ਨਹਿਰੀ ਵਿਭਾਗ ਦੀ ਕਰਨੀ ਦਾ ਫਲ ਭੋਗ ਰਹੇ ਨੇ ਆਮ ਲੋਕ, ਗੰਦਾ ਨਾਲਾ ਬਣਿਆ ਮੁਸੀਬਤ

05/26/2018 12:55:28 PM

ਜਲੰਧਰ (ਬੁਲੰਦ)— ਨਹਿਰੀ ਵਿਭਾਗ ਦੀ ਲਾਪਰਵਾਹੀ ਦਾ ਨਤੀਜਾ ਸ਼ਹਿਰ ਦੀ ਜਨਤਾ ਭੋਗ ਰਹੀ ਹੈ। ਵਿਭਾਗ ਨੇ ਨਾ ਤਾਂ ਗਦਈਪੁਰ ਨਹਿਰ ਦੀ ਸਫਾਈ ਕਰਵਾਈ ਅਤੇ ਨਾ ਹੀ ਗੰਦੇ ਨਾਲੇ ਦੀ। ਇਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਕਾਲੀਆ ਕਾਲੋਨੀ 'ਚ ਗੁਜ਼ਰਨ ਵਾਲੇ ਗੰਦੇ ਨਾਲੇ ਕਾਰਨ ਇਲਾਕੇ 'ਚ ਆਉਣ ਵਾਲੇ ਦਿਨਾਂ 'ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਹੈ। ਹਾਲਾਤ ਇਹ ਹਨ ਕਿ ਗੰਦੇ ਨਾਲੇ 'ਚ ਝਾੜੀਆਂ ਅਤੇ ਹੋਰ ਕਈ ਤਰ੍ਹਾਂ ਦੇ ਬੂਟੇ ਉੱਗੇ ਹੋਏ ਹਨ। ਇੰਨਾ ਹੀ ਨਹੀਂ, ਇਲਾਕੇ 'ਚ ਕੂੜਾ ਚੁੱਕਣ ਦਾ ਕੋਈ ਵੀ ਇੰਤਜ਼ਾਮ ਨਾ ਹੋਣ ਕਾਰਨ ਇਲਾਕੇ ਦੇ ਲੋਕ ਘਰਾਂ ਦਾ ਕੂੜਾ ਵੀ ਇਸ ਗੰਦੇ ਨਾਲੇ 'ਚ ਸੁੱਟਦੇ ਹਨ, ਜਿਸ ਕਾਰਨ ਇਸ ਗੰਦੇ ਨਾਲੇ 'ਚ ਇਕ ਹੋਰ ਕੂੜੇ ਦਾ ਡੰਪ ਬਣ ਚੁੱਕਾ ਹੈ।
ਸਫਾਈ ਸੇਵਕ ਵਧਾਉਣ ਦੀ ਮੰਗ ਮੇਅਰ ਤੋਂ ਪੂਰੀ ਨਹੀਂ ਹੋਈ: ਕੌਂਸਲਰ ਸ਼ਰਮਾ
ਮਾਮਲੇ ਬਾਰੇ ਇਲਾਕਾ ਕੌਂਸਲਰ ਸੁਸ਼ੀਲ ਸ਼ਰਮਾ ਦਾ ਕਹਿਣਾ ਹੈ ਕਿ ਇਲਾਕੇ ਵਿਚ ਸਫਾਈ ਸੇਵਕਾਂ ਦੀ ਕਮੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਤੋਂ 40 ਸਫਾਈ ਸੇਵਕਾਂ ਦੀ ਮੰਗ ਕੀਤੀ ਸੀ ਪਰ ਸਿਰਫ 10 ਹੀ ਮਿਲੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੇ ਨਿਗਮ ਪ੍ਰਸ਼ਾਸਨ ਤੋਂ ਡਸਟਬਿਨਾਂ ਦੀ ਵੀ ਮੰਗ ਕੀਤੀ ਹੋਈ ਹੈ ਜੇਕਰ ਸਫਾਈ ਦਾ ਪ੍ਰਬੰਧ ਪੂਰਾ ਹੋਵੇ ਤਾਂ ਲੋਕ ਗੰਦੇ ਨਾਲੇ ਵਿਚ ਕੂੜਾ ਸੁੱਟਣਗੇ ਹੀ ਨਹੀਂ। ਉਨ੍ਹਾਂ ਕਿਹਾ ਕਿ ਨਾਲੇ ਦੀ ਸਫਾਈ ਬਾਰੇ ਨਹਿਰੀ ਵਿਭਾਗ ਨਾਲ ਗੱਲ ਕੀਤੀ ਜਾਵੇਗੀ। 
ਗੰਦਗੀ ਨਾਲ ਇਲਾਕੇ 'ਚ ਬੀਮਾਰੀਆਂ ਫੈਲਣ ਦਾ ਖਤਰਾ: ਡਾ. ਬੱਲ
