ਵਪਾਰੀ ਨੇ ਪਤਨੀ ਤੇ 2 ਬੇਟੀਆਂ ਦਾ ਗੋਲੀ ਮਾਰ ਕੀਤਾ ਕਤਲ
Tuesday, May 22, 2018 - 09:20 PM (IST)
ਅਹਿਮਦਾਬਾਦ— ਇਥੋਂ ਦੇ ਪਾਸ਼ ਇਲਾਕੇ ਜਜੇਜ ਬੰਗਲਾ ਖੇਤਰ 'ਚ ਰਹਿਣ ਵਾਲੇ ਇਕ ਵਪਾਰੀ ਨੇ ਅੱਜ ਆਪਣੀ ਪਤਨੀ ਸਮੇਤ ਆਪਣੀਆਂ 2 ਬੇਟੀਆਂ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਜਜੇਜ ਬੰਗਲਾ ਖੇਤਰ ਦੇ ਧਰਮੇਸ਼ ਸ਼ਾਹ ਨਾਂ ਦੇ ਇਕ ਵਪਾਰੀ ਨੇ ਮੰਗਲਵਾਰ ਨੂੰ ਆਪਣੀ ਪਤਨੀ ਅਤੇ 2 ਬੇਟੀਆਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਖੁਦ ਪੁਲਸ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ। ਜਿਸ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਹੈ।
ਇਹ ਘਟਨਾ ਜਜੇਜ ਬੰਗਲਾ ਖੇਤਰ ਦੇ ਰਤਨ ਟਾਵਰ ਫਲੈਟ ਦੀ ਹੈ। ਇਥੇ ਵਪਾਰੀ ਧਰਮੇਸ਼ ਸ਼ਾਹ ਆਪਣੀ ਪਤਨੀ ਅਮੀ ਸ਼ਾਹ, 2 ਬੇਟੀਆਂ ਦੀਕਸ਼ਾ ਅਤੇ ਹੇਲੀ ਨਾਲ ਰਹਿੰਦਾ ਸੀ। ਮੰਗਲਵਾਰ ਸਵੇਰੇ ਘਰ 'ਚ ਜਦੋਂ ਪਤਨੀ ਅਤੇ ਦੋਵੇਂ ਬੇਟੀਆਂ ਸੋ ਰਹੀਆਂ ਸਨ ਤਾਂ ਧਰਮੇਸ਼ ਨੇ ਆਪਣੀ ਲਾਈਸੈਂਸੀ ਰਿਵਾਲਰ ਨਾਲ ਗੋਲੀ ਮਾਰ ਕੇ ਤਿੰਨਾਂ ਦਾ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਲਾਸ਼ਾਂ ਕੋਲ ਕੁੱਝ ਦੇਰ ਬੈਠਣ ਤੋਂ ਬਾਅਦ ਉਸ ਨੇ ਪੁਲਸ ਕੰਟਰੋਲ ਰੂਮ 'ਚ ਫੋਨ ਕਰ ਕੇ ਘਟਨਾ ਦੀ ਜਾਣਕਾਰੀ ਦਿੱਤੀ।
ਘਟਨਾ ਦੀ ਸੂਚਨਾ ਮਿਲਦੇ ਹੀ ਵਸਤਾਪੁਰ ਪੁਲਸ ਥਾਣੇ ਤੋਂ ਟੀਮ ਉਸ ਦੇ ਘਰ ਪਹੁੰਚੀ ਅਤੇ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ। ਪੁਲਸ ਵਲੋਂ ਕਤਲ ਦੇ ਕਾਰਨ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸ਼ੁਰੂਆਤੀ ਜਾਂਚ 'ਚ ਜਾਣਕਾਰੀ ਮਿਲੀ ਹੈ ਕਿ ਵਪਾਰੀ ਧਰਮੇਸ਼ 'ਤੇ 15 ਕਰੋੜ ਰੁਪਏ ਦਾ ਕਰਜ਼ਾ ਸੀ। ਜਿਸ ਕਾਰਨ ਉਹ ਕਾਫੀ ਪਰੇਸ਼ਾਨ ਰਹਿੰਦਾ ਸੀ। ਪੁਲਸ ਵਲੋਂ ਜਦੋਂ ਨੇੜਲੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੂੰ ਦੱਸਿਆ ਕਿਆਏ ਦਿਨੀਂ ਧਰਮੇਸ਼ ਅਤੇ ਉਸ ਦੀ ਪਤਨੀ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਸੀ ਅਤੇ ਅੱਜ ਅਚਾਨਕ ਉਸ ਨੇ ਰਿਵਾਲਰ ਨਾਲ ਆਪਣੀ ਪਤਨੀ ਸਮੇਤ 2 ਬੇਟੀਆਂ ਦਾ ਕਤਲ ਕਰ ਦਿੱਤਾ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
