ਹੈਰੋਇਨ ਦੇ ਨਸ਼ੇ ਨੇ ਬਣਾਇਆ ਸਨੈਚਰ, 6 ਮਹੀਨਿਆਂ ''ਚ ਕੀਤੀਆਂ 20 ਵਾਰਦਾਤਾਂ
Wednesday, May 23, 2018 - 04:55 AM (IST)
ਲੁਧਿਆਣਾ(ਰਿਸ਼ੀ)-ਹੈਰੋਇਨ ਦੇ ਨਸ਼ੇ ਨੇ 4 ਦੋਸਤਾਂ ਨੂੰ ਸਨੈਚਰ ਬਣਾ ਦਿੱਤਾ ਅਤੇ ਨਸ਼ੇ ਦੀ ਪੂਰਤੀ ਲਈ ਚੋਰੀ ਤੇ ਸਨੈਚਿੰਗ ਦੀਆਂ ਵਾਰਦਾਤਾਂ ਕਰਨ ਲੱਗ ਪਏ। ਸੀ. ਆਈ. ਏ.-1 ਦੀ ਪੁਲਸ ਨੇ ਚਾਰਾਂ ਨੂੰ ਗ੍ਰਿਫਤਾਰ ਕਰ ਕੇ ਥਾਣਾ ਡਾਬਾ ਵਿਚ ਕੇਸ ਦਰਜ ਕੀਤਾ ਹੈ। ਫੜੇ ਗਏ ਸਾਰੇ ਬਦਮਾਸ਼ਾਂ ਦੀ ਉਮਰ 22 ਤੋਂ 27 ਸਾਲ ਦਰਮਿਆਨ ਹੈ। ਫੜੇ ਗਏ ਬਦਮਾਸ਼ਾਂ ਦੀ ਪਛਾਣ ਗੁਰਦੀਪ ਸਿੰਘ ਨਿਵਾਸੀ ਸ਼ਿਮਲਾਪੁਰੀ, ਪ੍ਰਦੀਪ ਕੁਮਾਰ ਨਿਵਾਸੀ ਲੋਹਾਰਾਂ, ਜਗਰੂਪ ਸਿੰਘ ਨਿਵਾਸੀ ਪਿੰਡ ਲੋਹਾਰਾਂ ਤੇ ਰੋਸ਼ਨ ਸਿੰਘ ਨਿਵਾਸੀ ਲੋਹਾਰਾਂ ਕਾਲੋਨੀ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਏ. ਸੀ. ਪੀ. ਕ੍ਰਾਈਮ ਸੁਰਿੰਦਰ ਮੋਹਨ ਨੇ ਦੱਸਿਆ ਕਿ ਏ. ਐੱਸ. ਆਈ. ਕੰਵਲਜੀਤ ਸਿੰਘ ਦੀ ਪੁਲਸ ਪਾਰਟੀ ਨੇ ਸੋਮਵਾਰ ਨੂੰ ਸੂਚਨਾ ਦੇ ਆਧਾਰ 'ਤੇ ਟੀ-ਪੁਆਇੰਟ ਡਾਬਾ ਤੋਂ ਉਦੋਂ ਗ੍ਰਿਫਤਾਰ ਕੀਤਾ, ਜਦੋਂ ਉਹ ਚੋਰੀਸ਼ੁਦਾ ਮੋਬਾਇਲ ਫੋਨ ਵੇਚਣ ਜਾ ਰਹੇ ਸਨ। ਹੁਣ ਤਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਚਾਰੇ ਰਾਤ ਸਮੇਂ ਫੈਕਟਰੀਆਂ ਤੋਂ ਛੁੱਟੀ ਕਰ ਕੇ ਜਾਣ ਵਾਲੇ ਪ੍ਰਵਾਸੀਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ ਅਤੇ ਚੋਰੀ ਦੇ ਮੋਟਰਸਾਈਕਲ ਤੇ ਤੇਜ਼ਧਾਰ ਹਥਿਆਰਾਂ ਦੇ ਜ਼ੋਰ 'ਤੇ ਸਨੈਚਿੰਗ ਕਰਦੇ ਸਨ। ਇਸ ਗਿਰੋਹ ਵੱਲੋਂ 6 ਮਹੀਨਿਆਂ ਵਿਚ 20 ਤੋਂ ਵੱਧ ਵਾਰਦਾਤਾਂ ਕੀਤੀਆਂ ਗਈਆਂ। ਝਪਟਿਆ ਹੋਇਆ ਮੋਬਾਇਲ ਫੋਨ ਪ੍ਰਵਾਸੀ ਨੂੰ ਹੀ ਅੱਧੇ ਰੇਟ 'ਤੇ ਵੇਚ ਦਿੰਦੇ ਸਨ। ਫੜੇ ਗਏ ਬਦਮਾਸ਼ਾਂ 'ਤੇ ਪਹਿਲਾਂ ਵੀ ਕਈ ਕੇਸ ਦਰਜ ਹਨ। ਇਨ੍ਹਾਂ ਤੋਂ 21 ਮੋਬਾਇਲ ਫੋਨ ਅਤੇ 2 ਮੋਟਰਸਾਈਕਲ ਬਰਾਮਦ ਹੋਏ ਹਨ।
ਇਨ੍ਹਾਂ ਇਲਾਕਿਆਂ 'ਚ ਕੀਤੀਆਂ ਵਾਰਦਾਤਾਂ
ਫੜੇ ਗਏ ਸਨੈਚਰਾਂ ਵੱਲੋਂ ਡਾਬਾ ਰੋਡ, ਗਿਆਸਪੁਰਾ, 33 ਫੁੱਟਾ ਰੋਡ ਅਤੇ ਸ਼ਿਮਲਾਪੁਰੀ ਦੇ ਇਲਾਕਿਆਂ 'ਚ ਵਾਰਦਾਤਾਂ ਕੀਤੀਆਂ ਗਈਆਂ ਹਨ।
