ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਵਾਲੀਆਂ 108 ਨੰ. ਐਂਬੂਲੈਂਸਾਂ ਨੂੰ ਖੁਦ ‘ਇਲਾਜ’ ਦੀ ਲੋਡ਼

Wednesday, May 23, 2018 - 07:44 AM (IST)

 ਭਵਾਨੀਗਡ਼੍ਹ (ਵਿਕਾਸ) – ਐਮਰਜੈਂਸੀ ਹਾਲਾਤ ’ਚ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਵਾਲੀਆਂ  108  ਨੰ. ਐਂਬੂਲੈਂਸਾਂ  ਸਹੀ ਢੰਗ ਨਾਲ ਸਾਂਭ-ਸੰਭਾਲ ਨਾ ਹੋਣ ਕਾਰਨ ਖੁਦ ਬੀਮਾਰ ਜਾਪਦੀਆਂ ਹਨ, ਜਿਸ ਕਾਰਨ ਨੈਸ਼ਨਲ ਹੈਲਥ ਮਿਸ਼ਨ ਤਹਿਤ ਚੱਲ ਰਹੀਆਂ ਇਨ੍ਹਾਂ ਐਂਬੂਲੈਂਸਾਂ ’ਚ ਲੋਕ ਮਰੀਜ਼ਾਂ ਨੂੰ ਲੈ ਕੇ ਜਾਣ ਤੋਂ ਕਤਰਾਉਣ ਲੱਗੇ ਹਨ। ਗੱਲ ਜੇਕਰ ਭਵਾਨੀਗਡ਼੍ਹ 108 ਨੰ. ਐਂਬੂਲੈਂਸ ਦੀ ਕੀਤੀ ਜਾਵੇ ਤਾਂ ਇਹ ਐਂਬੂਲੈਂਸ  7 ਸਾਲਾਂ ’ਚ 4 ਲੱਖ ਕਿਲੋਮੀਟਰ ਤੋਂ ਵੱਧ ਚੱਲ ਚੁੱਕੀ ਹੈ, ਉਸ ਹਿਸਾਬ ਨਾਲ ਇਸ ਦੀ ਮੇਨਟੇਨੈਂਸ ਅਤੇ ਹਾਲਤ ਸਬੰਧੀ ਕਈ ਖਾਮੀਆਂ ਦੇਖਣ ਨੂੰ ਸਾਹਮਣੇ ਆਈਆਂ। ‘ਜਗ ਬਾਣੀ’ ਵੱਲੋਂ ਭਵਾਨੀਗਡ਼੍ਹ  ’ਚ ਮੌਜੂਦ 108  ਨੰ. ਐਂਬੂਲੈਂਸ ਦਾ ਨਿਰੀਖਣ ਕੀਤਾ ਗਿਆ ਤਾਂ ਪਤਾ  ਲੱਗਾ ਕਿ ਐਂਬੂਲੈਂਸਾਂ ’ਚ ਉਪਲੱਬਧ ਮਰੀਜ਼ਾਂ ਲਈ ਸਟਰੈਚਰ ਕਈ ਵਾਰ ਲਾਕ ਹੋੋ ਜਾਂਦਾ ਹੈ ਅਤੇ ਨਾਲ ਹੀ  ਬਿਨਾਂ ਫੋਮ ਵਾਲਾ ਸਟਰੈਚਰ ਅਕਸਰ ਮਰੀਜ਼ਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ। ਗੱਡੀ ਦੀ ਪਾਇਲਟ ਸੀਟ ਟੁੱਟੀ ਹੋਣ ਕਾਰਨ ਕਈ ਥਾਵਾਂ ਤੋਂ ਵੈਲਡਿੰਗ ਕਰਵਾ ਕੇ ਬੁੱਤਾ ਸਾਰਿਆ ਜਾ ਰਿਹਾ ਹੈ। ਹੱਥ ਧੋਣ ਲਈ ਵਾਸ਼ਵਿਸ਼ਨ ਤੋਂ ਲੈ ਕੇ ਐਂਬੂਲੈਂਸ ਵਿਚ ਪੱਖਿਆਂ ਦੀ ਘਾਟ ਵੱਡੇ ਪੱਧਰ ’ਤੇ ਰਡ਼ਕ ਰਹੀ ਹੈ। ਇਸ ਤੋਂ ਇਲਾਵਾ ਫੁੱਟਰੈਸਟ ਟੁੱਟੇ ਅਤੇ ਸੀਟਾਂ ਫਟੇ ਹਾਲ ਦਿੱਸੀਆਂ। ਐਂਬੂਲੈਂਸ ਦੀ ਸਰਵਿਸ ਅਤੇ ਮੇਨਟੇਨੈਂਸ ਬਾਰੇ ਪਤਾ ਲੱਗਾ ਹੈ ਕਿ ਇਸ ਦੀ ਸਰਵਿਸ ਅਤੇ ਮੇਨਟੇਨੈਂਸ 23-30 ਹਜ਼ਾਰ ਕਿਲੋਮੀਟਰ ’ਤੇ ਕਰਵਾਈ ਜਾਂਦੀ ਹੈ ਜਦੋਂਕਿ ਨਿਯਮ ਅਨੁਸਾਰ ਹਰੇਕ ਐਂਬੂਲੈਂਸ ਲਈ 7 ਤੋਂ 10 ਹਜ਼ਾਰ ਕਿਲੋਮੀਟਰ ਤੋਂ ਬਾਅਦ ਮੇਨਟੇਨੈਂਸ ਅਤੇ ਸਰਵਿਸ ਜ਼ਰੂਰੀ ਹੁੰਦੀ ਹੈ।

