ਉਪਭੋਗਤਾਵਾਂ ਨੂੰ ਸ਼ੋਸ਼ਣ ਤੋਂ ਬਚਾਉਣ ਲਈ ਕੀਤਾ ਜਾ ਰਿਹਾ ਹੈ ਜਾਗਰੂਕ: ਸੂਬਾ ਪ੍ਰਧਾਨ ਬਿੱਲਾ
Saturday, May 19, 2018 - 03:32 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਆਲ ਇੰਡੀਆ ਕੰਜ਼ਿਊਮਰ ਪ੍ਰੋਟੈਕਸ਼ਨ ਸੰਗਠਨ ਦੀ ਇਕ ਬੈਠਕ ਟਾਂਡਾ ਵਿਖੇ ਹੋਈ। ਸੂਬਾ ਪ੍ਰਧਾਨ ਬਲਬੀਰ ਸਿੰਘ ਬਿੱਲਾ ਦੀ ਅਗਵਾਈ 'ਚ ਹੋਈ ਇਸ ਬੈਠਕ 'ਚ ਦਵਿੰਦਰ ਚੌਲਾਂਗ ਨੂੰ ਸੰਗਠਨ ਦਾ ਜ਼ਿਲਾ ਪ੍ਰਧਾਨ ਬਣਾਇਆ ਗਿਆ। ਇਸ ਦੇ ਨਾਲ ਹੀ ਦਵਿੰਦਰ ਨੂੰ ਜ਼ਿਲਾ ਹੁਸ਼ਿਆਰਪੁਰ ਦੇ ਸੰਗਠਨ ਦੀ ਮਜ਼ਬੂਤੀ ਲਈ ਪਿੰਡ ਪੱਧਰੀ ਕਮੇਟੀਆਂ ਬਣਾਉਣ ਦੇ ਅਧਿਕਾਰ ਵੀ ਦਿੱਤੇ ਗਏ। ਇਸ ਮੌਕੇ ਸੂਬਾ ਪ੍ਰਧਾਨ ਬਿੱਲਾ ਨੇ ਕਿਹਾ ਉਨ੍ਹਾਂ ਦੀ ਸੰਸਥਾ ਉਪਭੋਗਤਾਵਾਂ ਦੇ ਹਿੱਤਾਂ ਦੀ ਰਾਖੀ ਦੇ ਨਾਲ-ਨਾਲ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਵੀ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ।
ਉਪਭੋਗਤਾਵਾਂ ਨੂੰ ਸ਼ੋਸ਼ਣ ਤੋਂ ਬਚਾਉਣ ਅਤੇ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਵੱਖ-ਵੱਖ ਥਾਵਾਂ 'ਤੇ ਸੈਮੀਨਾਰ ਕੀਤੇ ਜਾਂਦੇ ਹਨ ਅਤੇ ਲੋੜਵੰਦ ਉਪਭੋਗਤਾਵਾਂ ਦੀ ਕਾਨੂੰਨੀ ਮਦਦ ਵੀ ਕੀਤੀ ਜਾਂਦੀ ਹੈ। ਇਸ ਮੌਕੇ ਅਨਿਲ ਕੁਮਾਰ ਪ੍ਰਧਾਨ ਜਲੰਧਰ, ਸੰਜੀਵ ਕੁਮਾਰ ਸੈਕਟਰੀ ਪੰਜਾਬ, ਸੁਰਿੰਦਰਪਾਲ, ਸਟੀਫਨ ਸਹੋਤਾ, ਵਿਜੈ ਕੁਮਾਰ, ਜਤਿੰਦਰ ਜੱਸਾ, ਦਵਿੰਦਰ ਸ਼ੇਰਾ, ਕਰਨ ਕੱਸ਼ਿਅਪ, ਸ਼ਰਣਦੀਪ ਸਿੰਘ, ਜਗਜੀਤ ਸਿੰਘ, ਵਿਸ਼ਾਲ, ਰਵੀ ਪੰਡਿਤ, ਵਰਿੰਦਰਜੀਤ ਸਿੰਘ, ਕਾਲੂ ਆਦਿ ਵੀ ਮੌਜੂਦ ਸਨ।