ਬਿਨਾਂ ਦੱਸੇ ਖਾਤੇ ''ਚੋਂ ਟਰਾਂਸਫਰ ਕੀਤੇ ਪੈਸੇ, ਹੁਣ ਕੇਨਰਾ ਬੈਂਕ ਵਾਪਸ ਕਰੇਗਾ ਵਿਆਜ ਸਮੇਤ ਰਾਸ਼ੀ

05/27/2018 11:04:23 PM

ਗੁਰਦਾਸਪੁਰ -ਜ਼ਿਲਾ ਖਪਤਕਾਰ ਸੁਰੱਖਿਆ ਫੋਰਮ ਨੇ ਇਕ ਪਟੀਸ਼ਨਕਰਤਾ ਨੂੰ ਰਾਹਤ ਦਿੰਦਿਆਂ ਕੇਨਰਾ ਬੈਂਕ ਦੀ ਬਟਾਲਾ ਬ੍ਰਾਂਚ ਨੂੰ ਹੁਕਮ ਦਿੱਤਾ ਹੈ ਕਿ ਉਹ ਪਟੀਸ਼ਨਕਰਤਾ ਦੇ ਬੈਂਕ ਖਾਤੇ 'ਚੋਂ ਟਰਾਂਸਫਰ ਕੀਤੇ 3 ਲੱਖ 86 ਹਜ਼ਾਰ ਰੁਪਏ ਵਿਆਜ ਸਮੇਤ ਵਾਪਸ ਕਰੇ। ਇਸਦੇ ਨਾਲ ਹੀ ਪਟੀਸ਼ਨਕਰਤਾ ਵੱਲੋਂ ਕੁਝ ਤੱਥ ਲੁਕਾਉਣ 'ਤੇ ਫੋਰਮ ਨੇ ਉਸ ਨੂੰ ਕੋਈ ਮੁਆਵਜ਼ਾ ਰਾਸ਼ੀ ਨਾ ਦੇਣ ਦਾ ਹੁਕਮ ਦਿੱਤਾ ਹੈ।


ਕੀ ਹੈ ਮਾਮਲਾ
ਸੁਖਦੇਵ ਸਿੰਘ ਬਾਜਵਾ ਪੁੱਤਰ ਮਨਜੀਤ ਸਿੰਘ ਨਿਵਾਸੀ ਗੋਪਾਲ ਨਗਰ ਬਟਾਲਾ ਨੇ ਫੋਰਮ ਦੇ ਕੋਲ ਦਾਇਰ ਪਟੀਸ਼ਨ 'ਚ ਦੋਸ਼ ਲਾਇਆ ਸੀ ਕਿ ਉਸ ਦਾ ਕੇਨਰਾ ਬੈਂਕ 'ਚ ਬੱਚਤ ਖਾਤਾ ਹੈ। ਬੈਂਕ ਅਧਿਕਾਰੀਆਂ ਨੇ ਉਸ ਨੂੰ ਬਿਨਾਂ ਕੋਈ ਨੋਟਿਸ ਜਾਂ ਜਾਣਕਾਰੀ ਦਿੱਤੇ, ਉਸਦੇ ਖਾਤੇ 'ਚੋਂ 3 ਲੱਖ 86 ਹਜ਼ਾਰ ਰੁਪਏ ਦੀ ਰਾਸ਼ੀ ਫਰਮ ਟੈਸਟ ਐਗਰੋਟੈੱਕ ਲਿਮਟਿਡ ਬਟਾਲਾ ਦੇ ਬੈਂਕ ਖਾਤੇ ਵਿਚ ਟਰਾਂਸਫਰ ਕਰ ਦਿੱਤੀ। ਉਹ ਬੈਂਕ ਅਧਿਕਾਰੀਆਂ ਨੂੰ ਕਈ ਵਾਰ ਇਹ ਰਾਸ਼ੀ ਵਾਪਸ ਉਸ ਦੇ ਖਾਤੇ 'ਚ ਟਰਾਂਸਫਰ ਕਰਨ ਲਈ ਮਿਲ ਚੁੱਕਾ ਹੈ ਪਰ ਬੈਂਕ ਨੇ ਉਸ ਦੀ ਗੱਲ ਨਹੀਂ ਸੁਣੀ। ਇਸ ਸਬੰਧੀ ਬੈਂਕ ਵੱਲੋਂ ਫੋਰਮ ਨੂੰ ਦੱਸਿਆ ਗਿਆ ਕਿ ਮੈਸ. ਟੈਸਟ ਐਗਰੋਟੈੱਕ ਲਿਮਟਿਡ ਨੇ ਬੈਂਕ 'ਚੋਂ ਕਰਜ਼ਾ ਲਿਆ ਹੋਇਆ ਹੈ ਅਤੇ ਫਰਮ ਦਾ ਬੈਂਕ ਖਾਤਾ ਐੱਨ. ਪੀ. ਏ. (ਨਾਨ ਪ੍ਰਫਾਰਮਿੰਗ ਏਸੈੱਟਸ) ਹੋ ਚੁੱਕਾ ਹੈ। ਇਸ ਫਰਮ 'ਚ ਪਟੀਸ਼ਨਕਰਤਾ ਡਾਇਰੈਕਟਰ ਵੀ ਹੈ ਅਤੇ ਕਰਜ਼ੇ 'ਚ ਗਾਰੰਟਰ ਵੀ ਹੈ, ਜਿਸ ਕਾਰਨ ਪਟੀਸ਼ਨਕਰਤਾ ਦੇ ਬੈਂਕ ਖਾਤੇ 'ਚੋਂ ਇਹ ਰਾਸ਼ੀ ਟਰਾਂਸਫਰ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪਟੀਸ਼ਨਕਰਤਾ ਵੱਲੋਂ ਆਪਣੀ ਪਟੀਸ਼ਨ 'ਚ ਇਹ ਤੱਥ ਲੁਕਾਇਆ ਗਿਆ ਸੀ ਕਿ ਉਹ ਉਕਤ ਫਰਮ ਦਾ ਡਾਇਰੈਕਟਰ ਹੈ ਤੇ ਕਰਜ਼ੇ 'ਚ ਗਾਰੰਟਰ ਹੈ। 


