ਪੈਟਰੋਲ-ਡੀਜ਼ਲ ਤੋਂ ਮੁਨਾਫਾਖੋਰੀ ਬੰਦ ਕਰੇ ਭਾਜਪਾ ਸਰਕਾਰ : ਕਾਂਗਰਸ

Wednesday, May 23, 2018 - 07:01 AM (IST)

ਚੰਡੀਗੜ੍ਹ, (ਰਾਏ)— ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਭਾਰੀ ਵਾਧੇ ਖਿਲਾਫ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਵਲੋਂ ਸੈਕਟਰ-26 ਦੇ ਟਰਾਂਸਪੋਰਟ ਲਾਈਫ ਪੁਆਇੰਟ 'ਤੇ ਪ੍ਰਦਰਸ਼ਨ ਕੀਤਾ ਗਿਆ। ਸੈਂਕੜਿਆਂ ਦੀ ਗਿਣਤੀ ਵਿਚ ਪ੍ਰਦਰਸ਼ਨ ਵਿਚ ਪਹੁੰਚੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਭਾਜਪਾ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਭਾਜਪਾ ਕੇਂਦਰੀ ਮੰਤਰੀ ਪਵਨ ਬਾਂਸਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੈਟਰੋਲ ਅਤੇ ਡੀਜ਼ਲ 'ਤੇ ਭਾਰੀ ਐਕਸਾਈਜ਼ ਡਿਊਟੀ ਤੇ ਵੈਟ ਲਾ ਕੇ ਆਪਣੀ ਮੁਨਾਫਾਖੋਰੀ ਕਰ ਕੇ ਦੇਸ਼ ਦੀ ਜਨਤਾ ਦੀ ਜੇਬ 'ਤੇ ਡਾਕਾ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸ਼ਾਸਨ ਅਤੇ ਮੋਦੀ ਸਰਕਾਰ ਦੇ ਕਾਰਜਕਾਲ ਵਿਚ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਤੇ ਵੈਟ ਦੀ ਤੁਲਨਾ ਕਰੀਏ ਤਾਂ ਉਸ ਵਿਚ ਜ਼ਮੀਨ-ਆਸਮਾਨ ਦਾ ਫਰਕ ਹੈ। 
ਸੂਬਾ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਿਹਾ ਕਿ ਮੋਦੀ ਸਰਕਾਰ ਕਿਉਂ ਨਹੀਂ ਪੈਟਰੋਲ ਅਤੇ ਡੀਜ਼ਲ ਨੂੰ ਜੀ. ਐੱਸ. ਟੀ. ਦੇ ਦਾਇਰੇ ਵਿਚ ਲਿਆਉਂਦੀ। ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਆਮ ਘਰ ਦੇ ਬਜਟ ਨੂੰ ਵਿਗਾੜ ਦਿੱਤਾ ਹੈ। ਇਸ ਮੌਕੇ ਮੌਜੂਦ ਹਰਿਆਣਾ ਸੂਬਾ ਕਾਂਗਰਸ ਦੇ ਆਗੂ ਤਰਨ ਭੰਡਾਰੀ ਨੇ ਕਿਹਾ ਕਿ ਜੇਕਰ ਜਲਦੀ ਮੋਦੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਘੱਟ ਨਾ ਕੀਤਾ ਤਾਂ ਪੂਰੇ ਦੇਸ਼ ਵਿਚ ਲੋਕ ਅੰਦੋਲਨ ਹੋਵੇਗਾ। ਇਸ ਦੌਰਾਨ ਓਮ ਪ੍ਰਕਾਸ਼ ਚੌਧਰੀ, ਸੰਤੋਸ਼ ਸ਼ਰਮਾ, ਸੁਭਾਸ਼ ਚਾਵਲਾ, ਦਵਿੰਦਰ ਬਬਲਾ, ਅਜੇ ਜੋਸ਼ੀ, ਹਰਮਹਿੰਦਰ ਸਿੰਘ ਲੱਕੀ, ਸ਼ਸ਼ੀ ਸ਼ੰਕਰ ਤਿਵਾੜੀ, ਗੁਰਪ੍ਰੀਤ ਸਿੰਘ ਹੈਪੀ, ਭੁਪਿੰਦਰ ਬਡਹੇੜੀ, ਵਿਨੋਦ ਸ਼ਰਮਾ, ਗੁਰਪ੍ਰੀਤ ਗਾਬੀ, ਜਤਿੰਦਰ ਭਾਟੀਆ, ਮੀਨਾਕਸ਼ੀ ਚੌਧਰੀ, ਜੀਤ ਸਿੰਘ, ਕੇਸਰ ਸਿੰਘ, ਰਾਜੀਵ ਮੌਦਗਿੱਲ, ਸੰਜੇ ਭਜਨੀ, ਮਨੂ ਦੁਬੇ ਤੇ ਧਰਮਵੀਰ ਆਦਿ ਹਾਜ਼ਰ ਸਨ।


Related News