਕਾਨਦਾਰ ਨੂੰ ਹੁਕਮ ਦਿੱਤਾ ਕਿ ਉਹ ਪਟੀਸ਼ਨਕਰਤਾ ਨੂੰ ਵੇਚੇ ਖਰਾਬ ਫਰਿੱਜ ਦੀ ਪੂਰੀ ਰਾਸ਼ੀ ਤੇ 5 ਹਜ਼ਾਰ ਰੁਪਏ ਹਰਜਾਨਾ 30 ਦਿਨ 'ਚ ਅਦਾ ਕਰੇ।
ਕੀ ਹੈ ਮਾਮਲਾ
ਪਟੀਸ਼ਨਕਰਤਾ ਸੁਖਜਿੰਦਰ ਸਿੰਘ ਪੁੱਤਰ ਜਗਦੇਵ ਸਿੰਘ ਨਿਵਾਸੀ ਤਰਨਤਾਰਨ ਨੇ ਜ਼ਿਲਾ ਖਪਤਕਾਰ ਫੋਰਮ ਤਰਨਤਾਰਨ ਦੇ ਸਾਹਮਣੇ ਪਟੀਸ਼ਨ ਦਾਇਰ ਕਰ ਕੇ ਦੋਸ਼ ਲਾਇਆ ਸੀ ਕਿ ਉਸ ਨੇ 26 ਅਕਤੂਬਰ 2016 ਨੂੰ ਮੈ. ਚਾਵਲਾ ਇਲੈਕਟ੍ਰਾਨਿਕਸ ਰੇਲਵੇ ਰੋਡ ਤਰਨਤਾਰਨ ਤੋਂ 18800 ਰੁਪਏ ਦਾ ਐੱਲ. ਜੀ. ਕੰਪਨੀ ਦਾ ਫਰਿੱਜ ਖਰੀਦਿਆ ਸੀ। ਕੰਪਨੀ ਨੇ ਫਰਿੱਜ ਦੀ ਇਕ ਸਾਲ ਦੀ ਗਾਰੰਟੀ ਵੀ ਦਿੱਤੀ ਸੀ ਪਰ ਫਰਿੱਜ 6 ਮਹੀਨਿਆਂ ਬਾਅਦ ਹੀ ਖਰਾਬ ਹੋਣ ਲੱਗਾ ਅਤੇ ਵਾਰ-ਵਾਰ ਸਬੰਧਤ ਫਰਮ ਨੂੰ ਸ਼ਿਕਾਇਤ ਲਿਖਵਾਉਣ ਦੇ ਬਾਵਜੂਦ ਉਹ ਕਿਸੇ ਤਰ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੋਈ। ਕੰਪਨੀ ਨੇ ਇਕ ਵਾਰ ਆਪਣਾ ਮਕੈਨਿਕ ਵੀ ਭੇਜਿਆ ਪਰ ਉਹ ਵੀ ਫਰਿੱਜ ਨੂੰ ਠੀਕ ਨਾ ਕਰ ਸਕਿਆ। ਉਸ ਤੋਂ ਬਾਅਦ 30 ਅਗਸਤ 2017 ਨੂੰ ਈਮੇਲ ਰਾਹੀਂ ਵੀ ਸ਼ਿਕਾਇਤ ਦਰਜ ਕਰਵਾਈ ਗਈ ਪਰ ਕੋਈ ਲਾਭ ਨਹੀਂ ਹੋਇਆ। ਪ੍ਰੇਸ਼ਾਨ ਹੋ ਕੇ ਉਸ ਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ।
ਇਹ ਕਿਹਾ ਫੋਰਮ ਨੇ
ਜ਼ਿਲਾ ਖਪਤਕਾਰ ਸੁਰੱਖਿਆ ਫੋਰਮ ਨੇ ਇਸ ਕੇਸ ਦੀ ਸੁਣਵਾਈ ਕਰਦੇ ਹੋਏ ਪਾਇਆ ਕਿ ਪਟੀਸ਼ਨਕਰਤਾ ਵੱਲੋਂ ਖਰੀਦਿਆ ਗਿਆ ਫਰਿੱਜ ਗਾਰੰਟੀ ਦੇ ਸਮੇਂ 'ਚ ਖਰਾਬ ਹੋਇਆ ਅਤੇ ਵਾਰ-ਵਾਰ ਸ਼ਿਕਾਇਤ ਕਰਨ ਤੋਂ ਬਾਅਦ ਵੀ ਇਸ ਨੂੰ ਠੀਕ ਨਹੀਂ ਕਰਵਾਇਆ ਗਿਆ। ਜੋ ਖਪਤਕਾਰ ਦੇ ਅਧਿਕਾਰ ਦੀ ਉਲੰਘਣਾ ਹੈ।
ਫੋਰਮ ਦੇ ਪ੍ਰਧਾਨ ਨਵੀਨਪੁਰੀ ਨੇ ਪਟੀਸ਼ਨਕਰਤਾ ਨੂੰ ਰਾਹਤ ਦਿੰਦੇ ਹੋਏ ਮੈ. ਚਾਵਲਾ ਇਲੈਕਟ੍ਰਾਨਿਕਸ ਤਰਨਤਾਰਨ ਨੂੰ ਹੁਕਮ ਦਿੱਤਾ ਕਿ ਉਹ ਪਟੀਸ਼ਨਕਰਤਾ ਨੂੰ ਫਰਿੱਜ ਦੀ ਪੂਰੀ ਰਾਸ਼ੀ ਅਤੇ ਨਾਲ ਹੀ 5 ਹਜ਼ਾਰ ਰੁਪਏ ਹਰਜਾਨੇ ਵਜੋਂ 30 ਦਿਨ 'ਚ ਅਦਾ ਕਰੇ। ਜੇਕਰ ਨਿਰਧਾਰਿਤ ਸਮੇਂ 'ਚ ਹੁਕਮ ਦੀ ਪਾਲਣਾ ਨਹੀਂ ਹੁੰਦੀ ਤਾਂ ਦੁਕਾਨਦਾਰ ਨੂੰ ਸ਼ਿਕਾਇਤਕਰਤਾ ਵੱਲੋਂ ਜਦੋਂ ਤੋਂ ਫੋਰਮ ਕੋਲ ਪਟੀਸ਼ਨ ਦਾਇਰ ਕੀਤੀ ਗਈ ਹੈ, ਉਦੋਂ ਤੋਂ 9 ਫੀਸਦੀ ਸਾਲਾਨਾ ਵਿਆਜ ਦਰ ਨਾਲ ਰਾਸ਼ੀ ਅਦਾ ਕਰਨੀ ਹੋਵੇਗੀ।