ਸਕੂਲੀ ਬੱਸ ਨੇ ਕਾਲਜ ਵਿਦਿਆਰਥੀ ਨੂੰ ਮਾਰੀ ਟੱਕਰ, ਪੀ. ਜੀ. ਆਈ. ਭਰਤੀ
Friday, Apr 27, 2018 - 04:31 PM (IST)

ਖਰੜ (ਅਮਰਜੀਤ) : ਖਰੜ-ਕੁਰਾਲੀ ਕੌਮੀ ਮਾਰਗ 'ਤੇ ਹੋਏ ਸੜਕੀ ਹਾਦਸੇ 'ਚ ਸਕੂਲ ਬੱਸ 'ਚ ਬੈਠੇ 35 ਬੱਚੇ ਬਾਲ-ਬਾਲ ਬਚ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੁਪਹਿਰ ਇਕ ਸਕੂਲ ਦੀ ਬੱਸ 35 ਬੱਚੇ ਲੈ ਕੇ ਕੁਰਾਲੀ ਜਾ ਰਹੀ ਸੀ। ਡਰਾਈਵਰ ਬੱਸ ਨੂੰ ਬੜੀ ਲਾਪਰਵਾਹੀ ਨਾਲ ਚਲਾ ਰਿਹਾ ਸੀ। ਜਦੋਂ ਬੱਸ ਰਿਆਤ ਐਂਡ ਬਾਹਰਾ ਇੰਜੀਨੀਅਰਿੰਗ ਕਾਲਜ ਕੋਲ ਪੁੱਜੀ ਤਾਂ ਕਾਲਜ ਦਾ ਇਕ ਵਿਦਿਆਰਥੀ ਸੜਕ ਪਾਰ ਕਰ ਰਿਹਾ ਸੀ ਕਿ ਡਰਾਈਵਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜ਼ੋਰਦਾਰ ਸੀ ਕਿ ਵਿਦਿਆਰਥੀ ਬੱਸ ਦੇ ਸ਼ੀਸ਼ੇ ਨਾਲ ਉਭੜ ਕੇ ਵੱਜਾ ਅਤੇ ਸੜਕ 'ਤੇ ਡਿਗ ਪਿਆ। ਮੌਕੇ 'ਤੇ ਰਾਹਗੀਰਾਂ ਨੇ ਐਂਬੂਲੈਂਸ ਬੁਲਾ ਕੇ ਫੱਟੜ ਵਿਦਿਆਰਥੀ ਅਮਨ ਵਰਮਾ ਵਾਸੀ ਚੰਡੀਗੜ੍ਹ ਨੂੰ ਸਿਵਲ ਹਸਪਤਾਲ ਖਰੜ ਦਾਖਲ ਕਰਾਇਆ। ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ। ਬੱਸ 'ਚ ਬੈਠੇ ਵਿਦਿਆਰਥੀਆਂ 'ਚੋਂ ਵੀ ਇਕ ਨੂੰ ਸੱਟਾਂ ਵੱਜੀਆਂ ਹਨ, ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਲੋਕਾਂ ਨੇ ਜਦੋਂ ਡਰਾਈਵਰ ਨੂੰ ਕਾਬੂ ਕੀਤਾ ਤਾਂ ਉਹ ਲੋਕਾਂ ਨੂੰ ਧੱਕੇ ਮਾਰ ਕੇ ਮੌਕੇ 'ਤੋਂ ਫਰਾਰ ਹੋ ਗਿਆ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।