ਕੀ ਕਿਹਾ ਫੋਰਮ ਨੇ
ਦੋਵਾਂ ਪੱਖਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜ਼ਿਲਾ ਖਪਤਕਾਰ ਸੁਰੱਖਿਆ ਫੋਰਮ ਦੇ ਪ੍ਰਧਾਨ ਨਵੀਨ ਪੁਰੀ ਨੇ ਫੈਸਲਾ ਸੁਣਾਇਆ ਕਿ ਜਿਸ ਤਰ੍ਹਾਂ ਬੈਂਕ ਨੇ ਇਹ ਰਾਸ਼ੀ ਪਟੀਸ਼ਨਕਰਤਾ ਦੇ ਬੈਂਕ ਖਾਤੇ 'ਚੋਂ ਟਰਾਂਸਫਰ ਕੀਤੀ ਹੈ ਉਹ ਗਲਤ ਹੈ। ਕਿਸੇ ਵੀ ਫਰਮ ਤੋਂ ਕਰਜ਼ਾ ਵਸੂਲੀ ਲਈ ਜੋ ਬੈਂਕ ਨਿਯਮ ਅਨੁਸਾਰ ਜ਼ਰੂਰੀ ਹੋਵੇ, ਉਹ ਪ੍ਰਕਿਰਿਆ ਅਪਣਾਉਣੀ ਚਾਹੀਦੀ ਹੈ। ਫੋਰਮ ਨੇ ਬੈਂਕ ਨੂੰ ਹੁਕਮ ਦਿੱਤਾ ਕਿ ਉਹ ਤੁਰੰਤ ਵਿਆਜ ਸਮੇਤ 3 ਲੱਖ 86 ਹਜ਼ਾਰ ਰੁਪਏ ਦੀ ਰਾਸ਼ੀ ਪਟੀਸ਼ਨਕਰਤਾ ਦੇ ਬੈਂਕ ਖਾਤੇ 'ਚ ਪਾਏ। ਫੋਰਮ ਨੇ ਆਪਣੇ ਹੁਕਮ 'ਚ ਇਹ ਵੀ ਕਿਹਾ ਕਿ ਪਟੀਸ਼ਨਕਰਤਾ ਨੇ ਇਹ ਗੱਲ ਲੁਕਾਈ ਹੈ ਕਿ ਉਹ ਡਿਫਾਲਟਰ ਫਰਮ ਦਾ ਡਾਇਰੈਕਟਰ ਹੈ, ਇਸ ਲਈ ਉਹ ਕਿਸੇ ਤਰ੍ਹਾਂ ਦੇ ਮੁਆਵਜ਼ੇ ਦਾ ਹੱਕਦਾਰ ਨਹੀਂ ਹੈ ਅਤੇ ਉਹ ਬੈਂਕ ਦੀ ਕਰਜ਼ਾ ਵਸੂਲੀ 'ਚ ਮਦਦ ਵੀ ਕਰੇ ਕਿਉਂਕਿ ਉਹ ਕਰਜ਼ੇ 'ਚ ਗਾਰੰਟਰ ਹੈ।


Related News