29 ਮਈ ਨੂੰ ਸੈਂਟਰਲ ਜੇਲ ''ਚ ਤਾਇਨਾਤ ਹੋਣਗੇ 40 ਨਵੇਂ ਵਾਰਡਨ

05/25/2018 11:35:11 AM

ਲੁਧਿਆਣਾ (ਸਿਆਲ) : ਸੈਂਟਰਲ ਜੇਲ 'ਚ ਸੁਰੱਖਿਆ ਵਿਵਸਥਾ ਨੂੰ ਸੁਦ੍ਰਿੜ੍ਹ ਰੱਖਣ ਲਈ ਸਮੇਂ-ਸਮੇਂ 'ਤੇ ਠੋਸ ਕਦਮ ਚੁੱਕੇ ਜਾਣਗੇ। ਕੈਦੀਆਂ ਤੇ ਹਵਾਲਾਤੀਆਂ ਦੀਆਂ ਬੈਰਕਾਂ ਦਾ ਅਚਾਨਕ ਨਿਰੀਖਣ ਕਰਨ ਦੇ ਨਾਲ-ਨਾਲ ਸੁਰੱਖਿਆ ਕਰਮਚਾਰੀਆਂ ਨੂੰ ਮੁਸਤੈਦੀ ਨਾਲ ਡਿਊਟੀ ਦੇਣ ਲਈ ਕਿਹਾ ਜਾਵੇਗਾ। ਇਹ ਗੱਲ ਬਤੌਰ ਡਿਪਟੀ ਸੁਪਰਡੈਂਟ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਕਬਾਲ ਸਿੰਘ ਧਾਲੀਵਾਲ ਨੇ ਕਹੀ। 
ਧਾਲੀਵਾਲ ਨੇ ਦੱਸਿਆ ਕਿ ਜੇਲ 'ਚ ਸੁਰੱਖਿਆ ਦੇ ਮੱਦੇਨਜ਼ਰ 29 ਮਈ ਨੂੰ 40 ਦੇ ਕਰੀਬ ਨਵੇਂ ਵਾਰਡਨ ਕਰਮਚਾਰੀ ਆ ਰਹੇ ਹਨ, ਜਿਨ੍ਹਾਂ ਦੀ ਟਰੇਨਿੰਗ ਕਪੂਰਥਲਾ ਦੇ ਇਕ ਸੈਂਟਰ ਵਿਚ ਲਗਭਗ ਪੂਰੀ ਹੋ ਚੁੱਕੀ ਹੈ। ਜੇਲ ਪ੍ਰਸ਼ਾਸਨ ਸੁਰੱਖਿਆ ਦੇ ਮੱਦੇਨਜ਼ਰ ਇਨ੍ਹਾਂ ਕਰਮਚਾਰੀਆਂ ਦੀ ਜੇਲ ਦੇ ਵੱਖ-ਵੱਖ ਪੁਆਇੰਟਾਂ ਵਿਚ ਨਿਯੁਕਤੀ ਕਰੇਗਾ। ਉਨ੍ਹਾਂ ਦੱਸਿਆ ਕਿ ਸਮੇਂ-ਸਮੇਂ 'ਤੇ ਜੇਲ ਵਿਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਵੇਗਾ।
ਵਧਾਈ ਜਾ ਰਹੀ ਇੰਟਰਕਾਮ ਸੁਵਿਧਾ
ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਜੇਲ ਵਿਚ ਸਿਰਫ ਸੁਪਰਡੈਂਟ ਹੀ ਮੋਬਾਇਲ ਫੋਨ ਨਾਲ ਲੈ ਕੇ ਜਾ ਸਕਦਾ ਹੈ। ਅਜਿਹੇ ਵਿਚ ਹੋਰਨਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਆਪਸ ਵਿਚ ਤਾਲਮੇਲ ਸਬੰਧੀ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਇਸ ਲਈ ਜਲਦੀ ਹੀ ਇੰਟਰਕਾਮ ਦੀ ਸੁਵਿਧਾ ਵਧਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਸਹਾਇਕ ਸੁਪਰਡੈਂਟ ਤੇ ਹੈੱਡ ਵਾਰਡਨਾਂ ਕੋਲ ਵਾਕੀ-ਟਾਕੀ ਸੈੱਟਾਂ ਦੀ ਸੁਵਿਧਾ ਤਾਂ ਹੈ ਪਰ ਇਸ ਨਾਲ ਗੁਪਤ ਜਾਣਕਾਰੀ ਜਨਤਕ ਹੋ ਸਕਦੀ ਹੈ ਤੇ ਉਨ੍ਹਾਂ ਕਿਹਾ ਕਿ ਇਸ ਲਈ ਵੀ ਇੰਟਰਕਾਮ ਦੀ ਸੁਵਿਧਾ ਹੀ ਉਪਲਬੱਧ ਕਰਵਾਈ ਜਾ ਰਹੀ ਹੈ।
ਰਾਤ ਨੂੰ ਗਾਰਦ ਗਸ਼ਤ ਵਧਾਈ ਜਾਵੇਗੀ
