ਆਟੋ ''ਚ ਘਰ ਜਾ ਰਹੀ ਲੜਕੀ ਨਾਲ ਨਸ਼ੇ ''ਚ ਟੱਲੀ ਚਾਲਕ ਨੇ ਕੀਤੀ ਜਬਰ-ਜ਼ਨਾਹ ਦੀ ਕੋਸ਼ਿਸ਼
Monday, May 21, 2018 - 05:19 AM (IST)

ਚੰਡੀਗੜ੍ਹ, (ਸੁਸ਼ੀਲ)- ਸੈਕਟਰ 35 'ਚ ਆਟੋ 'ਚ ਘਰ ਜਾ ਰਹੀ 27 ਸਾਲਾ ਲੜਕੀ ਨਾਲ ਨਸ਼ੇ ਵਿਚ ਟੱਲੀ ਆਟੋ ਚਾਲਕ ਨੇ ਸ਼ਨੀਵਾਰ ਰਾਤ ਅਟਾਵਾ 'ਚ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ। ਲੜਕੀ ਨੇ ਆਟੋ ਚਾਲਕ ਦਾ ਵਿਰੋਧ ਕੀਤਾ ਤਾਂ ਉਸ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਸੈਕਟਰ-43 ਵਲੋਂ ਸੈਕਟਰ-17 ਬੱਸ ਸਟੈਂਡ ਨੂੰ ਜਾ ਰਹੇ ਸੀ. ਟੀ. ਯੂ. ਬੱਸ ਚਾਲਕ ਤੇ ਕੰਡਕਟਰ ਨੇ ਲੜਕੀ ਦੀਆਂ ਚੀਕਾਂ ਦੀ ਆਵਾਜ਼ ਸੁਣੀ ਤੇ ਆਟੋ ਕੋਲ ਜਾ ਕੇ ਨਸ਼ੇ 'ਚ ਟੱਲੀ ਆਟੋ ਚਾਲਕ ਨੂੰ ਦਬੋਚ ਕੇ ਲੜਕੀ ਨੂੰ ਬਚਾਅ ਲਿਆ।
ਸੀ. ਟੀ. ਯੂ. ਚਾਲਕ ਮੋਹਿਤ ਠਾਕੁਰ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-36 ਥਾਣਾ ਇੰਚਾਰਜ ਰਣਜੋਤ ਸਿੰਘ ਮੌਕੇ 'ਤੇ ਪੁੱਜੇ ਤੇ ਲੜਕੀ ਦਾ ਮੈਡੀਕਲ ਕਰਵਾਇਆ, ਉਸਦੇ ਬਿਆਨਾਂ 'ਤੇ ਅਟਾਵਾ ਨਿਵਾਸੀ ਆਟੋ ਚਾਲਕ ਮੁਕੇਸ਼ (26) ਖਿਲਾਫ ਜਬਰ-ਜ਼ਨਾਹ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ।
