ਠੇਕੇਦਾਰ ਕੋਲ ਨੌਕਰੀ ਕਰਨ ਵਾਲਾ ਸੰਦੀਪ ਅਮੀਰੀ ਦੇ ਚੱਕਰ ''ਚ ਬਣਿਆ ਖਾਲਿਸਤਾਨੀ ਸਮਰਥਕ

Sunday, May 13, 2018 - 02:49 AM (IST)

ਠੇਕੇਦਾਰ ਕੋਲ ਨੌਕਰੀ ਕਰਨ ਵਾਲਾ ਸੰਦੀਪ ਅਮੀਰੀ ਦੇ ਚੱਕਰ ''ਚ ਬਣਿਆ ਖਾਲਿਸਤਾਨੀ ਸਮਰਥਕ

ਬਠਿੰਡਾ(ਵਰਮਾ)-ਪੰਜਾਬ ਦਾ ਮਾਹੌਲ ਵਿਗਾੜਣ ਤੇ ਕੁਝ ਆਗੂਆਂ ਦੀ ਹੱਤਿਆ ਕਰ ਕੇ ਰਾਜ ਨੂੰ ਦਹਿਲਾਉਣ ਦੇ ਮਨਸੂਬੇ ਲੈ ਕੇ ਦੋ ਖਾਲਿਸਤਾਨੀ ਸਮਰਥਕ ਬਾਈਕ 'ਤੇ ਨਿਕਲੇ ਅਤੇ ਫਰੀਦਕੋਟ ਪੁਲਸ ਦੇ ਹੱਥੇ ਚੜ੍ਹ ਗਏ। ਇਨ੍ਹਾਂ 'ਚ ਇਕ ਬੰਗੀ ਨਿਹਾਲ ਸਿੰਘ ਵਾਲਾ ਜ਼ਿਲਾ ਬਠਿੰਡਾ ਦਾ ਸੰਦੀਪ ਸਿੰਘ ਪਿੰਡ ਦੇ ਹੀ ਇਕ ਠੇਕੇਦਾਰ ਕੋਲ ਨੌਕਰੀ ਕਰਦਾ ਸੀ ਪਰ ਜਲਦੀ ਅਮੀਰ ਬਣਨ ਦੇ ਚੱਕਰ ਵਿਚ ਉਹ ਖਾਲਿਸਤਾਨੀ ਸਮਰਥਕਾਂ ਨਾਲ ਜਾ ਮਿਲਿਆ। ਬੇਸ਼ੱਕ ਪੁਲਸ ਦਾਅਵਾ ਕਰ ਰਹੀ ਹੈ ਕਿ ਉਹ ਸੋਸ਼ਲ ਮੀਡੀਆ ਰਾਹੀਂ ਖਾਲਿਸਤਾਨੀਆਂ ਦੇ ਸੰਪਰਕ ਵਿਚ ਆਇਆ ਸੀ ਪਰ ਪਿੰਡ ਵਾਸੀਆਂ ਅਨੁਸਾਰ ਉਹ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ ਸੀ। ਉਸਦਾ ਦੂਜਾ ਸਾਥੀ ਅਮਰ ਸਿੰਘ ਸਿਰਸਾ ਪੂਰਨ ਰੂਪ 'ਚ ਖਾਲਿਸਤਾਨੀ ਲੈਬ ਨਾਲ ਜੁੜਿਆ ਹੋਇਆ ਸੀ। ਅਤੇ ਉਹ ਆਸਟਰੇਲੀਆ 'ਚ ਬੈਠੇ ਗੁਰਜੰਟ ਸਿੰਘ ਦੇ ਲਗਾਤਾਰ ਸੰਪਰਕ 'ਚ ਸੀ। ਉਹ ਨੌਜਵਾਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਇਸ ਲਹਿਰ ਨਾਲ ਜੋੜਣ ਦਾ ਕੰਮ ਕਰ ਰਿਹਾ ਸੀ। ਸੰਦੀਪ ਸਿੰਘ ਦੇ ਪਿੰਡ ਬੰਗੀ ਨਿਹਾਲ ਸਿੰਘ ਵਾਲਾ 'ਚ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਪਿੰਡ ਦੀਆਂ ਔਰਤਾਂ ਸਰਪੰਚ ਪਰਮਜੀਤ ਕੌਰ ਦੇ ਪਤੀ ਮੱਘਰ ਸਿੰਘ ਅਨੁਸਾਰ ਸੰਦੀਪ ਹਸਮੁੱਖ ਵਿਅਕਤੀ ਸੀ, ਜਿਸਦੀ ਲਗਪਗ ਚਾਰ ਸਾਲ ਪਹਿਲਾਂ ਸ਼ਾਦੀ ਹੋਈ ਸੀ ਤੇ ਉਸਦੇ ਦੋ ਬੱਚੇ ਵੀ ਹਨ। ਘਰ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ।  