ਪੰਜਾਬ ''ਚ ਰਾਈਸ ਮਿੱਲਰਾਂ ਦੀ ਰਾਇ ਨਾਲ ਹੀ ਬਣਾਈ ਜਾਵੇਗੀ ਨਵੀਂ ਪਾਲਿਸੀ : ਭਰਤ ਭੂਸ਼ਨ ਆਸ਼
Friday, Jun 01, 2018 - 12:20 AM (IST)

ਪਟਿਆਲਾ(ਬਲਜਿੰਦਰ)-ਰਾਈਸ ਮਿੱਲਰ ਐਸੋਸੀਏਸ਼ਨ ਪੰਜਾਬ ਦਾ ਇਕ ਵਫਦ ਕੈਬਨਿਟ ਮੰਤਰੀ ਫੂਡ ਅਤੇ ਸਿਵਲ ਸਪਲਾਈ ਭਰਤ ਭੂਸ਼ਣ ਆਸ਼ੁ ਨੂੰ ਮਿਲਿਆ। ਵਫਦ ਵੱਲੋਂ ਪੰਜਾਬ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਚੀਮਾ, ਮੀਤ ਪ੍ਰਧਾਨ ਪ੍ਰਮੋਦ ਬਸੰਤ ਰਾਏ, ਸੀਨੀਅਰ ਮੀਤ ਪ੍ਰਧਾਨ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਮਾਰਕਫੈੱਡ ਖਰੀਦ ਏਜੰਸੀ ਵੱਲੋਂ ਸਾਲ 2013-14 ਦੀ 7 ਰੁਪਏ 56 ਪੈਸੇ ਪ੍ਰਤੀ ਕੁਇੰਟਲ ਡਰਾਈਜ਼ ਦੀ ਰਿਕਵਰੀ ਕੱਢੀ ਹੈ, ਜੋ ਕਿ ਸਰਾਸਰ ਗਲਤ ਹੈ। ਰਾਈਸ ਮਿੱਲਰਾਂ ਵੱਲੋਂ ਐਗਰੀਮੈਂਟ ਮੁਤਾਬਕ 100 ਫੀਸਦੀ ਚਾਵਲ ਸਰਕਾਰ ਨੂੰ ਮਿਲਿੰਗ ਤੋਂ ਬਾਅਦ ਦੇ ਦਿੱਤਾ ਗਿਆ ਹੈ। ਇਸ ਕਰ ਕੇ ਹੁਣ ਇਸ ਰਿਕਵਰੀ ਦੀ ਕੋਈ ਤੁਕ ਨਹੀਂ ਬਣਦੀ। ਜੇਕਰ ਕੋਈ ਕੇਂਦਰ ਵੱਲੋਂ ਕੋਈ ਗਲਤ ਨਿਰਦੇਸ਼ ਆਏ ਹੋਣ ਤਾਂ ਉਸ ਬਾਰੇ ਪੰਜਾਬ ਸਰਕਾਰ ਕੇਂਦਰ ਨਾਲ ਗੱਲ ਕਰੇ, ਨਾ ਕਿ ਮਿੱਲਰਾਂ ਨੂੰ ਪਰੇਸ਼ਾਨ ਕੀਤਾ ਜਾਵੇ। ਵਫਦ ਦੇ ਆਗੂਆਂ ਨੇ ਦੱਸਿਆ ਕਿ ਪਨਗੇਨ ਏਜੰਸੀ ਸੀ. ਐੈੱਮ. ਆਰ. ਸਕਿਓਰਿਟੀ ਜਿਹੜੀ ਬਿੱਲਾਂ ਵਿਚ ਐਡਜਸਟ ਕਰਨੀ ਹੁੰਦੀ ਹੈ, ਉਹ ਐਡਜਸਟ ਨਹੀਂ ਕਰਦੀ ਅਤੇ ਮਿੱਲਰਾਂ ਤੋਂ ਰਿਕਵਰੀਆਂ ਮੰਗਦੀ ਰਹਿੰਦੀ ਹੈ। ਇਸ ਸਬੰਧੀ ਮੰਤਰੀ ਵੱਲੋਂ ਮੌਕੇ 'ਤੇ ਮੌਜੂਦ ਡਾਇਰੈਕਟਰ ਫੂਡ ਸ਼੍ਰੀਮਤੀ ਅਨੰਦਿੱਤਾ ਮਿੱਤਰਾ ਨੂੰ ਇਸ ਮਸਲੇ ਦੀ ਹੱਲ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਕੈਬਨਿਟ ਮੰਤਰੀ ਨੇ ਵਫਦ ਨੂੰ ਭਰੋਸਾ ਦਿੰਦੇ ਹੋਏ ਕਿਹਾ ਸ਼ੈਲਰ ਇੰਡਸਟਰੀ ਪੰਜਾਬ ਦੀ ਸਭ ਤੋਂ ਅਹਿਮ ਇੰਡਸਟਰੀ ਹੈ। ਇਸ ਨਾਲ ਜੁੜੇ ਸਮੁੱਚੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕੀਤੇ ਜਾਣਗੇ ਅਤੇ ਭਵਿੱਖ ਵਿਚ ਇਸ ਸਬੰਧੀ ਨੀਤੀਆਂ ਵੀ ਸ਼ੈਲਰ ਐਸੋਸੀਏਸ਼ਨ ਨਾਲ ਰਾਏ ਮਸ਼ਵਰੇ ਤੋਂ ਬਾਅਦ ਹੀ ਬਣਾਈ ਜਾਵੇਗੀ। ਵਫਦ ਵਿਚ ਦਿਲਬਾਗ ਸਿੰਘ, ਮੁਲਖ ਰਾਜ, ਅਮਰਜੀਤ ਸਿੰਘ ਬਖਸ਼ੀਵਾਲ, ਸੁਰੇਸ਼ ਕੁਮਾਰ ਸਿੰਗਲਾ, ਅਮਰਜੀਤ ਸੰਘ ਪੰਜਰਥ, ਰਾਹੁਲ ਸਿੰਗਲਾ (ਅਨੁ) ਰਾਜਿੰਦਰ ਕੁਮਾਰ ਪੱਪੂ, ਦਵਿੰਦਰ ਕੁਮਾਰ, ਰਾਕੇਸ਼ ਬਾਂਸਲ ਤੇ ਅਭਿਸ਼ੇਕ ਆਦਿ ਵੀ ਸ਼ਾਮਲ ਸਨ।