ਪਿਓ-ਪੁੱਤ ਨੂੰ ਕੁੱਟ-ਮਾਰ ਕਰਕੇ ਜ਼ਖ਼ਮੀ ਕਰਨ ਦੇ ਮਾਮਲੇ ''ਚ 4 ਖ਼ਿਲਾਫ਼ ਮਾਮਲਾ ਦਰਜ

05/25/2018 11:37:26 AM

ਮਾਹਿਲਪੁਰ (ਜ.ਬ.)-ਮੁੱਖ ਮਾਰਗ ਮਾਹਿਲਪੁਰ-ਗੜ੍ਹਸ਼ੰਕਰ 'ਤੇ ਅੱਡਾ ਸੈਲਾ ਵਿਚ 4 ਜਣਿਆਂ ਵੱਲੋਂ ਪਿਓ-ਪੁੱਤ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰਨ ਦੇ ਮਾਮਲੇ 'ਚ ਮਾਹਿਲਪੁਰ ਪੁਲਸ ਨੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਹਰਸ਼ਰਨ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਭਾਤਪੁਰ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਹ ਆਪਣੇ ਲੜਕੇ ਹਰਜੀਤ ਸਿੰਘ ਨਾਲ ਆਪਣੀ ਕਾਰ (ਨੰਬਰ ਪੀ ਬੀ 24 ਬੀ-5399) 'ਤੇ ਗੜ੍ਹਸ਼ੰਕਰ ਨੂੰ ਜਾ ਰਹੇ ਸਨ। ਜਦੋਂ ਉਹ ਅੱਡਾ ਸੈਲਾ ਖੁਰਦ ਵਿਖੇ ਕੋਈ ਸਾਮਾਨ ਲੈਣ ਰੁਕੇ ਤਾਂ ਪਿੱਛਿਓਂ ਆ ਰਹੇ ਸਪਲੈਂਡਰ ਮੋਟਰਸਾਈਕਲ 'ਤੇ ਉਨ੍ਹਾਂ ਦੇ ਪਿੰਡ ਦੇ ਹੀ ਸੁੱਖਾ ਸਿੰਘ ਪੁੱਤਰ ਅਵਤਾਰ ਸਿੰਘ ਤੇ ਹਰਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਅੱਗੇ ਆ ਕੇ ਉਨ੍ਹਾਂ ਨੂੰ ਕਾਰ ਵਿਚੋਂ ਨਿਕਲਦਿਆਂ ਹੀ ਰੋਕ ਲਿਆ। ਉਸੇ ਵੇਲੇ ਹੀ ਇਕ ਲਾਲ ਰੰਗ ਦੇ ਪੈਸ਼ਨ ਮੋਟਰਸਾਈਕਲ 'ਤੇ ਪਿੰਡ ਦੇ ਹੀ ਹਰਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਤੇ ਇੰਦਰਪਾਲ ਸਿੰਘ ਪੁੱਤਰ ਨਿਰਮਲ ਸਿੰਘ ਆ ਪਹੁੰਚੇ। ਉਸਨੇ ਦੱਸਿਆ ਕਿ ਹਰਜੀਤ ਸਿੰਘ ਨੇ ਆਪਣਾ ਪਿਸਤੌਲ ਕੱਢ ਲਿਆ ਤੇ ਬਾਕੀ ਤਿੰਨ ਜਣਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ।
ਲੋਕਾਂ ਦੇ ਇਕੱਠੇ ਹੋਣ ਕਰਕੇ ਉਕਤ ਚਾਰੇ ਜਣੇ ਆਪਣੇ ਮੋਟਰਸਾਈਕਲ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ। ਮਾਹਿਲਪੁਰ ਦੀ ਪੁਲਸ ਨੇ 4 ਵਿਅਕਤੀਆਂ ਖਿਲਾਫ ਧਾਰਾ 323, 324, 341, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ਰੂ ਕਰ ਦਿੱਤੀ ਹੈ।


Related News