ਦੇਹਰਾਦੂਨ ਨਿਵਾਸੀ 27 ਸਾਲਾ ਲੜਕੀ ਚਾਰ ਦਿਨ ਪਹਿਲਾਂ ਚੰਡੀਗੜ੍ਹ ਵਿਚ ਹੋਣ ਵਾਲੇ ਫ਼ੈਸ਼ਨ ਸ਼ੋਅ ਵਿਚ ਸ਼ਾਮਲ ਹੋਣ ਲਈ ਸੈਕਟਰ-42 ਸਥਿਤ ਰਿਸ਼ਤੇਦਾਰ ਦੇ ਘਰ ਆਈ ਸੀ। ਸ਼ਨੀਵਾਰ ਸ਼ਾਮ ਨੂੰ ਲੜਕੀ ਸੈਕਟਰ-35 ਵਿਚ ਪਾਰਟੀ ਵਿਚ ਸ਼ਾਮਲ ਹੋਣ ਗਈ ਸੀ। ਪਾਰਟੀ ਖਤਮ ਹੋਣ ਤੋਂ ਬਾਅਦ ਸ਼ਨੀਵਾਰ ਰਾਤ 2:45 ਵਜੇ ਲੜਕੀ ਆਪਣੇ ਘਰ ਜਾਣ ਲਈ ਸਾਊਥ ਐਂਡ ਚੌਕ 'ਚ ਆਟੋ ਦਾ ਇੰਤਜ਼ਾਰ ਕਰ ਰਹੀ ਸੀ ਕਿ ਅਟਾਵਾ ਨਿਵਾਸੀ ਮੁਕੇਸ਼ ਨੇ ਲੜਕੀ ਕੋਲ ਆਟੋ ਰੋਕਿਆ। ਲੜਕੀ ਨੇ ਆਟੋ ਚਾਲਕ ਨੂੰ ਸੈਕਟਰ-42 'ਚ ਛੱਡਣ ਲਈ ਕਿਹਾ। ਚਾਲਕ ਨੇ ਲੜਕੀ ਨੂੰ ਇਕੱਲੀ ਵੇਖ ਕੇ ਸੈਕਟਰ-42 ਚੌਕ ਤੋਂ ਆਟੋ ਨੂੰ ਯੂ ਟਰਨ ਕਰਕੇ ਸਲਿੱਪ ਰੋਡ 'ਤੇ ਹਨੇਰੇ 'ਚ ਰੋਕ ਲਿਆ। ਜਦੋਂ ਲੜਕੀ ਨੇ ਆਟੋ ਰੋਕਣ ਬਾਰੇ ਪੁੱਛਿਆ ਤਾਂ ਉਹ ਲੜਕੀ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਲੜਕੀ ਨੇ ਵਿਰੋਧ ਕੀਤਾ ਤੇ ਜ਼ੋਰ-ਜ਼ੋਰ ਨਾਲ ਰੌਲਾ ਪਾਉਣ ਲੱਗੀ।
ਇਸ ਦੌਰਾਨ ਸੀ. ਟੀ. ਯੂ. ਬੱਸ ਚਾਲਕ ਮੋਹਿਤ ਠਾਕੁਰ ਤੇ ਕੰਡਕਟਰ ਰਵਿੰਦਰ ਸਿੰਘ ਨੂੰ ਆਟੋ 'ਚੋਂ ਲੜਕੀ ਦੇ ਚੀਕਣ ਦੀ ਆਵਾਜ਼ ਸੁਣਾਈ ਦਿੱਤੀ। ਮੋਹਿਤ ਠਾਕੁਰ ਨੇ ਬੱਸ ਨੂੰ ਰੋਕਿਆ ਤੇ ਕੰਡਕਟਰ ਦੇ ਨਾਲ ਆਟੋ ਕੋਲ ਗਿਆ ਤਾਂ ਵੇਖਿਆ ਕਿ ਚਾਲਕ ਲੜਕੀ ਨਾਲ ਜ਼ਬਰਦਸਤੀ ਕਰ ਰਿਹਾ ਸੀ। ਮੋਹਿਤ ਤੇ ਰਵਿੰਦਰ ਨੇ ਆਟੋ ਚਾਲਕ ਨੂੰ ਦਬੋਚ ਲਿਆ ਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦੀ ਜਾਂਚ ਕਰਨ ਤੋਂ ਬਾਅਦ ਮੁਕੇਸ਼ ਨੂੰ ਗ੍ਰਿਫਤਾਰ ਕਰਕੇ ਆਟੋ ਨੂੰ ਜ਼ਬਤ ਕਰ ਲਿਆ। ਪੁਲਸ ਨੇ ਲੜਕੀ ਦਾ ਮੈਡੀਕਲ ਕਰਵਾਇਆ, ਜਿਸ 'ਚ ਜਬਰ-ਜ਼ਨਾਹ ਦੀ ਕੋਸ਼ਿਸ਼ ਦੀ ਪੁਸ਼ਟੀ ਹੋਈ। ਪੀੜਤਾ ਨੇ ਦੋਸ਼ ਲਾਇਆ ਕਿ ਨਸ਼ੇ 'ਚ ਟੱਲੀ ਆਟੋ ਚਾਲਕ ਨੇ ਉਸ ਦੀ ਕੁੱਟ-ਮਾਰ ਵੀ ਕੀਤੀ ਸੀ।
ਸੁੰਨਸਾਨ ਹੋਣ ਕਾਰਨ ਸੁਣੀ ਪੀੜਤਾ ਦੀ ਆਵਾਜ਼
ਸੀ. ਟੀ. ਯੂ. ਬੱਸ ਚਾਲਕ ਠਾਕੁਰ ਨੇ ਦੱਸਿਆ ਕਿ ਸ਼ਨੀਵਾਰ ਰਾਤ ਉਸਦੀ ਸੈਕਟਰ-43 ਤੋਂ ਸੈਕਟਰ-17 ਬੱਸ ਸਟੈਂਡ 'ਤੇ ਬੱਸ ਲੈ ਕੇ ਜਾਣ ਦੀ ਨਾਈਟ ਡਿਊਟੀ ਲੱਗੀ ਹੋਈ ਸੀ। ਉਸਦੇ ਨਾਲ ਕੰਡਕਟਰ ਰਵਿੰਦਰ ਸਿੰਘ ਤਾਇਨਾਤ ਸੀ। ਸ਼ਨੀਵਾਰ ਰਾਤ 2:45 ਵਜੇ ਸੈਕਟਰ-43 ਬੱਸ ਅੱਡੇ ਤੋਂ ਦੋ ਸਵਾਰੀਆਂ ਨੂੰ ਲੈ ਕੇ ਉਹ ਨਿਕਲਿਆ ਸੀ। ਜਦੋਂ ਉਹ ਸੈਕਟਰ-42/43 ਨੂੰ ਵੰਡਦੀ ਸੜਕ 'ਤੇ ਪਹੁੰਚਿਆ ਤਾਂ ਉਥੇ ਕਾਫੀ ਸੁੰਨਸਾਨ ਸੀ ਤੇ ਉਸ ਨੇ ਬਚਾਓ-ਬਚਾਓ ਦੀ ਆਵਾਜ਼ ਸੁਣੀ। ਉਸਨੇ ਬੱਸ ਰੋਕੀ ਤੇ ਕੰਡਕਟਰ ਨੂੰ ਲੈ ਕੇ ਆਟੋ ਵੱਲ ਭੱਜਾ। ਉਨ੍ਹਾਂ ਨੇ ਆਟੋ 'ਚ ਵੇਖਿਆ ਤਾਂ ਚਾਲਕ ਲੜਕੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਉਨ੍ਹਾਂ ਨੇ ਫੜ ਕੇ ਪੁਲਸ ਹਵਾਲੇ ਕਰ ਦਿੱਤਾ।
ਆਟੋ ਚਾਲਕ ਪਹਿਲਾਂ ਵੀ ਦੇ ਚੁੱਕੇ ਹਨ ਵਾਰਦਾਤਾਂ ਨੂੰ ਅੰਜਾਮ