ਇਸ ਲਈ ਉਹ ਇਕ ਠੇਕੇਦਾਰ ਕੋਲ ਨੌਕਰੀ ਕਰਦਾ ਸੀ। ਕੁਝ ਦਿਨ ਪਹਿਲਾਂ ਉਹ ਇਕ ਬਾਈਕ ਸਵਾਰ ਨਾਲ ਗਿਆ ਪਰ ਵਾਪਸ ਨਹੀਂ ਪਰਤਿਆ। ਅਖ਼ਬਾਰਾਂ ਵਿਚ ਉਸਦੇ ਫੜੇ ਜਾਣ ਦੀ ਖ਼ਬਰ ਲਗਣ 'ਤੇ ਪਰਿਵਾਰ ਨੂੰ ਪਤਾ ਲੱਗਿਆ। ਇਸ ਤੋਂ ਪਹਿਲਾਂ ਉਸਨੇ ਸਹਿਕਾਰੀ ਸਭਾ 'ਚ ਕੁਝ ਸਮਾਂ ਕੰਮ ਕੀਤਾ। ਪਿੰਡ ਵਾਲਿਆਂ ਅਨੁਸਾਰ ਉਸ ਕੋਲ ਕੰਪਿਊਟਰ ਜਾਂ ਲੈਪਟਾਪ ਵੀ ਨਹੀਂ ਸੀ, ਉਹ ਕੇਵਲ ਫੋਨ ਦਾ ਇਸਤੇਮਾਲ ਕਰਦਾ ਸੀ।  ਫੋਨ ਰਾਹੀਂ ਉਹ ਕਿਸ ਨਾਲ ਗੱਲਾਂ ਕਰਦਾ ਸੀ, ਇਸ ਬਾਰੇ ਕੁਝ ਵੀ ਪਤਾ ਨਹੀਂ। ਉਹ ਆਪਣੇ ਪੂਰੇ ਪਰਿਵਾਰ ਦੇ ਨਾਲ ਹੀ ਰਹਿੰਦਾ ਸੀ। ਜਦਕਿ ਉਸਦਾ ਕਿਸੇ ਨਾਲ ਵਿਰੋਧ ਵੀ ਨਹੀਂ ਸੀ। ਉਸਦਾ ਵੱਡਾ ਭਰਾ ਅਮਨਦੀਪ ਸਿੰਘ ਪਿੰਡ ਵਿਚ ਸਬਜ਼ੀ ਵੇਚ ਕੇ ਗੁਜ਼ਾਰਾ ਕਰਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਸ 'ਤੇ ਕੋਈ ਮਾਮਲਾ ਦਰਜ ਨਹੀਂ ਤੇ ਨਾ ਹੀ ਉਸਨੇ ਕਦੇ ਕਿਸੇ ਨਾਲ ਝਗੜਾ ਕੀਤਾ ਪਰ ਜਦੋਂ ਟੀ. ਵੀ. ਤੇ ਅਖਬਾਰਾਂ ਵਿਚ ਉਸਦੀ ਕਰਤੂਤ ਛਪੀ ਤਾਂ ਸਾਰੇ ਦੰਗ ਰਹਿ ਗਏ। ਪੁਲਸ ਨੂੰ ਉਸ ਕੋਲੋਂ ਇਕ ਪਿਸਤੌਲ ਤੇ 40 ਕਾਰਤੂਸ ਵੀ ਬਰਾਮਦ ਹੋਏ, ਜਿਸ ਬਾਰੇ ਪਿੰਡ ਵਾਸੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ। ਉਹ ਕਿਵੇਂ ਖਾਲਿਸਤਾਨੀ ਸਮਰਥਕਾਂ ਦੇ ਸੰਪਰਕ ਵਿਚ ਆਇਆ, ਉਸਦੇ ਪਰਿਵਾਰ ਨੂੰ ਵੀ ਨਹੀਂ ਪਤਾ। ਫਿਲਹਾਲ ਫਰੀਦਕੋਟ ਪੁਲਸ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ। ਪੁਲਸ ਨੂੰ ਵਿਸ਼ਵਾਸ ਹੈ ਕਿ ਉਸ ਪਾਸੋਂ ਕਈ ਰਾਜ਼ ਮਿਲ ਸਕਦੇ ਹਨ, ਜਿਸ ਨਾਲ ਪੰਜਾਬ 'ਚ ਹਿੰਦੂ ਆਗੂਆਂ ਦੀਆਂ ਹੋਈਆਂ ਹੱਤਿਆਵਾਂ ਤੇ ਮਾਮਲੇ ਸੁਲਝ ਸਕਦੇ ਹਨ ਕਿਉਂਕਿ ਇਹ ਦੋਵੇਂ ਅੱਤਵਾਦੀ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸਨ, ਜਿਸ ਨਾਲ ਉਨ੍ਹਾਂ ਦਾ ਮੰਤਵ ਪੰਜਾਬ ਨੂੰ ਦਹਿਲਾਉਣਾ ਸੀ ਪਰ ਇਹ ਪੁਲਸ ਦੇ ਹੱਥੇ ਚੜ੍ਹ ਗਏ, ਜਿਸ ਨਾਲ ਇਨ੍ਹਾਂ ਦੇ ਮਨਸੂਬੇ ਧਰੇ-ਧਰਾਏ ਰਹਿ ਗਏ।


Related News