ਉਨ੍ਹਾਂ ਕਿਹਾ ਕਿ ਜੇਕਰ ਡਿਊਟੀ ਦੌਰਾਨ ਕਿਸੇ ਕਰਮਚਾਰੀ ਦੀ ਲਾਪ੍ਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਸਾਰੇ ਗਾਰਦ ਇੰਚਾਰਜਾਂ ਨੂੰ ਰਾਤ ਦੇ ਸਮੇਂ ਸਪੈਸ਼ਲ ਗਸ਼ਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਵਿਵਸਥਾ ਵਿਚ ਕਿਸੇ ਤਰ੍ਹਾਂ ਕਮੀ ਨਹੀਂ ਆਉਣ ਦਿੱਤੀ ਜਾਵੇਗੀ। 
ਕੈਦੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਦਿਨ ਹੋਵੇਗਾ ਤੈਅ
ਉਨ੍ਹਾਂ ਦੱਸਿਆ ਕਿ ਹਫਤੇ ਵਿਚ ਅਜਿਹੇ ਦਿਨ ਵੀ ਨਿਸ਼ਚਿਤ ਕੀਤੇ ਜਾਣਗੇ, ਜਿਨ੍ਹਾਂ ਵਿਚ ਹਰ ਕੈਦੀ ਕੋਲ ਜਾ ਕੇ ਉਸ ਦੀ ਸਮੱਸਿਆ ਸੁਣੀ ਜਾਵੇਗੀ। ਇਸ ਦੇ ਨਾਲ ਹੀ ਬੀਮਾਰ ਕੈਦੀ ਦਾ ਇਲਾਜ ਸਮੇਂ 'ਤੇ ਕਰਵਾਉਣ ਸਬੰਧੀ ਕਦਮ ਚੁੱਕੇ ਜਾ ਰਹੇ ਹਨ। ਨਸ਼ੇ ਦੀ ਲਤ ਵਾਲੇ ਕੈਦੀਆਂ ਨੂੰ ਸਮੇਂ 'ਤੇ ਦਵਾਈ ਮਿਲ ਰਹੀ ਹੈ, ਇਸ ਦੀ ਹਰ ਰੋਜ਼ ਚੈਕਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੇਲ ਵਿਚ ਫਰਾਰੀ ਦੀ ਘਟਨਾ ਦੋਬਾਰਾ ਨਾ ਹੋਵੇ ਇਸ ਲਈ ਕਈ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।
ਨਸ਼ਾ ਮਿਲਣ 'ਤੇ ਸਬੰਧਿਤ ਅਧਿਕਾਰੀ 'ਤੇ ਹੋਵੇਗੀ ਕਾਰਵਾਈ
ਧਾਲੀਵਾਲ ਨੇ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਸਮੇਂ-ਸਮੇਂ ਤੇ ਸਰਚ ਮੁਹਿੰਮ ਚਲਾਈ ਜਾਵੇਗਾ, ਜੇਕਰ ਕਿਸੇ ਕੈਦੀ ਤੋਂ ਮੋਬਾਇਲ ਜਾਂ ਨਸ਼ਾ ਮਿਲਦਾ ਹੈ ਤਾਂ ਉਸ ਸਮੇਂ ਡਿਊਟੀ ਕਰਨ ਵਾਲਾ ਸਹਾਇਕ ਸੁਪਰਡੈਂਟ ਤੇ ਹੈੱਡ ਵਾਰਡਨ 'ਤੇ ਵੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਡਿਊਟੀ 'ਤੇ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਾਵਧਾਨੀ ਵਰਤਣ ਦੇ ਹੁਕਮ ਦਿੱਤੇ ਗਏ ਹਨ। ਜੇਲ ਦੀ ਕੰਧ ਦੇ ਬਾਹਰੀ ਰਸਤਿਉਂ ਅੰਦਰ ਪਾਬੰਦੀਸ਼ੁਦਾ ਸਾਮਾਨ ਦੇ ਪੈਕੇਟ ਸੁੱਟੇ ਜਾਣ ਸਬੰਧੀ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਇਸ ਲਈ ਉੱਚ ਅਧਿਕਾਰੀਆਂ ਨੂੰ ਪੁਲਸ ਪੈਟਰੋਲਿੰਗ ਗਸ਼ਤ ਵਧਾਉਣ ਲਈ ਲਿਖਿਆ ਜਾਵੇਗਾ।


Related News