ਸਰਕਾਰ ਅਤੇ ਕੰਪਨੀ ਦੀ ਨਾਲਾਇਕੀ : ਬਾਂਸਲ

 ‘ਆਪ’ ਦੇ ਹਲਕਾ ਪ੍ਰਧਾਨ ਅਤੇ ਪਾਰਟੀ ਸੀਨੀਅਰ ਆਗੂ ਦਿਨੇਸ਼ ਬਾਂਸਲ ਨੇ ਕਿਹਾ ਕਿ ਸੂਬੇ ’ਚ ਪਹਿਲਾਂ ਹੀ ਸਿਹਤ ਸਹੂਲਤਾਂ ਦਾ ਜਨਾਜ਼ਾ ਨਿਕਲ ਚੁੱਕਾ ਹੈ। ਸਰਕਾਰੀ ਹਸਪਤਾਲ ਡਾਕਟਰਾਂ ਤੋਂ ਬਿਨਾਂ ਖਾਲੀ ਪਏ ਹਨ। ਜੇਕਰ ਅਜਿਹੀ ਸਥਿਤੀ ’ਚ ਕੋਈ ਰੈਫਰ ਮਰੀਜ਼ 108 ਨੰ. ਐਂਬੂਲੈਂਸ ਰਾਹੀਂ ਕਿਸੇ ਹੋਰ ਹਸਪਤਾਲ ਜਾਂਦਾ  ਹੈ ਤਾਂ ਖਸਤਾ ਹਾਲਤ ਐਂਬੂਲੈਂਸਾਂ ’ਚ ਮਰੀਜ਼ ਦਾ ਰੱਬ ਹੀ ਰਾਖਾ ਹੈ।  ਇਨ੍ਹਾਂ ਐਂਬੂਲੈਂਸਾਂ ਦੀ ਦੇਖ-ਰੇਖ ’ਚ ਅਣਗਹਿਲੀ ਕਰਨਾ ਸਰਕਾਰ ਅਤੇ ਸਬੰਧਤ ਕੰਪਨੀ ਦੀ ਨਾਲਾਇਕੀ ਦਾ ਸਬੂਤ ਹੈ।

ਬਲਿੰਕਰ ਖਰਾਬ ਅਤੇ  ਅੱਗ ਬੁਝਾਊ ਯੰਤਰ  ਖਾਲੀ

ਪਤਾ ਲੱਗਾ ਹੈ ਕਿ ਭਵਾਨੀਗਡ਼੍ਹ ਦੀ  108  ਨੰ. ਐਂਬੂਲੈਂਸ ਦਾ ਮੇਨ ਬਲਿੰਕਰ ਪਿਛਲੇ ਸਮੇਂ ਤੋਂ ਲਗਾਤਾਰ ਖਰਾਬ ਪਿਆ ਹੈ, ਜਿਸ ਕਾਰਨ ਹਨੇਰੇ-ਸਵੇਰੇ ਐਂਬੂਲੈਂਸ ’ਚ ਮਰੀਜ਼ ਲੈ ਕੇ ਜਾਣ ਵੇਲੇ ਪਾਇਲਟ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਨਾਲ ਹੀ ਸਾਈਡ ਦੀਆਂ 3 ਸਰਚ ਲਾਈਟਾਂ ’ਚੋਂ ਇਕ ਲਾਈਟ ਹੀ  ਜਗਦੀ ਹੈ। ਇਸ ਤੋਂ ਇਲਾਵਾ ਐਂਬੂਲੈਂਸ ਵਿਚ ਫਾਇਰ ਸੇਫਟੀ ਸਿਲੰਡਰ ਮੌਜੂਦ ਤਾਂ ਹੈ ਪਰ ਖਾਲੀ ਹੋਣ ਕਾਰਨ ਪ੍ਰਬੰਧਾਂ ਦੀ ਪੋਲ ਖੋਲ੍ਹ ਰਿਹਾ ਹੈ। 


Related News