ਕੁੰਬਲੇ ਦੀ ਅਗਵਾਈ ਵਾਲੀ ਆਈ.ਸੀ.ਸੀ. ਕ੍ਰਿਕਟ ਕਮੇਟੀ ''ਚ ਲੀਮੈਨ ਦੀ ਜਗ੍ਹਾ ਹੇਸਨ

05/23/2018 3:15:37 PM

ਦੁਬਈ (ਬਿਊਰੋ)— ਨਿਊਜ਼ੀਲੈਂਡ ਦੇ ਮਾਈਕ ਹੇਸਨ ਨੇ ਅੱਜ ਭਾਰਤ ਦੇ ਸਾਬਕਾ ਕਪਤਾਨ ਅਨਿਲ ਕੁੰਬਲੇ ਦੀ ਅਗਵਾਈ ਵਾਲੀ ਆਈ.ਸੀ.ਸੀ. ਕ੍ਰਿਕਟ ਕਮੇਟੀ 'ਚ ਕੋਚਾਂ ਦੇ ਨੁਮਾਇੰਦੇ ਦੇ ਤੌਰ 'ਤੇ ਆਸਟਰੇਲੀਆ ਦੇ ਡੇਰੇਨ ਲੀਮੈਨ ਦੀ ਜਗ੍ਹਾ ਲਈ।

ਲੀਮੈਨ ਨੇ ਦੱਖਣੀ ਅਫਰੀਕਾ ਵਿੱਚ ਮਾਰਚ ਵਿੱਚ ਗੇਂਦ ਨਾਲ ਛੇੜਖਾਨੀ ਵਿਵਾਦ ਦੇ ਬਾਅਦ ਕੋਚ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ । ਆਈ.ਸੀ.ਸੀ. ਨੇ ਇੱਕ ਬਿਆਨ ਵਿੱਚ ਕਿਹਾ ਕਿ ਆਸਟਰੇਲੀਆ ਦੀ ਸਾਬਕਾ ਮਹਿਲਾ ਕਪਤਾਨ ਅਤੇ ਆਈ.ਸੀ.ਸੀ. ਕ੍ਰਿਕਟ ਹਾਲ ਆਫ ਫੇਮ ਵਿੱਚ ਸ਼ਾਮਲ ਬੇਲਿੰਡਾ ਕਲਾਰਕ ਅਤੇ ਸਕਾਟਲੈਂਡ ਦੇ ਕਪਤਾਨ ਕਾਇਲ ਕੋਜਤਰ ਨੂੰ ਵੀ ਕਮੇਟੀ ਵਿੱਚ ਰੱਖਿਆ ਗਿਆ ਹੈ । ਐਂਡਰਿਊ ਸਟਰਾਸ ਅਤੇ ਮਹੇਲਾ ਜੈਵਰਧਨੇ ਸਾਬਕਾ ਖਿਡਾਰੀਆਂ ਦੇ ਨੁਮਾਇੰਦੇ ਹਨ ।  

ਕਲਾਰਕ ਨੂੰ ਮਹਿਲਾ ਕ੍ਰਿਕਟ ਨੁਮਾਇੰਦੇ ਦੇ ਤੌਰ ਉੱਤੇ ਰੱਖਿਆ ਗਿਆ ਹੈ ਜੋ ਕਲੇਅਰ ਕੋਨੋਰ ਦੀ ਜਗ੍ਹਾ ਲੈਣਗੇ । ਉਥੇ ਹੀ ਕੋਜਤਰ ਨੇ ਐਸੋਸੀਏਟ ਮੈਬਰਾਂ ਦੇ ਪ੍ਰਤਿਨਿੱਧੀ ਦੇ ਤੌਰ 'ਤੇ ਆਇਰਲੈਂਡ ਦੇ ਕੇਵਿਨ ਓਬਰਾਇਨ ਦੀ ਜਗ੍ਹਾ ਲਈ ।  ਇਨ੍ਹਾਂ ਤਿੰਨਾਂ ਨੂੰ ਤਿੰਨ-ਤਿੰਨ ਸਾਲ ਲਈ ਕਮੇਟੀ ਵਿੱਚ ਜਗ੍ਹਾ ਦਿੱਤੀ ਗਈ ਹੈ । ਅਗਲੇ ਹਫਤੇ ਮੁੰਬਈ ਵਿੱਚ ਹੋਣ ਵਾਲੀ ਸਾਲਾਨਾ ਬੈਠਕ ਉਨ੍ਹਾਂ ਦੀ ਪਹਿਲੀ ਬੈਠਕ ਹੋਵੇਗੀ । ਇਸ ਵਿੱਚ ਕ੍ਰਿਕਟ ਭਾਵਨਾ ਅਤੇ ਖਿਡਾਰੀਆਂ ਦੇ ਵਿਵਹਾਰ, ਵਿਸ਼ਵ ਟੈਸਟ ਚੈਂਪੀਅਨਸ਼ਿਪ, ਖੇਡਣ ਦੀ ਸਥਿਤੀ ਜਿਹੇ ਮਸਲਿਆਂ 'ਤੇ ਗੱਲ ਕੀਤੀ ਜਾਵੇਗੀ ।


Related News