ਵਿਜੀਲੈਂਸ ਬਿਊਰੋ ਨੇ ਲਾਇਆ ਟਰੈਪ ਸਹਾਇਕ ਜੇ. ਈ. ਦੋ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਗ੍ਰਿਫਤਾਰ
Sunday, May 20, 2018 - 01:03 AM (IST)

ਪਟਿਆਲਾ(ਬਲਜਿੰਦਰ)-ਵਿਜੀਲੈਂਸ ਬਿਊਰੋ ਪਟਿਆਲਾ ਨੇ ਐੱਸ. ਐੱਸ. ਪੀ. ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਪੀ. ਐੱਸ. ਪੀ. ਸੀ. ਐੱਲ. ਗਰਿੱਡ ਰੋਹੜ ਜਗੀਰ ਨੂੰ ਤਹਿਸੀਲ ਦੁਧਨ ਸਾਂਧਾ ਜ਼ਿਲਾ ਪਟਿਆਲਾ ਦੇ ਸਹਾਇਕ ਜੇ. ਈ. ਸੁਖਜਿੰਦਰ ਗਿਰ ਨੂੰ ਦੋ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ, ਜਿਸ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਵਿਖੇ 7, 13, (2) ਪੀ. ਸੀ. ਐਕਟ 1988 ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਵਿਜੀਲੈਂਸ ਬਿਊਰੋ ਦੇ ਕੋਲ ਇਸ ਸਬੰਧ ਵਿਚ ਰਣਜੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਪਠਾਣ ਮਾਜਰਾ ਤਹਿਸੀਲ ਦੁਧਨ ਸਾਂਧਾ ਜ਼ਿਲਾ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਕੋਲ ਪਿੰਡ ਪਠਾਣ ਮਾਜਰਾ ਵਿਖੇ ਸਾਢੇ ਪੰਜ ਕਿੱਲੇ ਵਾਹੀਯੋਗ ਜ਼ਮੀਨ ਹੈ, ਜਿਸ ਵਿਚ ਲੱਗਾ ਟਰਾਂਸਫਾਰਮਰ ਆਸਮਾਨੀ ਬਿਜਲੀ ਡਿੱਗਣ ਕਾਰਨ ਸੜ ਗਿਆ ਸੀ। ਇਸ ਸਬੰਧ ਵਿਚ ਉਹ ਜੇ. ਈ. ਸੁਖਜਿੰਦਰ ਸਿੰਘ ਨੂੰ ਮਿਲਿਆ, ਜਿਸ ਨੇ ਟਰਾਂਸਫਾਰਮਰ ਰੱਖਣ ਬਦਲੇ 2 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਵਿਜੀਲੈਂਸ ਨੇ ਟਰੈਪ ਲਾ ਕੇ ਇੰਸਪੈਕਟਰ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਸਹਾਇਕ ਜੇ. ਈ. ਸੁਖਜਿੰਦਰ ਸਿੰਘ ਨੂੰ ਸਰਕਾਰੀ ਅਤੇ ਪ੍ਰਾਈਵੇਟ ਗਵਾਹਾਂ ਦੀ ਹਾਜ਼ਰੀ ਵਿਚ ਦੇਵੀਗੜ੍ਹ ਗਰਿੱਡ ਤੋਂ ਕੁਝ ਦੂਰੀ 'ਤੇ ਗ੍ਰਿਫਤਾਰ ਕਰ ਲਿਆ। ਸਹਾਇਕ ਜੇ. ਈ. ਸੁਖਜਿੰਦਰ ਸਿੰਘ ਇਸ ਟਰਾਂਸਫਾਰਮਰ ਦਾ ਜੈਮਰ ਅਤੇ ਸਵਿੱਚ ਠੀਕ ਕਰਨ ਦੇ ਬਦਲੇ ਪਹਿਲਾਂ ਵੀ ਤਿੰਨ ਹਜ਼ਾਰ ਰੁਪਏ ਰਿਸ਼ਵਤ ਹਾਸਲ ਕਰ ਚੁੱਕਿਆ ਹੈ।