17 ਨਵੰਬਰ 2017 : ਦੇਹਰਾਦੂਨ ਦੀ ਰਹਿਣ ਵਾਲੀ 21 ਸਾਲਾ ਲੜਕੀ ਨੇ ਸਾਢੇ 8 ਵਜੇ ਸੈਕਟਰ-36/37 ਲਾਈਟ ਪੁਆਇੰਟ ਤੋਂ ਆਟੋ ਹਾਇਰ ਕੀਤਾ ਸੀ। ਉਹ ਮੋਹਾਲੀ ਜਾ ਰਹੀ ਸੀ। ਆਟੋ 'ਚ ਪਹਿਲਾਂ ਤੋਂ ਦੋ ਲੋਕ ਬੈਠੇ ਹੋਏ ਸਨ। ਚਾਲਕ ਨੇ ਸੈਕਟਰ-42 ਦੇ ਪੈਟਰੋਲ ਪੰਪ ਤੋਂ ਆਟੋ 'ਚ ਤੇਲ ਪਵਾਇਆ ਸੀ। ਜਦੋਂ ਆਟੋ ਸੈਕਟਰ-53 ਦੇ ਜੰਗਲ ਕੋਲ ਪਹੁੰਚਿਆ ਤਾਂ ਆਟੋ ਚਾਲਕ ਤੇ ਉਸਦੇ ਦੋ ਸਾਥੀ ਲੜਕੀ ਨਾਲ ਜਬਰ-ਜ਼ਨਾਹ ਕਰਕੇ ਫਰਾਰ ਹੋ ਗਏ ਸਨ। ਸੈਕਟਰ-36 ਥਾਣਾ ਪੁਲਸ ਨੇ ਮਾਮਲਾ ਦਰਜ ਕੀਤਾ ਸੀ।
ਪੁਲਸ ਨੇ ਪੈਟਰੋਲ ਪੰਪ ਤੋਂ ਆਟੋ ਚਾਲਕ ਦੀ ਫੁਟੇਜ ਕੱਢ ਕੇ ਫੋਟੋ ਜਾਰੀ ਕੀਤੀ ਸੀ। ਸੈਕਟਰ-49 ਥਾਣਾ ਇੰਚਾਰਜ ਰਣਜੋਤ ਸਿੰਘ ਨੇ ਆਟੋ ਚਾਲਕ ਮੁਹੰਮਦ ਇਰਫਾਨ ਨੂੰ ਜ਼ੀਰਕਪੁਰ ਤੋਂ ਦਬੋਚ ਲਿਆ ਸੀ, ਜਦੋਂਕਿ ਪੁਲਸ ਟੀਮ ਫਰਾਰ ਕਿਸਤਮ ਅਲੀ ਉਰਫ ਪੋਪੂ, ਮੁਹੰਮਦ ਗਰੀਬ ਨੂੰ ਯੂ. ਪੀ. ਤੋਂ ਫੜ ਕੇ ਲਿਆਈ ਸੀ।
ਦਸੰਬਰ 2016 : ਕਾਲ ਸੈਂਟਰ 'ਚ ਕੰਮ ਕਰਨ ਵਾਲੀ ਲੜਕੀ ਨੇ ਸੈਕਟਰ-34 ਪਿਕਾਡਲੀ ਲਾਈਟ ਪੁਆਇੰਟ ਤੋਂ ਹੱਲੋਮਾਜਰਾ ਜਾਣ ਲਈ ਰਾਤ ਨੂੰ ਆਟੋ ਹਾਇਰ ਕੀਤਾ ਸੀ। ਆਟੋ ਚਾਲਕ ਸੈਕਟਰ-29 ਦੇ ਜੰਗਲ 'ਚ ਆਟੋ ਲੈ ਗਿਆ। ਆਟੋ ਚਾਲਕ ਤੇ ਉਸਦੇ ਦੋਸਤ ਨੇ ਲੜਕੀ ਨਾਲ ਚਾਕੂ ਦੀ ਨੋਕ 'ਤੇ ਜਬਰ-ਜ਼ਨਾਹ ਕੀਤਾ। ਲੜਕੀ ਦੀ ਸ਼ਿਕਾਇਤ 'ਤੇ ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਨੇ ਜਬਰ-ਜ਼ਨਾਹ ਦਾ ਮਾਮਲਾ ਦਰਜ ਕੀਤਾ ਸੀ। ਬਾਅਦ 'ਚ ਪੁਲਸ ਨੇ ਲੜਕੀ ਦੀ ਸ਼ਨਾਖਤ 'ਤੇ ਵਸੀਮ ਮਲਿਕ ਨੂੰ ਦਬੋਚਿਆ ਸੀ ਪਰ ਬਾਅਦ 'ਚ ਪੁਲਸ ਨੂੰ ਪਤਾ ਲੱਗਾ ਸੀ ਕਿ ਲੜਕੀ ਨਾਲ ਵਸੀਮ ਮਲਿਕ ਨੇ ਨਹੀਂ, ਸਗੋਂ ਇਰਫਾਨ ਤੇ ਉਸਦੇ ਦੋਸਤ ਨੇ ਜਬਰ-ਜ਼ਨਾਹ ਕੀਤਾ ਸੀ।
ਲੜਕੀ ਨੂੰ ਬਚਾਉਣ ਵਾਲੇ ਡਰਾਈਵਰ ਨੂੰ ਕੀਤਾ ਸਨਮਾਨਿਤ
ਡੀ. ਜੀ. ਪੀ. ਤਜਿੰਦਰ ਸਿੰਘ ਲੂਥਰਾ ਨੇ ਲੜਕੀ ਨੂੰ ਬਚਾਉਣ ਵਾਲੇ ਸੀ. ਟੀ. ਯੂ. ਬੱਸ ਡਰਾਈਵਰ ਮੋਹਿਤ ਠਾਕੁਰ ਨੂੰ ਅੱਜ ਸਨਮਾਨਿਤ ਕੀਤਾ ਹੈ। ਠਾਕੁਰ ਨੂੰ ਡੀ. ਜੀ. ਪੀ. ਨੇ ਪੰਜ ਹਜ਼ਾਰ ਰੁਪਏ, ਮੋਮੈਂਟੋ ਤੇ ਸਰਟੀਫਿਕੇਟ ਦਿੱਤਾ। ਉਥੇ ਹੀ ਬੱਸ ਕੰਡਕਟਰ ਰਵਿੰਦਰ ਸਿੰਘ ਕਿਸੇ ਕਾਰਨ ਐਤਵਾਰ ਨੂੰ ਆ ਨਹੀਂ ਸਕਿਆ, ਇਸ ਲਈ ਡੀ. ਜੀ. ਪੀ. ਇਸ ਮਹੀਨੇ ਹੋਣ ਵਾਲੇ ਸਨਮਾਨ ਸਮਾਰੋਹ 'ਚ ਉਸ ਨੂੰ ਸਨਮਾਨਿਤ ਕਰਨਗੇ।
ਮੁਲਜ਼ਮ ਲਿਆਇਆ ਸੀ ਦੋਸਤ ਦਾ ਆਟੋ ਮੰਗ ਕੇ
ਲੜਕੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਫੜਿਆ ਗਿਆ ਮੁਕੇਸ਼ ਸ਼ਨੀਵਾਰ ਰਾਤ ਅਟਾਵਾ ਤੋਂ ਕਿਸੇ ਦੋਸਤ ਦਾ ਆਟੋ ਮੰਗ ਕੇ ਲਿਆਇਆ ਸੀ। ਉਹ ਖੁਦ ਅਟਾਵਾ 'ਚ ਕੈਟਰਿੰਗ ਦਾ ਕੰਮ ਕਰਦਾ ਹੈ। ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਉਹ ਨਸ਼ੇ ਦਾ ਆਦੀ ਹੈ। ਪੁਲਸ ਨੇ ਦੱਸਿਆ ਕਿ ਅਟਾਵਾ 'ਚ ਸ਼ਰਾਬ ਪੀਣ ਤੋਂ ਬਾਅਦ ਮੁਕੇਸ਼ ਜਬਰ-ਜ਼ਨਾਹ ਦੀ ਵਾਰਦਾਤ ਕਰਨ ਲਈ ਦੋਸਤ ਦਾ ਆਟੋ ਲੈ ਕੇ ਨਿਕਲਿਆ ਸੀ।