ਮਾਮਲੇ ਬਾਰੇ ਡਾ. ਰਵਿੰਦਰ ਸਿੰਘ ਬੱਲ ਦਾ ਕਹਿਣਾ ਹੈ ਕਿ ਜਿਨ੍ਹਾਂ ਇਲਾਕਿਆਂ 'ਚ ਗੰਦਗੀ ਜ਼ਿਆਦਾ ਰਹਿੰਦੀ ਹੈ, ਉਥੇ ਮਲੇਰੀਆ ਤੇ ਖਸਰਾ ਜਿਹੀਆਂ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਕਾਲੀਆ ਕਾਲੋਨੀ ਗੰਦੇ ਨਾਲੇ ਦੇ ਆਲੇ-ਦੁਆਲੇ ਗੰਦਗੀ ਦੇ ਢੇਰ ਅਜਿਹੀਆਂ ਬੀਮਾਰੀਆਂ ਨੂੰ ਫੈਲਾਉਣ ਦਾ ਕਾਰਨ ਬਣ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਆਲੇ-ਦੁਆਲੇ ਸਫਾਈ ਰੱਖਣ। ਓਧਰ ਮਾਮਲੇ ਬਾਰੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੰਦੇ ਨਾਲੇ ਦੀ ਸਫਾਈ ਜਾਂ ਕੂੜੇ ਦੀ ਨਿਕਾਸੀ ਦਾ ਕੰਮ ਨਗਰ ਨਿਗਮ ਤੇ ਨਹਿਰੀ ਵਿਭਾਗ ਦਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਲਗਾਤਾਰ ਨਗਰ ਨਿਗਮ ਵਾਲਿਆਂ ਨੂੰ ਸ਼ਹਿਰ ਵਿਚ ਕੂੜੇ ਦੀ ਨਿਕਾਸੀ ਦੇ ਉਚਿੱਤ ਪ੍ਰਬੰਧ ਕਰਨ ਲਈ ਲਿਖਿਆ ਜਾਂਦਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਗੰਦੇ ਨਾਲੇ ਦੀ ਸਫਾਈ ਬਾਰੇ ਵਿਭਾਗ ਨੂੰ ਸਖ਼ਤੀ ਨਾਲ ਐਕਸ਼ਨ ਲੈਣਾ ਚਾਹੀਦਾ ਹੈ। ਮਾਮਲੇ ਬਾਰੇ ਨਹਿਰੀ ਵਿਭਾਗ ਦੇ ਐਕਸੀਅਨ ਨਾਲ ਗੱਲ ਕਰਨੀ ਚਾਹੀ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। 
ਕੂੜੇ ਤੇ ਗੰਦੇ ਨਾਲੇ ਦੀ ਸਫਾਈ ਕੀਤੀ ਜਾਵੇ: ਸਹਿਗਲ
ਇਲਾਕਾ ਵਾਸੀ ਜਿਮ ਸੰਚਾਲਕ ਨਰੇਸ਼ ਸਹਿਗਲ ਨੇ ਇਸ ਬਾਰੇ ਕਿਹਾ ਕਿ ਇਲਾਕੇ ਵਿਚ ਗੰਦੇ ਨਾਲੇ ਕਾਰਨ ਉਂਝ ਹੀ ਵਾਤਾਵਰਣ ਦੂਸ਼ਿਤ ਰਹਿੰਦਾ ਹੈ। ਉਪਰੋਂ ਇਸ ਕੂੜੇ ਦਾ ਢੇਰ ਲੱਗਾ ਹੋਣ ਕਾਰਨ ਗੰਦਗੀ ਨਾਲ ਮੱਛਰ ਅਤੇ ਮੱਖੀਆਂ ਇਲਾਕੇ ਵਿਚ ਪੈਦਾ ਹੋ ਚੁੱਕੀਆਂ ਹਨ, ਜਿਸ ਕਾਰਨ ਕੋਈ ਵੀ ਗੰਭੀਰ ਬੀਮਾਰੀ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਦੀ ਮੰਗ ਹੈ ਕਿ ਇਲਾਕੇ 'ਚ ਕੂੜੇ ਦੀ ਨਿਕਾਸੀ ਅਤੇ ਨਾਲੇ ਦੀ ਸਫਾਈ ਦਾ ਉੱਚਿਤ ਪ੍ਰਬੰਧ ਕੀਤਾ ਜਾਵੇ।


Related News