ਟੁੱਟੀਆਂ ਸੜਕਾਂ ਕਾਰਨ ਕਾਰੋਬਾਰ ਹੋਇਆ ਤਬਾਹ, ਸ਼ਹਿਰ ਵਾਸੀਆਂ ''ਚ ਸਰਕਾਰ ਪ੍ਰਤੀ ਰੋਸ
Sunday, May 20, 2018 - 08:41 PM (IST)

ਬੁਢਲਾਡਾ (ਮਨਜੀਤ) ਸਥਾਨਕ ਆਈ.ਟੀ.ਆਈ ਚੋਂਕ ਤੋਂ ਬੱਸ ਸਟੈਂਡ, ਰੇਲਵੇ ਰੋਡ, ਕੁਲਾਣਾ ਰੋਡ, ਅਹਿਮਦਪੁਰ ਰੋਡ, ਭੀਖੀ, ਬੁਢਲਾਡਾ, ਬੋਹਾ ਰੋਡ, ਹਸਪਤਾਲ ਤੋਂ ਕਚਹਿਰੀ ਰੋਡ ਸੜਕ ਥਾਂ-ਥਾਂ ਤੋਂ ਟੁੱਟ ਚੁੱਕੀ ਹੈ, ਉੱਥੇ ਹੀ ਵੱਡੇ-ਵੱਡੇ ਖੱਡੇ ਪੈ ਚੁੱਕੇ ਹਨ ਜੋ ਕਿ ਦੁਰਘਟਨਾਵਾਂ ਨੂੰ ਸੱਦਾ ਦੇ ਰਹੇ ਹਨ। ਇਨ੍ਹਾਂ ਸੜਕਾਂ ਦੇ ਕਿਨਾਰੇ ਕੱਚੇ ਹੋਣ ਕਾਰਨ ਦੋਵੇਂ ਪਾਸੇ ਵੱਸਦੇ ਘਰਾਂ, ਦੁਕਾਨਦਾਰਾਂ ਅਤੇ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਧੂੜ ਕਾਰਨ ਬਿਮਾਰੀਆਂ ਦਾ ਡਰ ਬਣਿਆ ਹੋਇਆ ਹੈ ਪਰ ਅਜੇ ਤੱਕ ਕਿਸੇ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਨੇ ਇੱਕ ਸਾਲ ਤੋਂ ਇਨਾਂ ਸੜਕਾਂ ਦੀ ਸਾਰ ਵੀ ਨਹੀਂ ਲਈ। ਇਸ ਸੰਬੰਧੀ ਅੰਤਰ ਰਾਸ਼ਟਰੀ ਮਨੁੱਖੀ ਅਧਿਕਾਰ ਕੌਂਸਲ ਪੰਜਾਬ ਦੇ ਪ੍ਰਧਾਨ ਸਤੀਸ ਕੁਮਾਰ ਸਿੰਗਲਾ, ਉੱਘੇ ਸਮਾਜ ਸੇਵਕ ਰਮੇਸ਼ ਕੁਮਾਰ ਮੇਸ਼ੀ, ਦਲਜੀਤ ਸਿੰਘ ਸਪੇਅਰ ਪਾਰਟਸ ਵਾਲੇ, ਹੰਸ ਰਾਜ ਸਾਬਕਾ ਸਰਪੰਚ, ਕਿਸਾਨ ਆਗੂ ਦਰਸ਼ਨ ਸਿੰਘ ਗੁਰਨੇ ਕਲਾਂ ਅਤੇ ਦਰਸ਼ਨ ਸਿੰਘ ਮੰਡੇਰ ਅਹਿਮਦਪੁਰ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਇਨ੍ਹਾਂ ਸੜਕਾਂ ਦੀ ਸਾਰ ਨਹੀਂ ਲਈ, ਜਿਸ ਕਾਰਨ ਸ਼ਹਿਰ ਵਾਸੀ ਮਾਨਸਿਕ ਪ੍ਰੇਸ਼ਾਨੀਆਂ ਵਿੱਚ ਗੁਜਰ ਰਹੇ ਹਨ । ਸ਼ਹਿਰ ਵਾਸੀਆਂ ਨੇ ਸਰਕਾਰ ਪ੍ਰਤੀ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਸੜਕਾਂ ਟੁੱਟੀਆਂ ਹੋਣ ਕਾਰਨ ਸ਼ਹਿਰ ਦਾ ਕਾਰੋਬਾਰ ਤਬਾਹ ਹੋ ਚੁੱਕਾ ਹੈ, ਉੱਥੇ ਰਿਸ਼ਤਿਆਂ ਵਿੱਚ ਵੀ ਖੜੋਤ ਆਉਣੀ ਸ਼ੁਰੂ ਹੋ ਗਈ ਹੈ ਅਤੇ ਸੜਕਾਂ ਦੇ ਵੱਡੇ ਵਾਹਨਾਂ ਦੇ ਟਾਇਰਾਂ ਨਾਲ ਵੱਟੇ ਤਿੜਕ ਕੇ ਉਨਾਂ ਦੇ ਘਰਾਂ ਅਤੇ ਦੁਕਾਨਾਂ 'ਚ ਗੋਲੀਆਂ ਵਾਂਗ ਵੱਜਦੇ ਹਨ ਜੋ ਕਿਸੇ ਵੀ ਸਮੇਂ ਜਾਨੀ ਮਾਲੀ ਨੁਕਸਾਨ ਕਰ ਸਕਦੇ ਹਨ। ਆਗੂਆਂ ਨੇ ਇਹ ਵੀ ਕਿਹਾ ਕਿ ਸ਼ਹਿਰ ਵਿੱਚ ਸਿਹਤ ਸਹੂਲਤਾਂ ਲਈ ਸਰਕਾਰੀ ਹਸਪਤਾਲ 'ਚ ਡਾਕਟਰਾਂ ਦੀ ਘਾਟ ਪੂਰੀ ਕੀਤੀ ਜਾਵੇ, ਸਰਕਾਰੀ ਗਰਲਜ ਕਾਲਜ ਖੋਲ੍ਹਿਆ ਜਾਵੇ, ਸ਼ਹਿਰ ਦੇ ਆਲੇ-ਦੁਆਲੇ ਦੀਆਂ ਸਾਰੀਆਂ ਟੁੱਟੀਆਂ ਸੜਕਾਂ ਨੂੰ ਨਵੇਂ ਸਿਰੇ ਤੋਂ ਬਣਾਇਆ ਜਾਵੇ ਤੇ ਇਸ ਖੇਤਰ ਵਿੱਚ ਉਦਯੋਗ ਲਾਏ ਜਾਣ ਅਤੇ ਗੋਬਿੰਦਪੁਰਾ ਵਿਖੇ ਸਰਕਾਰ ਵੱਲੋਂ ਐਕਵਾਇਰ ਕੀਤੀ ਜਮੀਨ ਉੱਤੇ ਥਰਮਲ ਪਲਾਂਟ ਦਾ ਨਿਰਮਾਣ ਕੀਤਾ ਜਾਵੇ ਤਾਂ ਕਿ ਇਸ ਇਲਾਕੇ ਦਾ ਪੱਛੜਾਪਨ ਦੂਰ ਹੋ ਸਕੇ।